IPL: ਪੰਜਾਬ ਦੀ ਜੇਤੂ ਲੈਅ ਰੋਕਣ ਉਤਰੇਗਾ ਰਾਜਸਥਾਨ

IPL: ਪੰਜਾਬ ਦੀ ਜੇਤੂ ਲੈਅ ਰੋਕਣ ਉਤਰੇਗਾ ਰਾਜਸਥਾਨ

ਐੱਸ ਏ ਐੱਸ ਨਗਰ (ਮੁਹਾਲੀ): ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਵਿੱਚ ਪਿਛਲੇ ਕੁੱਝ ਮੈਚਾਂ ਵਿੱਚ ਮਾੜੇ ਪ੍ਰਦਰਸ਼ਨ ਨਾਲ ਜੂਝ ਰਹੀ ਰਾਜਸਥਾਨ ਰੌਇਲਜ਼ ਦੀ ਟੀਮ ਮੰਗਲਵਾਰ ਨੂੰ ਰਾਤ 7.30 ਵਜੇ ਜਦੋਂ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਪੀ ਸੀ ਏ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਖ਼ਿਲਾਫ਼ ਮੈਦਾਨ ਵਿੱਚ ਉਤਰੇਗੀ ਤਾਂ ਉਸ ਦਾ ਟੀਚਾ ਪੰਜਾਬ ਦੀ ਜੇਤੂ ਲੈਅ ਤੋੜਨਾ ਹੋਵੇਗਾ। ਇਸ ਲਈ ਰਾਜਸਥਾਨ ਨੂੰ ਖ਼ਰਾਬ ਲੈਅ ਵਿੱਚ ਚੱਲ ਰਹੇ ਆਪਣੇ ਬੱਲੇਬਾਜ਼ ਰਿਆਨ ਪਰਾਗ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ।

ਰਿਕੀ ਪੌਂਟਿੰਗ ਦੇ ਕੋਚ ਬਣਨ ਤੋਂ ਬਾਅਦ ਪੰਜਾਬ ਕਿੰਗਜ਼ ਦੀ ਟੀਮ ਪੂਰੀ ਤਰ੍ਹਾਂ ਬਦਲੀ ਹੋਈ ਨਜ਼ਰ ਆ ਰਹੀ ਹੈ ਅਤੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਪੰਜਾਬ ਨੇ ਇਸ ਸੀਜ਼ਨ ਵਿੱਚ ਸੱਤ ’ਚੋਂ ਛੇ ਮੈਚ ਜਿੱਤੇ ਹਨ ਅਤੇ ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਟੀਮ ਦੀ ਇਸ ਕਾਮਯਾਬੀ ਪਿੱਛੇ ਪ੍ਰਿਆਂਸ਼ ਆਰੀਆ ਅਤੇ ਪ੍ਰਭਸਿਮਰਨ ਸਿੰਘ ਦੀ ਸਲਾਮੀ ਜੋੜੀ ਦਾ ਵੱਡਾ ਯੋਗਦਾਨ ਹੈ, ਜਿਨ੍ਹਾਂ ਨੇ ਦਿੱਲੀ ਖ਼ਿਲਾਫ਼ 265 ਦੌੜਾਂ ਦਾ ਰਿਕਾਰਡ ਟੀਚਾ ਹਾਸਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਪੰਜਾਬ ਦੀ ਟੀਮ ਨਿਊ ਚੰਡੀਗੜ੍ਹ ਵਿੱਚ ਆਪਣਾ ਆਖ਼ਰੀ ਘਰੇਲੂ ਮੈਚ ਖੇਡੇਗੀ। ਦੂਜੇ ਪਾਸੇ, ਰਾਜਸਥਾਨ ਰੌਇਲਜ਼ ਨੇ ਟੂਰਨਾਮੈਂਟ ਦੀ ਚੰਗੀ ਸ਼ੁਰੂਆਤ ਤੋਂ ਬਾਅਦ ਆਪਣੀ ਲੈਅ ਗੁਆ ਦਿੱਤੀ ਹੈ।

Share: