China ਨੇ Strait of Hormuz ਖੋਲ੍ਹਣ ਦਾ ਸੱਦਾ ਦਿੱਤਾ

China ਨੇ Strait of Hormuz ਖੋਲ੍ਹਣ ਦਾ ਸੱਦਾ ਦਿੱਤਾ

ਪੇਈਚਿੰਗ/ਲੰਡਨ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਹਰਮੁਜ਼ ਜਲ ਮਾਰਗ ਜਹਾਜ਼ਾਂ ਦੀ ਆਮ ਆਵਾਜਾਈ ਲਈ ਖੋਲ੍ਹਣ ਦੀ ਅਪੀਲ ਕੀਤੀ ਹੈ। ਪੇਈਚਿੰਗ ਨੇ ਇਸ ਨੂੰ ਕੌਮਾਂਤਰੀ ਜਲ ਮਾਰਗ ਦੱਸਿਆ ਹੈ, ਜਦਕਿ ਇਰਾਨ ਇਸ ’ਤੇ ਆਪਣਾ ਹੱਕ ਜਤਾ ਰਿਹਾ ਹੈ।

ਸਾਊਦੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨਾਲ ਫ਼ੋਨ ’ਤੇ ਹੋਈ ਗੱਲਬਾਤ ਦੌਰਾਨ ਸ਼ੀ ਨੇ ਕਿਹਾ ਕਿ ਇਸ ਜਲ ਮਾਰਗ ਦਾ ਖੁੱਲ੍ਹਾ ਰਹਿਣਾ ਖੇਤਰੀ ਦੇਸ਼ਾਂ ਅਤੇ ਕੌਮਾਂਤਰੀ ਭਾਈਚਾਰੇ ਦੇ ਸਾਂਝੇ ਹਿੱਤ ਵਿੱਚ ਹੈ। ਇਰਾਨ ਤੇ ਅਮਰੀਕਾ ਦੇ ਮੌਜੂਦਾ ਟਕਰਾਅ ਦਰਮਿਆਨ ਚੀਨ ਦੇ ਆਗੂ ਦਾ ਇਸ ਮੁੱਦੇ ’ਤੇ ਇਹ ਪਹਿਲਾ ਬਿਆਨ ਹੈ। ਸ਼ੀ ਨੇ ਤੁਰੰਤ ਜੰਗਬੰਦੀ ਦੀ ਵਕਾਲਤ ਕਰਦਿਆਂ ਵਿਵਾਦਾਂ ਨੂੰ ਸਿਆਸੀ ਅਤੇ ਕੂਟਨੀਤਕ ਢੰਗ ਨਾਲ ਹੱਲ ਕਰਨ ’ਤੇ ਜ਼ੋਰ ਦਿੱਤਾ। ਇਸੇ ਦੌਰਾਨ ਚੀਨੀ ਵਿਦੇਸ਼ ਮੰਤਰਾਲੇ ਨੇ ਅਮਰੀਕੀ ਜਲ ਸੈਨਾ ਵੱਲੋਂ ਚੀਨ ਤੋਂ ਇਰਾਨ ਜਾ ਰਹੇ ਮਾਲਵਾਹਕ ਜਹਾਜ਼ ’ਤੇ ਗੋਲੀਬਾਰੀ ਕਰਨ ਅਤੇ ਉਸ ਨੂੰ ਜ਼ਬਤ ਕਰਨ ਦੀ ਘਟਨਾ ’ਤੇ ਚਿੰਤਾ ਪ੍ਰਗਟਾਈ ਹੈ। ਬਰਤਾਨੀਆ ਨੇ ਹਰਮੁਜ਼ ਜਲ ਮਾਰਗ ਵਿੱਚ ਜਹਾਜ਼ਾਂ ਦੀ ਆਜ਼ਾਦ ਆਵਾਜਾਈ ਅਤੇ ਟੋਲ ਮੁਕਤ ਰਾਹ ਲਈ ਸਥਾਈ ਸਮਝੌਤੇ ਦੀ ਅਪੀਲ ਕੀਤੀ ਹੈ। ਬਰਤਾਨਵੀ ਵਿਦੇਸ਼ ਮੰਤਰੀ ਇਵੇਟ ਕੂਪਰ ਛੇ ਦਿਨਾਂ ਦੀ ਕੂਟਨੀਤਕ ਯਾਤਰਾ ਦੇ ਅੰਤਿਮ ਪੜਾਅ ’ਤੇ ਜਾਪਾਨ ਪਹੁੰਚੇ ਹਨ ਜਿੱਥੇ ਉਨ੍ਹਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਸਮੇਤ 11 ਦੇਸ਼ਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਹਰਮੁਜ਼ ਵਿੱਚ ਗਲਤ ਮਿਸਾਲ ਕਾਇਮ ਹੋਈ ਤਾਂ ਇਹ ਨਾ ਸਿਰਫ਼ ਵਿਸ਼ਵ ਆਰਥਿਕਤਾ ਸਗੋਂ ਵਿਸ਼ਵ ਸੁਰੱਖਿਆ ਲਈ ਵੀ ਬਹੁਤ ਨੁਕਸਾਨਦੇਹ ਹੋਵੇਗਾ।

ਹਰਮੁਜ਼ ਜਲ ਮਾਰਗ ’ਚ ਟਕਰਾਅ ਕਾਰਨ ਤੇਲ ਕੀਮਤਾਂ ਮੁੜ ਵਧੀਆਂ

ਨਿਊਯਾਰਕ: ਤੇਲ ਦੀਆਂ ਕੀਮਤਾਂ ਵਿੱਚ ਐਤਵਾਰ ਸਵੇਰ ਦੇ ਕਾਰੋਬਾਰ ਦੌਰਾਨ ਵਾਧਾ ਦਰਜ ਕੀਤਾ ਗਿਆ। ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੇ ਟਕਰਾਅ ਕਾਰਨ ਤੇਲ ਟੈਂਕਰਾਂ ਨੂੰ ਹਰਮੁਜ਼ ਜਲ ਮਾਰਗ ਦੀ ਵਰਤੋਂ ਕਰਨ ਤੋਂ ਰੋਕ ਦਿੱਤਾ ਗਿਆ ਹੈ। ਇਹ ਜਲ ਮਾਰਗ ਵਿਸ਼ਵ ਊਰਜਾ ਸਪਲਾਈ ਲਈ ਬੇਹੱਦ ਅਹਿਮ ਮੰਨਿਆ ਜਾਂਦਾ ਹੈ। ਸ਼ਿਕਾਗੋ ਮਰਕੈਂਟਾਈਲ ਐਕਸਚੇਂਜ ’ਤੇ ਵਪਾਰ ਮੁੜ ਸ਼ੁਰੂ ਹੋਣ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। 6.4 ਫੀਸਦ ਦੇ ਵਾਧੇ ਨਾਲ ਅਮਰੀਕੀ ਕੱਚੇ ਤੇਲ ਦੀਆਂ ਕੀਮਤਾਂ 87.88 ਡਾਲਰ ਪ੍ਰਤੀ ਬੈਰਲ ਹੋ ਗਈਆਂ ਹਨ। ਇਸ ਤੋਂ ਇਲਾਵਾ ਬਰੈਂਟ ਕੱਚੇ ਤੇਲ ਦੀਆਂ ਕੀਮਤਾਂ 6.5 ਫੀਸਦ ਦੇ ਵਾਧੇ ਨਾਲ 96.25 ਡਾਲਰ ਪ੍ਰਤੀ ਬੈਰਲ ਹੋ ਗਈਆਂ ਹਨ। ਬਾਜ਼ਾਰ ਦੀ ਇਹ ਪ੍ਰਤੀਕਿਰਿਆ ਪਿਛਲੇ ਦੋ ਦਿਨਾਂ ਤੋਂ ਬਣੀ ਅਨਿਸ਼ਚਿਤਤਾ ਤੋਂ ਬਾਅਦ ਆਈ ਹੈ। ਇਰਾਨ ਜਿਸ ਦਾ ਇਸ ਜਲ ਮਾਰਗ ’ਤੇ ਪ੍ਰਭਾਵਸ਼ਾਲੀ ਕੰਟਰੋਲ ਹੈ, ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਵਪਾਰਕ ਆਵਾਜਾਈ ਲਈ ਰਸਤਾ ਪੂਰੀ ਤਰ੍ਹਾਂ ਖੋਲ੍ਹ ਦੇਵੇਗਾ। ਇਸ ਖ਼ਬਰ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿੱਚ 9 ਫੀਸਦ ਤੋਂ ਵੱਧ ਦਾ ਨਿਘਾਰ ਆਇਆ ਸੀ; ਹਾਲਾਂਕਿ ਇਰਾਨ ਨੇ ਸ਼ਨਿਚਰਵਾਰ ਨੂੰ ਆਪਣਾ ਫੈਸਲਾ ਬਦਲ ਦਿੱਤਾ।

Share: