ਵੈਨਕੂਵਰ: ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀਡੀਓ ਸੁਨੇਹੇ ’ਚ ਕਿਹਾ ਹੈ ਕਿ ਅਮਰੀਕਾ ਨਾਲ ਕੈਨੇਡਾ ਦੇ ਮਜ਼ਬੂਤ ਆਰਥਿਕ ਸਬੰਧ ਜੋ ਪਹਿਲਾਂ ਤਾਕਤ ਮੰਨੇ ਜਾਂਦੇ ਸਨ, ਹੁਣ ਕਮਜ਼ੋਰੀ ਬਣ ਗਏ ਹਨ ਅਤੇ ਇਨ੍ਹਾਂ ’ਚ ਸੁਧਾਰ ਦੀ ਲੋੜ ਹੈ। ਪ੍ਰਧਾਨ ਮੰਤਰੀ ਕਾਰਨੀ ਨੇ 10 ਮਿੰਟ ਦੇ ਇਸ ਸੰਬੋਧਨ ’ਚ ਕਿਹਾ ਕਿ ਸਰਕਾਰ ਕੈਨੇਡਾ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ, ਨਵੇਂ ਨਿਵੇਸ਼ ਖਿੱਚਣ ਅਤੇ ਹੋਰਨਾਂ ਮੁਲਕਾਂ ਨਾਲ ਵਪਾਰ ਸਮਝੌਤੇ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਦੁਨੀਆ ਵਧੇਰੇ ਅਸੁਰੱਖਿਅਤ ਅਤੇ ਵੰਡੀ ਗਈ ਹੈ। ਅਮਰੀਕਾ ਨੇ ਵਪਾਰ ਪ੍ਰਤੀ ਆਪਣਾ ਰੁਖ਼ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਅਤੇ ਟੈਕਸ ਵਧਾ ਦਿੱਤੇ ਹਨ ਜੋ ਮਹਾਂ ਮੰਦੀ ਦੇ ਸਮੇਂ ਤੋਂ ਬਾਅਦ ਸਭ ਤੋਂ ਉੱਚੇ ਪੱਧਰ ’ਤੇ ਹਨ। ਅਮਰੀਕਾ ਨਾਲ ਡੂੰਘੇ ਸਬੰਧਾਂ ’ਤੇ ਆਧਾਰਿਤ ਸਾਡੀ ਪੁਰਾਣੀ ਤਾਕਤ ਹੁਣ ਕਮਜ਼ੋਰੀਆਂ ’ਚ ਬਦਲ ਗਈ ਹੈ ਜੋ ਸਾਨੂੰ ਸੁਧਾਰਨੀ ਪਵੇਗੀ।’’ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਕਸਾਂ ਦਾ ਅਸਰ ਵਾਹਨ ਤੇ ਇਸਪਾਤ ਉਦਯੋਗ ਦੇ ਕਿਰਤੀਆਂ ’ਤੇ ਪਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੇਯਕੀਨੀ ਦੇ ਮਾਹੌਲ ਕਾਰਨ ਕੰਪਨੀਆਂ ਨਿਵੇਸ਼ ਕਰਨ ਤੋਂ ਝਿਜਕ ਰਹੀਆਂ ਹਨ। ਕਈ ਕੈਨੇਡਿਆਈ ਨਾਗਰਿਕ ਟਰੰਪ ਦੀ ਉਸ ਟਿੱਪਣੀ ਤੋਂ ਖ਼ਫ਼ਾ ਹਨ ਜਿਸ ’ਚ ਉਨ੍ਹਾਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦਾ ਸੁਝਾਅ ਦਿੱਤਾ ਸੀ। ਉਹ ਸਰਕਾਰ ਦੀਆਂ ਕੋਸ਼ਿਸ਼ਾਂ ਬਾਰੇ ਨਿਯਮਿਤ ਜਾਣਕਾਰੀ ਦਿੰਦੇ ਰਹਿਣਗੇ ਤਾਂ ਜੋ ਕੈਨੇਡਾ, ਅਮਰੀਕੀ ਨਿਰਭਰਤਾ ਤੋਂ ਬਾਹਰ ਨਿਕਲ ਸਕੇ।
Posted inCanada
America ਨਾਲ ਮਜ਼ਬੂਤ ਆਰਥਿਕ ਸਬੰਧ ਹੁਣ ਕਮਜ਼ੋਰੀ ਬਣੇ: Mark Carney

