ਕੂਚ ਬਿਹਾਰ/ਦੁਰਗਾਪੁਰ (ਪੱਛਮੀ ਬੰਗਾਲ): ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਐੱਨ ਡੀ ਏ ਸਰਕਾਰ ਸੰਸਦ ਵਿੱਚ ਮਹਿਲਾ ਰਾਖਵਾਂਕਰਨ ਕਾਨੂੰਨ ’ਚ ਤਜਵੀਜ਼ਤ ਸੋਧ ਨੂੰ ਹਲਕਾਬੰਦੀ ਬਿੱਲ ਲਈ ਮੋਹਰੇ ਵਜੋਂ ਵਰਤ ਰਹੀ ਹੈ, ਜੋ ਦੇਸ਼ ਨੂੰ ‘ਟੁਕੜਿਆਂ ਵਿੱਚ ਵੰਡ’ ਦੇਵੇਗਾ। ਉਨ੍ਹਾਂ ਆਪਣੀ ਪਾਰਟੀ ਦੀ ਚੋਣ ਰੈਲੀ ਵਿੱਚ ਕਿਹਾ ਕਿ ਤ੍ਰਿਣਮੂਲ ਕਾਂਗਰਸ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦਾ ਹਰੇਕ ਕਦਮ ’ਤੇ ਵਿਰੋਧ ਕਰੇਗੀ। ਇਸੇ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦੁਰਗਾਪੁਰ ਵਿੱਚ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰਾਂ ਦੇ ਸਮਰਥਨ ਵਿੱਚ ਰੋਡ ਸ਼ੋਅ ਦੀ ਅਗਵਾਈ ਕੀਤੀ। ਵੀਰਵਾਰ ਨੂੰ ਲੋਕ ਸਭਾ ਵਿੱਚ ਸੰਵਿਧਾਨ (131ਵੀਂ ਸੋਧ) ਬਿੱਲ ਦੇ ਨਾਲ ਹਲਕਾਬੰਦੀ ਬਿੱਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕਾਨੂੰਨ (ਸੋਧ) ਬਿੱਲ ਪੇਸ਼ ਕੀਤੇ ਗਏ ਸਨ। ਇਹ ਦਿੱਲੀ, ਪੁਡੂਚੇਰੀ ਅਤੇ ਜੰਮੂ ਕਸ਼ਮੀਰ ਵਿੱਚ ਮਹਿਲਾ ਰਾਖਵਾਂਕਰਨ ਲਾਗੂ ਕਰਨ ਲਈ ਲਿਆਂਦੇ ਗਏ ਹਨ। ਸੰਵਿਧਾਨ ਸੋਧ ਬਿੱਲ ਅਨੁਸਾਰ, 2029 ਦੀਆਂ ਸੰਸਦੀ ਚੋਣਾਂ ਤੋਂ ਪਹਿਲਾਂ ਮਹਿਲਾ ਰਾਖਵਾਂਕਰਨ ਕਾਨੂੰਨ ਲਾਗੂ ਕਰਨ ਲਈ 2011 ਦੀ ਮਰਦਮਸ਼ੁਮਾਰੀ ਦੇ ਆਧਾਰ ’ਤੇ ਲੋਕ ਸਭਾ ਸੀਟਾਂ ਦੀ ਗਿਣਤੀ ਮੌਜੂਦਾ 543 ਤੋਂ ਵਧਾ ਕੇ ਵੱਧ ਤੋਂ ਵੱਧ 850 ਕੀਤੀ ਜਾਵੇਗੀ। ਇਸੇ ਤਰ੍ਹਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਵਿਧਾਨ ਸਭਾਵਾਂ ਵਿੱਚ ਵੀ 33 ਫ਼ੀਸਦ ਰਾਖਵਾਂਕਰਨ ਲਈ ਸੀਟਾਂ ਵਧਾਈਆਂ ਜਾਣਗੀਆਂ। ਕੇਂਦਰ ਦੇ ਇਸ ਕਦਮ ਦਾ ਵਿਰੋਧ ਕਰਦਿਆਂ ਬੈਨਰਜੀ ਨੇ ਦੋਸ਼ ਲਾਇਆ ਕਿ ਭਾਜਪਾ ਨੇ ਮਹਿਲਾ ਰਾਖਵਾਂਕਰਨ ਬਿੱਲ ਨੂੰ ਅੱਗੇ ਰੱਖ ਕੇ ਹਲਕਾਬੰਦੀ ਬਿੱਲ ਲਿਆਂਦਾ ਹੈ। ਟੀ ਐੱਮ ਸੀ ਮੁਖੀ ਨੇ ਕਿਹਾ, ‘‘ਭਾਜਪਾ ਹਲਕਾਬੰਦੀ ਬਿੱਲ ਰਾਹੀਂ ਲੋਕ ਸਭਾ ਸੀਟਾਂ ਦੀ ਗਿਣਤੀ ਵਧਾ ਕੇ ਕਰੀਬ 850 ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਕਦਮ ਦੇਸ਼ ਦੇ ਟੁਕੜੇ ਕਰ ਦੇਵੇਗਾ।’’
ਟੀ ਐੱਮ ਸੀ ਉਮੀਦਵਾਰ ਤੇ ਮਮਤਾ ਦੇ ਤਜਵੀਜ਼ਕਾਰ ਦੇ ਟਿਕਾਣਿਆਂ ’ਤੇ ਛਾਪੇ

