ਮੁੰਬਈ: ਦੋ ਦਿਨਾਂ ਦੀ ਤੇਜ਼ੀ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਭਾਰੀ ਗਿਰਾਵਟ ਦੇਖੀ ਗਈ। ਇਹ ਗਿਰਾਵਟ ਵਿਸ਼ਵਵਿਆਪੀ ਬਾਜ਼ਾਰਾਂ ਦੇ ਕਮਜ਼ੋਰ ਰੁਝਾਨ ਨੂੰ ਦਰਸਾਉਂਦੀ ਹੈ, ਕਿਉਂਕਿ ਅਮਰੀਕਾ-ਇਰਾਨ ਸੰਘਰਸ਼ ਬਾਜ਼ਾਰਾਂ ਲਈ ਇੱਕ ਮੁੱਖ ਚਿੰਤਾ ਬਣਿਆ ਹੋਇਆ ਹੈ। ਕੱਚੇ ਤੇਲ ਦੀਆਂ ਕੀਮਤਾਂ ਦਾ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਰਹਿਣਾ ਅਤੇ ਵਿਦੇਸ਼ੀ ਫੰਡਾਂ ਦੀ ਲਗਾਤਾਰ ਨਿਕਾਸੀ ਨੇ ਵੀ ਨਿਵੇਸ਼ਕਾਂ ਨੂੰ ਚੌਕਸ ਕਰ ਦਿੱਤਾ ਹੈ।
ਸ਼ੁਰੂਆਤੀ ਕਾਰੋਬਾਰ ਵਿੱਚ 30 ਸ਼ੇਅਰਾਂ ਵਾਲਾ ਬੀ ਐੱਸ ਈ (BSE) ਸੈਂਸੈਕਸ 926.92 ਅੰਕ ਡਿੱਗ ਕੇ 74,346.53 ‘ਤੇ ਆ ਗਿਆ। 50 ਸ਼ੇਅਰਾਂ ਵਾਲਾ ਐੱਨ ਐੱਸ ਈ (NSE) ਨਿਫਟੀ 280.95 ਅੰਕ ਘਟ ਕੇ 23,025.50 ‘ਤੇ ਆ ਗਿਆ। ਸੈਂਸੈਕਸ ਦੀਆਂ 30 ਕੰਪਨੀਆਂ ਵਿੱਚੋਂ ਬਜਾਜ ਫਾਈਨਾਂਸ, ਲਾਰਸਨ ਐਂਡ ਟੂਬਰੋ, ਰਿਲਾਇੰਸ ਇੰਡਸਟਰੀਜ਼, ਇਟਰਨਲ, ਇੰਟਰਗਲੋਬ ਐਵੀਏਸ਼ਨ ਅਤੇ ਬਜਾਜ ਫਿਨਸਰਵ ਪ੍ਰਮੁੱਖ ਤੌਰ ‘ਤੇ ਘਾਟੇ ਵਿੱਚ ਰਹੇ। ਜਦਕਿ ਟਾਟਾ ਕੰਸਲਟੈਂਸੀ ਸਰਵਿਸਿਜ਼, ਐੱਚ.ਸੀ.ਐੱਲ. ਟੈੱਕ, ਟੈੱਕ ਮਹਿੰਦਰਾ ਅਤੇ ਟ੍ਰੈਂਟ ਵਾਧਾ ਦਰਜ ਕਰਨ ਵਾਲਿਆਂ ਵਿੱਚ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਰਾਮ ਨਵਮੀ ਦੇ ਮੌਕੇ ‘ਤੇ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਸਨ। ਐਕਸਚੇਂਜ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਬੁੱਧਵਾਰ ਨੂੰ 1,805.37 ਕਰੋੜ ਰੁਪਏ ਦੀ ਇਕੁਇਟੀ ਵੇਚੀ, ਜਦਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ (DIIs) ਨੇ 5,429.78 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੈਂਸੈਕਸ 1,205 ਅੰਕਾਂ ਦੇ ਉਛਾਲ ਨਾਲ 75,273.45 ‘ਤੇ ਅਤੇ ਨਿਫਟੀ 394.05 ਅੰਕਾਂ ਦੇ ਵਾਧੇ ਨਾਲ 23,306.45 ‘ਤੇ ਬੰਦ ਹੋਇਆ ਸੀ।

