ਨਿੳੂਯਾਰਕ: ਸਾਲਾਂ ਤੋਂ ਮਾਪਿਆਂ, ਅੱਲੜ੍ਹਾਂ, ਬਾਲ ਰੋਗ ਮਾਹਿਰਾਂ, ਸਿੱਖਿਆ ਸ਼ਾਸਤਰੀਆਂ ਅਤੇ ਵ੍ਹਿਸਲਬਲੋਅਰਜ਼ ਨੇ ਇਸ ਵਿਚਾਰ ’ਤੇ ਜ਼ੋਰ ਦਿੱਤਾ ਹੈ ਕਿ ਸੋਸ਼ਲ ਮੀਡੀਆ ਨੌਜਵਾਨਾਂ ਦੀ ਮਾਨਸਿਕ ਸਿਹਤ ਲਈ ਨੁਕਸਾਨਦਾਇਕ ਹੈ ਅਤੇ ਇਹ ਨਸ਼ੇ ਦੇ ਝੱਸ, ਖਾਣ-ਪੀਣ ਦੇ ਵਿਗਾੜ, ਜਿਨਸੀ ਸ਼ੋਸ਼ਣ ਅਤੇ ਖੁਦਕੁਸ਼ੀ ਦਾ ਕਾਰਨ ਬਣ ਸਕਦਾ ਹੈ। ਪਹਿਲੀ ਵਾਰ ਦੋ ਅਮਰੀਕੀ ਸੂਬਿਆਂ ਦੀਆਂ ਜਿਊਰੀਆਂ ਨੇ ਉਨ੍ਹਾਂ ਦਾ ਪੱਖ ਲਿਆ ਹੈ।
ਲਾਸ ਏਂਜਲਸ ਵਿਚਲੀ ਜਿਊਰੀ ਨੇ ਮੈਟਾ ਅਤੇ ਯੂਟਿਊਬ ਦੋਵਾਂ ਨੂੰ ਆਪਣੀਆਂ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਬੱਚਿਆਂ ਨੂੰ ਹੋਣ ਵਾਲੇ ਨੁਕਸਾਨ ਲਈ ਜ਼ਿੰਮੇਵਾਰ ਠਹਿਰਾਇਆ ਹੈ। ਇਸੇ ਤਰ੍ਹਾਂ ਨਿਊ ਮੈਕਸਿਕੋ ਵਿਚਲੀ ਜਿਊਰੀ ਨੇ ਤੈਅ ਕੀਤਾ ਕਿ ਮੈਟਾ ਨੇ ਜਾਣਬੁੱਝ ਕੇ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਇਆ ਅਤੇ ਆਪਣੇ ਮੰਚਾਂ ’ਤੇ ਬਾਲ ਜਿਨਸੀ ਸ਼ੋਸ਼ਣ ਬਾਰੇ ਜਾਣਕਾਰੀ ਲੁਕਾਈ। ਟੈਕਨਾਲੋਜੀ ’ਤੇ ਨਜ਼ਰ ਰੱਖਣ ਵਾਲੇ ਸਮੂਹਾਂ, ਪਰਿਵਾਰਾਂ ਅਤੇ ਬੱਚਿਆਂ ਦੇ ਵਕੀਲਾਂ ਨੇ ਇਨ੍ਹਾਂ ਫ਼ੈਸਲਿਆਂ ਦਾ ਸਵਾਗਤ ਕੀਤਾ ਹੈ। ‘ਦਿ ਟੈੱਕ ਓਵਰਸਾਈਟ ਪ੍ਰਾਜੈਕਟ’ ਦੀ ਕਾਰਜਕਾਰੀ ਡਾਇਰੈਕਟਰ ਸਾਸ਼ਾ ਹਾਵਰਥ ਨੇ ਕਿਹਾ, ‘‘ਗੂਗਲ ਅਤੇ ਮੈਟਾ ਵਰਗੀਆਂ ਕੰਪਨੀਆਂ ਦੇ ਸਾਲਾਂ ਤੱਕ ਗੁਮਰਾਹ ਕੀਤੇ ਜਾਣ ਮਗਰੋਂ ਨਵੇਂ ਸਬੂਤਾਂ ਅਤੇ ਗਵਾਹੀਆਂ ਨੇ ਪਰਦਾ ਹਟਾ ਦਿੱਤਾ ਹੈ ਅਤੇ ਉਨ੍ਹਾਂ ਨੁਕਸਾਨਾਂ ਦੀ ਪੁਸ਼ਟੀ ਕੀਤੀ ਹੈ ਜਿਨ੍ਹਾਂ ਬਾਰੇ ਨੌਜਵਾਨ ਤੇ ਮਾਪੇ ਸਾਲਾਂ ਤੋਂ ਦੁਨੀਆ ਨੂੰ ਦਸ ਰਹੇ ਸਨ।’’

