ਵਾਸ਼ਿੰਗਟਨ/ਤਹਿਰਾਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਅਸਿੱਧੇ ਤੌਰ ’ਤੇ ਧਮਕੀ ਦਿੰਦਿਆਂ ਵੀਰਵਾਰ ਨੂੰ ਦੁਹਰਾਇਆ ਕਿ ਇਰਾਨੀ ਆਗੂ ਬਿਨਾਂ ਦੇਰੀ ਦੇ ਛੇਤੀ ਹੀ ਵਾਰਤਾ ਲਈ ਅੱਗੇ ਆ ਜਾਣ ਕਿਉਂਕਿ ਜੇ ਇਕ ਵਾਰ ਦੇਰ ਹੋ ਗਈ ਤਾਂ ਫਿਰ ਪਿੱਛੇ ਨਹੀਂ ਮੁੜਿਆ ਜਾ ਸਕੇਗਾ। ਉਧਰ ਹਰਮੁਜ਼ ਜਲ ਮਾਰਗ ਖੋਲ੍ਹੇ ਜਾਣ ਲਈ ਇਰਾਨ ਨੂੰ ਦਿੱਤਾ ਅਲਟੀਮੇਟਮ ਸ਼ੁੱਕਰਵਾਰ ਨੂੰ ਖ਼ਤਮ ਹੋ ਰਿਹਾ ਹੈ ਪਰ ਤਹਿਰਾਨ ਨੇ ਅਜੇ ਤੱਕ ਕੋਈ ਲੜ-ਪੱਲਾ ਨਹੀਂ ਫੜਾਇਆ ਹੈ। ਇਜ਼ਰਾਈਲ ਨੇ ਰੈਵੋਲਿਊਸ਼ਨਰੀ ਗਾਰਡ ਦੀ ਜਲ ਸੈਨਾ ਦੇ ਮੁਖੀ ਕਮਾਂਡਰ ਅਲੀ ਰਜ਼ਾ ਤੰਗਸਿਰੀ ਨੂੰ ਮਾਰ ਦਿੱਤਾ ਹੈ ਜਿਸ ਬਾਰੇ ਦਾਅਵਾ ਕੀਤਾ ਗਿਆ ਕਿ ਉਸ ਦੀ ਅਗਵਾਈ ਹੇਠ ਹਰਮੁਜ਼ ਜਲ ਮਾਰਗ ਬੰਦ ਰੱਖਿਆ ਜਾ ਰਿਹਾ ਸੀ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਹ ਇਰਾਨ ’ਤੇ ਪੂਰੀ ਤਾਕਤ ਨਾਲ ਹਮਲੇ ਜਾਰੀ ਰਖਣਗੇ। ਉਨ੍ਹਾਂ ਕਿਹਾ ਕਿ ਮਾਰੇ ਗਏ ਇਰਾਨੀ ਕਮਾਂਡਰ ਦੇ ਹੱਥ ਖੂਨ ਨਾਲ ਰੰਗੇ ਹੋਏ ਸਨ। ਮੌਜੂਦਾ ਹਾਲਾਤ ਤੋਂ ਜਾਪਦਾ ਹੈ ਕਿ ਅਮਰੀਕਾ ਨੇ ਹਰਮੁਜ਼ ਜਲ ਮਾਰਗ ਨੇੜਲੀਆਂ ਥਾਵਾਂ ਜਾਂ ਖ਼ਾਰਗ ਟਾਪੂ ’ਤੇ ਇਰਾਨ ਦੇ ਤੇਲ ਟਰਮੀਨਲਾਂ ਉਪਰ ਕਬਜ਼ੇ ’ਤੇ ਧਿਆਨ ਕੇਂਦਰਤ ਕੀਤਾ ਹੋਇਆ ਹੈ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ‘ਟਰੁੱਥ ਸੋਸ਼ਲ’ ਉਤੇ ਉਕਤ ਪੋਸਟ ਉਸ ਸਮੇਂ ਪਾਈ ਹੈ ਜਦੋਂ ਇਕ ਦਿਨ ਪਹਿਲਾਂ ਉਨ੍ਹਾਂ ਦਾਅਵਾ ਕੀਤਾ ਸੀ ਕਿ ਇਰਾਨ ਨਾਲ ਸਮਝੌਤਾ ਸਿਰੇ ਚੜ੍ਹਨ ਦੇ ਕੰਢੇ ’ਤੇ ਹੈ। ਉਂਝ ਇਰਾਨ ਨੇ ਅਮਰੀਕਾ ਦੀ 15 ਨੁਕਾਤੀ ਗੋਲੀਬੰਦੀ ਤਜਵੀਜ਼ ਨੂੰ ਖ਼ਾਰਜ ਕਰਦਿਆਂ ਆਪਣੀਆਂ ਪੰਜ ਸ਼ਰਤਾਂ ਰੱਖ ਦਿੱਤੀਆਂ ਸਨ। ਟਰੰਪ ਨੇ ਦੁਹਰਾਇਆ ਕਿ ਇਰਾਨ ਸਾਡੇ ਨਾਲ ਸਮਝੌਤੇ ਲਈ ਤਰਲੇ ਕੱਢ ਰਿਹਾ ਹੈ ਪਰ ਆਗੂ ਇਸ ਗੱਲੋਂ ਡਰੇ ਹੋਏ ਹਨ ਕਿ ਜੇ ਉਨ੍ਹਾਂ ਦੇ ਨਾਮ ਸਾਹਮਣੇ ਆ ਗਏ ਤਾਂ ਉਹ ਮਾਰੇ ਜਾਣਗੇ। ਟਰੰਪ ਨੇ ਨਾਟੋ ਮੁਲਕਾਂ ਨਾਲ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਜੰਗ ਦੇ ਸਮੇਂ ’ਚ ਕੋਈ ਸਹਾਇਤਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਨਾਟੋ ਤੋਂ ਕਿਸੇ ਮਦਦ ਦੀ ਲੋੜ ਨਹੀਂ ਹੈ ਪਰ ਉਹ ਇਹ ਕਦੇ ਨਹੀਂ ਭੁੱਲਣਗੇ ਕਿ ਐਨੇ ਅਹਿਮ ਸਮੇਂ ’ਤੇ ਉਸ ਨੇ ਸਾਥ ਨਹੀਂ ਦਿੱਤਾ। ਉਧਰ ਯੂ ਐੱਸ ਐੱਸ ਤ੍ਰਿਪੋਲੀ ਬੇੜਾ ਮੱਧ ਪੂਰਬੀ ਇਲਾਕੇ ਨੇੜੇ ਢੁੱਕ ਗਿਆ ਹੈ ਜਿਸ ’ਤੇ 2500 ਮੈਰੀਨਜ਼ ਸਵਾਰ ਹਨ। ਇਸ ਤੋਂ ਇਲਾਵਾ 82ਵੀਂ ਏਅਰਬੋਰਨ ਦੇ ਇਕ ਹਜ਼ਾਰ ਪੈਰਾਟਰੂਪਰ ਵੀ ਖ਼ਿੱਤੇ ’ਚ ਪਹੁੰਚਣ ਵਾਲੇ ਹਨ। ਇਜ਼ਰਾਈਲ ਵੱਲੋਂ ਇਰਾਨ ’ਤੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦਰਮਿਆਨ ਅਮਰੀਕੀ ਜਲ ਸੈਨਾ ਦੇ ਐਡਮਿਰਲ ਬਰੈਡ ਕੂਪਰ ਨੇ ਕਿਹਾ ਕਿ ਫੌਜ ਨੇ ਇਰਾਨ ਜੰਗ ’ਚ ਹੁਣ ਤੱਕ 10 ਹਜ਼ਾਰ ਤੋਂ ਜ਼ਿਆਦਾ ਨਿਸ਼ਾਨੇ ਫੁੰਡੇ ਹਨ। ਅਮਰੀਕਾ ਨੇ ਇਰਾਨੀ ਜਲ ਸੈਨਾ ਦੇ ਵੱਡੇ ਬੇੜਿਆਂ ’ਚੋਂ 92 ਫ਼ੀਸਦ ਨੂੰ ਤਬਾਹ ਕਰ ਦਿੱਤਾ ਹੈ ਅਤੇ ਹਥਿਆਰਾਂ ਦੇ ਦੋ-ਤਿਹਾਈ ਜ਼ਖ਼ੀਰੇ ਨੂੰ ਵੀ ਨਿਸ਼ਾਨਾ ਬਣਾਇਆ ਹੈ।

