TMC ਦੀ ਸੰਸਦ ਮੈਂਬਰ ’ਤੇ ਹਮਲਾ

TMC ਦੀ ਸੰਸਦ ਮੈਂਬਰ ’ਤੇ ਹਮਲਾ

ਕੋਲਕਾਤਾ: ਦੱਖਣੀ ਪੱਛਮੀ ਬੰਗਾਲ ’ਚ ਹਿੰਸਾ ਦੀਆਂ ਵੱਖ-ਵੱਖ ਘਟਨਾਵਾਂ ’ਚ ਕਥਿਤ ਤੌਰ ’ਤੇ ਟੀ ਐੱਮ ਸੀ ਸੰਸਦ ਮੈਂਬਰ ’ਤੇ ਹਮਲਾ ਹੋਇਆ ਅਤੇ ਇੱਕ ਸੀ ਆਈ ਐੱਸ ਐੱਫ ਜਵਾਨ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਹੈ। ਹੁਗਲੀ ਜ਼ਿਲ੍ਹੇ ਦੇ ਆਰਾਮਬਾਗ ਤੋਂ ਸੰਸਦ ਮੈਂਬਰ ਮਿਤਾਲੀ ਬਾਗ ਨੇ ਅੱਜ ਦੋਸ਼ ਲਾਇਆ ਕਿ ਜਦੋਂ ਉਹ ਪਾਰਟੀ ਆਗੂ ਅਭਿਸ਼ੇਕ ਬੈਨਰਜੀ ਦੀ ਰੈਲੀ ’ਚ ਸ਼ਾਮਲ ਹੋਣ ਜਾ ਰਹੀ ਸੀ ਤਾਂ ਗੋਘਾਟ ’ਤੇ ਭਾਜਪਾ ਵਰਕਰਾਂ ਨੇ ਉਨ੍ਹਾਂ ਦੀ ਗੱਡੀ ਦੀ ਭੰਨਤੋੜ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦਫ਼ਤਰ ਨੇੜੇ ਉਸ ’ਤੇ ਹਮਲਾ ਹੋਇਆ ਅਤੇ ਗੱਡੀ ਦਾ ਸ਼ੀਸ਼ਾ ਟੁੱਟਣ ਕਾਰਨ ਉਨ੍ਹਾਂ ਨੂੰ ਸੱਟਾਂ ਵੱਜੀਆਂ। ਮਹਿਲਾ ਤੇ ਦਲਿਤ ਲੋਕ ਨੁਮਾਇੰਦਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ‘ਫਾਸ਼ੀਵਾਦੀ ਭਾਜਪਾ ਦੇ ਗੁੰਡਿਆਂ’ ਨੇ ਨਿਸ਼ਾਨਾ ਬਣਾਇਆ। ਬਾਅਦ ਵਿੱਚ ਉਨ੍ਹਾਂ ਨੂੰ ਇਲਾਜ ਲਈ ਆਰਾਮਬਾਗ ਹਸਪਤਾਲ ਦਾਖਲ ਕਰਵਾਇਆ ਗਿਆ। ਹਸਪਤਾਲ ’ਚ ਬਾਗ ਨੂੰ ਮਿਲਣ ਆਏ ਅਭਿਸ਼ੇਕ ਬੈਨਰਜੀ ਨੇ ਹਮਲੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਬੰਗਾਲ ਦੀ ਜਨਤਾ ਭਾਜਪਾ ਨੂੰ ਮੂੰਹ-ਤੋੜ ਜਵਾਬ ਦੇਵੇਗੀ। ਭਾਜਪਾ ਨੇ ਦੋਸ਼ ਖਾਰਜ ਕਰਦਿਆਂ ਇਸ ਘਟਨਾ ਨੂੰ ‘ਨਾਟਕ’ ਕਰਾਰ ਦਿੱਤਾ ਅਤੇ ਇਸ ਥਾਂ ਟੀ ਐੱਮ ਸੀ ਹਮਾਇਤੀਆਂ ’ਤੇ ਆਪਣੇ ਆਗੂ ’ਤੇ ਹਮਲਾ ਕਰਨ ਦਾ ਦੋਸ਼ ਲਾਇਆ। ਚੋਣ ਕਮਿਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਰਿਪੋਰਟ ਮੰਗੀ ਗਈ ਹੈ ਅਤੇ ਇਲਾਕੇ ਦੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਕੇਂਦਰੀ ਬਲ ਵੀ ਮੌਕੇ ’ਤੇ ਤਾਇਨਾਤ ਕੀਤੇ ਗਏ ਹਨ। ਵੱਖਰੀ ਘਟਨਾ ਵਿੱਚ ਲੰਘੀ ਦੇਰ ਰਾਤ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਭਾਟਪਾੜਾ ਇਲਾਕੇ ਵਿੱਚ ਭਾਜਪਾ ਉਮੀਦਵਾਰ ਪਵਨ ਸਿੰਘ ਦੀ ਰਿਹਾਇਸ਼ ਦੇ ਬਾਹਰ ਹੋਈ ਗੋਲੀਬਾਰੀ ਵਿੱਚ ਸੀ ਆਈ ਐੱਸ ਐੱਫ ਦਾ ਜਵਾਨ ਜ਼ਖ਼ਮੀ ਹੋ ਗਿਆ। ਜ਼ਖ਼ਮੀ ਜਵਾਨ ਦੀ ਪਛਾਣ ਯੋਗੇਸ਼ ਸ਼ਰਮਾ ਵਜੋਂ ਹੋਈ ਹੈ ਅਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਚੋਣ ਕਮਿਸ਼ਨ ਨੇ ਇਸ ਘਟਨਾ ਬਾਰੇ ਰਿਪੋਰਟ ਮੰਗੀ ਹੈ। ਪੁਲੀਸ ਨੇ ਦੱਸਿਆ ਕਿ ਇਸ ਘਟਨਾ ਦੇ ਸਬੰਧ ਵਿੱਚ ਟੀ ਐੱਮ ਸੀ ਕੌਂਸਲਰ ਸਣੇ ਚਾਰ ਜਣੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਲ੍ਹੇ ਦੇ ਹਾਬੜਾ ਵਿਧਾਨ ਸਭਾ ਹਲਕੇ ਵਿੱਚ ਚੋਣ ਬੂਥ ਵਜੋਂ ਨਾਮਜ਼ਦ ਸਕੂਲ ਅੰਦਰੋਂ ਅੱਠ ਦੇਸੀ ਬੰਬ ਵੀ ਬਰਾਮਦ ਹੋਏ ਹਨ।

Share: