ਨਕਸਲੀ ਆਗੂ ਹਿਡਮਾ ਦੀ ਬੱਲੇ-ਬੱਲੇ ਕਰਨ ਵਾਲੇ ਗੀਤ ‘ਤੇ ਨੱਚਣਾ ਪਿਆ ਮਹਿੰਗਾ; ਐਫਆਈਆਰ ਦਰਜ

ਨਕਸਲੀ ਆਗੂ ਹਿਡਮਾ ਦੀ ਬੱਲੇ-ਬੱਲੇ ਕਰਨ ਵਾਲੇ ਗੀਤ ‘ਤੇ ਨੱਚਣਾ ਪਿਆ ਮਹਿੰਗਾ; ਐਫਆਈਆਰ ਦਰਜ

ਪੁਣੇ: ਇੱਕ ਸਰਕਾਰੀ ਹੋਸਟਲ ਵਿੱਚ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਕਥਿਤ ਤੌਰ ‘ਤੇ ਮਾਰੇ ਗਏ ਚੋਟੀ ਦੇ ਨਕਸਲੀ ਕਮਾਂਡਰ ਮਾਡਵੀ ਹਿਡਮਾ ਦੀ ਸ਼ਲਾਘਾ ਕਰਨ ਵਾਲੇ ਗੀਤ ‘ਤੇ ਨੱਚਣ ਕਾਰਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਦੋ ਵਿਦਿਆਰਥੀ ਕਾਨੂੰਨੀ ਮੁਸੀਬਤ ਵਿੱਚ ਫਸ ਗਏ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੇ ਪੰਜ ਦਿਨਾਂ ਬਾਅਦ ਉਨ੍ਹਾਂ ਵਿਰੁੱਧ ਦੁਸ਼ਮਣੀ ਵਧਾਉਣ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਹਿਡਮਾ (51) ਨੇ ਪਿਛਲੇ ਦੋ ਦਹਾਕਿਆਂ ਦੌਰਾਨ ਸੁਰੱਖਿਆ ਬਲਾਂ ’ਤੇ ਕਈ ਵੱਡੇ ਨਕਸਲੀ ਹਮਲਿਆਂ ਦੀ ਸਾਜ਼ਿਸ਼ ਰਚੀ ਸੀ ਅਤੇ ਉਸ ‘ਤੇ 1 ਕਰੋੜ ਰੁਪਏ ਦਾ ਇਨਾਮ ਸੀ, ਨੂੰ ਨਵੰਬਰ 2025 ਵਿੱਚ ਆਂਧਰਾ ਪ੍ਰਦੇਸ਼ ਵਿੱਚ ਸੁਰੱਖਿਆ ਬਲਾਂ ਨਾਲ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਪੁਲੀਸ ਨੇ ਵੀਰਵਾਰ ਨੂੰ ਦੱਸਿਆ ਕਿ 11 ਅਪਰੈਲ ਨੂੰ ਪੂਣੇ ਸ਼ਹਿਰ ਦੇ ਵਿਸ਼ਰਾਂਤਵਾੜੀ ਸਥਿਤ ਮਹਾਰਾਸ਼ਟਰ ਸਰਕਾਰ ਦੁਆਰਾ ਚਲਾਏ ਜਾਂਦੇ ਡਾ. ਬਾਬਾ ਸਾਹਿਬ ਅੰਬੇਡਕਰ ਸਰਕਾਰੀ ਲੜਕਿਆਂ ਦੇ ਹੋਸਟਲ ਦੇ ਵਿਦਿਆਰਥੀਆਂ ਵੱਲੋਂ ਇੱਕ ਸੱਭਿਆਚਾਰਕ ਪ੍ਰੋਗਰਾਮ ਉਲੀਕਿਆ ਗਿਆ ਸੀ। ਸੋਸ਼ਲ ਮੀਡੀਆ ‘ਤੇ ਵਿਦਿਆਰਥੀਆਂ ਦੇ ਇਸ ਕਥਿਤ ਨਕਸਲੀ ਆਗੂ ਦੀ ਤਾਰੀਫ਼ ਵਾਲੇ ਗੀਤ ‘ਤੇ ਨੱਚਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਸੀ, ਜਿਸ ਤੋਂ ਬਾਅਦ ਕੁਝ ਸੱਜੇ-ਪੱਖੀ ਕਾਰਕੁਨਾਂ ਦੇ ਇਤਰਾਜ਼ ‘ਤੇ ਪੁਲੀਸ ਨੇ ਜਾਂਚ ਸ਼ੁਰੂ ਕੀਤੀ। ਵੀਡੀਓ ਦੀ ਪੁਸ਼ਟੀ ਅਤੇ ਜਾਂਚ ਤੋਂ ਬਾਅਦ ਪੁਲੀਸ ਨੇ 22 ਅਤੇ 23 ਸਾਲ ਦੀ ਉਮਰ ਦੇ ਦੋ ਵਿਦਿਆਰਥੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜੋ ਪੂਰਬੀ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਪੁਣੇ ਦੇ ਇੱਕ ਨਾਮੀ ਕਾਲਜ ਤੋਂ ਬੀਬੀਏ (ਸੀਏ) ਕਰ ਰਹੇ ਹਨ। ਪੁਲੀਸ ਅਨੁਸਾਰ ਉਨ੍ਹਾਂ ਨੇ ‘ਓ ਰੇ ਬੰਦੂਕ ਵਾਲੇ’ ਨਾਮਕ ਗੀਤ ‘ਤੇ ਪੇਸ਼ਕਾਰੀ ਦਿੱਤੀ ਸੀ, ਜੋ ਕਥਿਤ ਤੌਰ ‘ਤੇ ਹਿਡਮਾ ਦੀ ਤਾਰੀਫ਼ ਕਰਦਾ ਹੈ। ਹਾਲਾਂਕਿ ਹੋਸਟਲ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੇ ਇਹ ਗੀਤ ਗ਼ਲਤੀ ਨਾਲ ਚੁਣਿਆ ਸੀ ਕਿਉਂਕਿ ਉਨ੍ਹਾਂ ਨੂੰ ਇਸ ਦੀ ਤਾਲ ਪਸੰਦ ਆਈ ਸੀ, ਪਰ ਪੁਲੀਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ।

ਵਿਸ਼ਰਾਂਤਵਾੜੀ ਪੁਲੀਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਪਾਬੰਦੀਸ਼ੁਦਾ ਸੀਪੀਆਈ (ਮਾਓਵਾਦੀ) ਅਤੇ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ ਦੇ ਸੀਨੀਅਰ ਕਮਾਂਡਰ ਹਿਡਮਾ ‘ਤੇ ਆਧਾਰਿਤ ਗੀਤ ਦੀ ਚੋਣ ਕਰਕੇ ਵਿਦਿਆਰਥੀਆਂ ਨੇ ਕਥਿਤ ਤੌਰ ‘ਤੇ ਭਾਰਤ ਦੀ ਰਾਸ਼ਟਰੀ ਅਖੰਡਤਾ ਅਤੇ ਪ੍ਰਭੂਸੱਤਾ ਲਈ ਖ਼ਤਰਾ ਪੈਦਾ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਦੋਵਾਂ ਵਿਰੁੱਧ ਭਾਰਤੀ ਨਿਆ ਸੰਹਿਤਾ ਦੀਆਂ ਧਾਰਾਵਾਂ 197(1), 353 ਅਤੇ 3(5) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Share: