ਰਾਜੌਰੀ/ਜੰਮੂ: ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਭਾਜਪਾ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਪਾਰਟੀ ਸਿਆਸੀ ਵਿਰੋਧੀਆਂ ਅਤੇ ਸਵਾਲ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਇਸ ਨੂੰ ਭਾਜਪਾ ਦੀ ਸਿੱਧਾ ਮੁਕਾਬਲਾ ਕਰਨ ਵਿੱਚ ਅਸਮਰੱਥਾ ਕਰਾਰ ਦਿੱਤਾ।
ਰਾਜੌਰੀ ਜ਼ਿਲ੍ਹੇ ਦੇ ਸਰਹੱਦੀ ਖੇਤਰ ਨੌਸ਼ਹਿਰਾ ਵਿੱਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਅਬਦੁੱਲਾ ਨੇ ਕਿਹਾ, ‘‘ਕੀ ਤੁਹਾਡਾ (ਭਾਜਪਾ ਦਾ) ਸਿਸਟਮ ਐਨਾ ਕਮਜ਼ੋਰ ਹੈ ਕਿ ਤੁਸੀਂ ਸਾਡੇ ਨਾਲ ਸਿੱਧਾ ਮੁਕਾਬਲਾ ਨਹੀਂ ਕਰ ਸਕਦੇ ਅਤੇ ਇਸ ਦੀ ਬਜਾਏ ਪਰਿਵਾਰਕ ਮੈਂਬਰਾਂ ਦੇ ਪਿੱਛੇ ਪੈ ਜਾਂਦੇ ਹੋ?’’ ਉਨ੍ਹਾਂ ਕਿਹਾ ਕਿ ਭਾਜਪਾ ਵਿਰੋਧੀ ਨੇਤਾਵਾਂ ਨੂੰ ਪ੍ਰੇਸ਼ਾਨ ਕਰਨ ਲਈ ਅਜਿਹੇ ਤਰੀਕੇ ਅਪਣਾਉਂਦੀ ਹੈ। ਉਹ ਵਾਰ-ਵਾਰ ਦੋਸ਼ ਲਗਾਉਂਦੇ ਹਨ, ਪਰ ਇਨ੍ਹਾਂ ਵਿੱਚੋਂ ਕੋਈ ਵੀ ਦੋਸ਼ ਸਹੀ ਸਾਬਿਤ ਨਹੀਂ ਹੁੰਦਾ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਜਦੋਂ ਛਾਪਿਆਂ ਦੌਰਾਨ ਕੁਝ ਨਹੀਂ ਮਿਲਦਾ, ਤਾਂ ਏਜੰਸੀਆਂ ਪਰਿਵਾਰਕ ਮੈਂਬਰਾਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਨਿਸ਼ਾਨਾ ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਨੂੰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ, ‘‘ਸੁਰਿੰਦਰ ਸਾਹਿਬ ਜਦੋਂ ਵੀ ਅਸੈਂਬਲੀ ਵਿੱਚ ਬੋਲਦੇ ਹਨ, ਉਹ ਜੰਮੂ ਕਸ਼ਮੀਰ ਦੇ ਹੱਕਾਂ, ਰਾਜ ਦਾ ਦਰਜਾ, ਭਾਈਚਾਰੇ ਅਤੇ ਸਾਂਝੇ ਇਤਿਹਾਸ ਦੀ ਗੱਲ ਕਰਦੇ ਹਨ, ਜੋ ਭਾਜਪਾ ਨੂੰ ਰਾਸ ਨਹੀਂ ਆਉਂਦਾ।’’ ਅਬਦੁੱਲਾ ਨੇ ਦੋਸ਼ ਲਾਇਆ ਕਿ ਚੌਧਰੀ ਦੇ ਭਰਾ ਨੂੰ ਤਰੱਕੀਆਂ ਤੋਂ ਵਾਂਝਾ ਰੱਖਿਆ ਗਿਆ ਅਤੇ ਬਿਨਾਂ ਕਿਸੇ ਕਾਰਨ ਦੇ ਤਬਾਦਲੇ ਕੀਤੇ ਗਏ। ਇਸ ਰੈਲੀ ਦੌਰਾਨ ਉਪ ਮੁੱਖ ਮੰਤਰੀ ਸੁਰਿੰਦਰ ਕੁਮਾਰ ਚੌਧਰੀ ਨੇ ਆਪਣੇ ਹਲਕਾ ਨੌਸ਼ਹਿਰਾ ਵਿੱਚ ਮੁੱਖ ਮੰਤਰੀ ਦਾ ਨਿੱਘਾ ਸਵਾਗਤ ਕੀਤਾ।

