ਅਸੀਂ ਹੁਣ ਵਿਸ਼ਵਗੁਰੂ ਨਹੀਂ ਹਾਂ: ਜੋਸ਼ੀ

ਅਸੀਂ ਹੁਣ ਵਿਸ਼ਵਗੁਰੂ ਨਹੀਂ ਹਾਂ: ਜੋਸ਼ੀ

ਨਵੀਂ ਦਿੱਲੀ: ਸੰਸਕ੍ਰਿਤ ਦੇ ਵੱਧ ਪ੍ਰਚਾਰ ਅਤੇ ਕੁਆਂਟਮ ਕੰਪਿਊਟਿੰਗ ਵਿੱਚ ਵੀ ਇਸ ਦੀ ਵਰਤੋਂ ਦੀ ਵਕਾਲਤ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਮੁਰਲੀ ਮਨੋਹਰ ਜੋਸ਼ੀ ਨੇ ਅੱਜ ਕਿਹਾ ਕਿ ਭਾਰਤ ਹੁਣ ਵਿਸ਼ਵਗੁਰੂ ਨਹੀਂ ਰਿਹਾ ਅਤੇ ਇਸ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਇੱਥੇ ਇੱਕ ਸਮਾਗਮ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜੋਸ਼ੀ ਨੇ ਸੰਸਕ੍ਰਿਤ ਨੂੰ ਭਾਰਤ ਦੀ ਅਧਿਕਾਰਤ ਭਾਸ਼ਾ ਬਣਾਉਣ ਦੀ ਵੀ ਪੁਰਜ਼ੋਰ ਮੰਗ ਕੀਤੀ।

ਸ੍ਰੀ ਜੋਸ਼ੀ ਨੇ ਕਿਹਾ ਕਿ ਅਤੀਤ ਵਿੱਚ ਡਾ. ਬੀ ਆਰ ਅੰਬੇਡਕਰ ਸਣੇ ਕਈ ਲੋਕਾਂ ਨੇ ਇਸ ਲਈ ਯਤਨ ਕੀਤੇ ਸਨ, ਪਰ ਤਜਵੀਜ਼ਾਂ ਨੂੰ ਮਨਜ਼ੂਰੀ ਨਹੀਂ ਮਿਲੀ ਸੀ। ਉਹ ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਨਾਲ ਜੁੜੀ ਸੰਸਥਾ ‘ਸੰਸਕ੍ਰਿਤ ਭਾਰਤੀ’ ਦੇ ਕੇਂਦਰੀ ਦਫ਼ਤਰ ਦੇ ਉਦਘਾਟਨ ਮੌਕੇ ਬੋਲ ਰਹੇ ਸਨ। ਜਦੋਂ ਉਨ੍ਹਾਂ ਨੂੰ ਭਾਰਤ ਦੇ ਵਿਸ਼ਵਗੁਰੂ ਬਣਨ ਅਤੇ ਮਸਨੂਈ ਬੌਧਿਕਤਾ ਦੇ ਹੱਬ ਵਜੋਂ ਉੱਭਰਨ ਦੇ ਸਮੇਂ ਸੰਸਕ੍ਰਿਤ ਦੇ ਪ੍ਰਚਾਰ ਬਾਰੇ ਪੁੱਛਿਆ ਗਿਆ ਤਾਂ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, ‘‘”ਇਹ ਧਾਰਨਾ ਕਿ ਅਸੀਂ ਵਿਸ਼ਵਗੁਰੂ ਹਾਂ, ਮੈਂ ਨਿੱਜੀ ਤੌਰ ’ਤੇ ਮੰਨਦਾ ਹਾਂ ਕਿ ਅੱਜ ਕੱਲ੍ਹ ਸਾਨੂੰ ਇਸ ਸ਼ਬਦ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਸੀਂ ਵਰਤਮਾਨ ਵਿੱਚ ਵਿਸ਼ਵਗੁਰੂ ਨਹੀਂ ਹਾਂ। ਸਾਨੂੰ ਵਿਸ਼ਵਗੁਰੂ ਬਣਨ ਦੀ ਇੱਛਾ ਰੱਖਣੀ ਚਾਹੀਦੀ ਹੈ। ਬੇਸ਼ੱਕ, ਅਸੀਂ ਕਿਸੇ ਸਮੇਂ ਵਿਸ਼ਵਗੁਰੂ ਸੀ; ਹਾਲਾਂਕਿ ਅੱਜ ਦੀ ਹਕੀਕਤ ਇਹ ਹੈ ਕਿ ਅਸੀਂ ਨਹੀਂ ਹਾਂ।’’ ਉਨ੍ਹਾਂ ਕਿਹਾ ਕਿ ਇਸ ਦ੍ਰਿਸ਼ਟੀਕੋਣ ਤੋਂ ਅੱਜ ਸੰਸਕ੍ਰਿਤ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਪ੍ਰਾਚੀਨ ਭਾਸ਼ਾ ਦੇ ਵੱਧ ਪ੍ਰਚਾਰ ਅਤੇ ਕੁਆਂਟਮ ਕੰਪਿਊਟਿੰਗ ਵਰਗੇ ਆਧੁਨਿਕ ਵਿਗਿਆਨਕ ਕਾਰਜਾਂ ਵਿੱਚ ਇਸ ਦੀ ਵਰਤੋਂ ’ਤੇ ਜ਼ੋਰ ਦਿੱਤਾ। ਉਨ੍ਹਾਂ ਅਨੁਸਾਰ, ‘‘ਸੰਸਕ੍ਰਿਤ ਸਿਰਫ਼ ਭਾਰਤ ਦੀ ਹੀ ਨਹੀਂ, ਸਗੋਂ ਵਿਸ਼ਵ ਦੀ ਵਿਰਾਸਤ ਹੈ। ਇਹ ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ ਅਤੇ ਗਿਆਨ, ਵਿਗਿਆਨ ਤੇ ਅਧਿਆਤਮ ਦੀ ਭਾਸ਼ਾ ਹੈ। ਇਹ ਤਕਨਾਲੋਜੀ ਦੀ ਭਾਸ਼ਾ ਵੀ ਹੈ ਅਤੇ ਭਾਰਤ ਦੇ ‘ਪ੍ਰਾਣ’ ਹੈ।’’

Share: