ਹੋਂਦ ਚਿੱਲੜ ਕਾਂਡ ਦੇ ਪੀੜਤ ਪਰਿਵਾਰਾਂ ਨੇ ਮੰਗ ਪੱਤਰ ਦਿੱਤਾ

ਹੋਂਦ ਚਿੱਲੜ ਕਾਂਡ ਦੇ ਪੀੜਤ ਪਰਿਵਾਰਾਂ ਨੇ ਮੰਗ ਪੱਤਰ ਦਿੱਤਾ

ਗੂਹਲਾ ਚੀਕਾ: ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਸੰਚਾਲਕ ਭਾਈ ਦਰਸ਼ਨ ਸਿੰਘ ਘੋਲੀਆ ਦੀ ਅਗਵਾਈ ਹੇਠ ਪੀੜਤ ਪਰਿਵਾਰਾਂ ਦਾ ਵਫ਼ਦ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਮਿਲਿਆ। ਜਥੇਦਾਰ ਦਾਦੂਵਾਲ ਨੇ ਵਫ਼ਦ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀਆਂ ਮੰਗਾਂ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸਮੇਂ ਹਰਿਆਣਾ ਸਰਕਾਰ ਵੱਲੋਂ ਟੀ ਪੀ ਗਰਗ ਕਮਿਸ਼ਨ ਦੀ ਰਿਪੋਰਟ ਅਨੁਸਾਰ ਪੀੜਤ ਪਰਿਵਾਰਾਂ ਨੂੰ 22 ਕਰੋੜ 60 ਲੱਖ ਰੁਪਏ ਦਾ ਮੁਆਵਜ਼ਾ ਵੀ ਦਿੱਤਾ ਗਿਆ ਸੀ। ਪੀੜਤ ਪਰਿਵਾਰਾਂ ਨੇ ਜਥੇਦਾਰ ਦਾਦੂਵਾਲ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਯੋਗਤਾ ਦੇ ਆਧਾਰ ’ਤੇ ਪੱਕੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ। ਇਸ ਦੌਰਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਕਿਹਾ ਕਿ ਪਹਿਲਾਂ ਵੀ ਜਥੇਦਾਰ ਦਾਦੂਵਾਲ ਨੇ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਹੈ ਅਤੇ ਹੁਣ ਵੀ ਉਹ ਹਰਿਆਣਾ ਵਿੱਚ ਉਨ੍ਹਾਂ ਦੀ ਇਕੌਲਤੀ ਆਸ ਹਨ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਦਿਵਾਇਆ ਜਾਵੇਗਾ।

ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਦਿਨ ਰਾਤ ਇੱਕ ਕਰਕੇ ਭਾਈ ਦਰਸ਼ਨ ਸਿੰਘ ਘੋਲੀਆ ਵਲੋਂ ਲੜੀ ਜਾ ਰਹੀ ਕਨੂੰਨੀ ਲੜਾਈ ਦੇ ਸਤਿਕਾਰ ਵਜੋਂ ਜਥੇਦਾਰ ਦਾਦੂਵਾਲ ਨੇ ਉਸ ਦਾ ਸਿਰਪਾਓ ਭੇਟ ਕਰ ਕੇ ਸਨਮਾਨ ਕੀਤਾ।

Share: