ਕੀਵ: ਰੂਸ ਯੂਕਰੇਨ ਜੰਗ ਪੰਜਵੇਂ ਸਾਲ ’ਚ ਦਾਖ਼ਲ ਹੋ ਗਈ ਹੈ। ਰੂਸ ਨੇ ਅੱਧੀ ਰਾਤ ਨੂੰ ਕੀਤੇ ਹਮਲਿਆਂ ਵਿੱਚ ਯੂਕਰੇਨ ਦੇ ਦੱਖਣੀ ਓਡੇਸਾ ਖੇਤਰ ਵਿੱਚ ਚਾਰ ਬਿਜਲੀ ਪਲਾਂਟਾਂ ਨੂੰ ਨਿਸ਼ਾਨਾ ਬਣਾਇਆ, ਜਿਸ ਕਰ ਕੇ ਕੁਝ ਇਲਾਕਿਆਂ ਵਿੱਚ ਬਿਜਲੀ ਗੁੱਲ ਹੋ ਗਈ। ਊਰਜਾ ਕੰਪਨੀ ਡੀ ਟੈੱਕ ਨੇ ਕਿਹਾ ਕਿ ਪਲਾਂਟਾਂ ਨੂੰ ਨੁਕਸਾਨ ਪੁੱਜਾ ਹੈ ਤੇ ‘ਮੁਰੰਮਤ ਨੂੰ ਸਮਾਂ ਲੱਗੇਗਾ।’ ਦੂਜੀ ਆਲਮੀ ਜੰਗ ਮਗਰੋਂ ਇਹ ਯੂਰੋਪ ਦਾ ਸਭ ਤੋਂ ਵੱਡਾ ਟਕਰਾਅ ਹੈ। ਇਰਾਨ ਜੰਗ ਕਰ ਕੇ ਇਸ ਵੇਲੇ ਸਾਰਾ ਧਿਆਨ ਯੂਕਰੇਨ ਤੋਂ ਹਟ ਚੁੱਕਾ ਹੈ।
ਮੰਗਲਵਾਰ ਨੂੰ ਯੂਕਰੇਨ ਉੱਤੇ 1000 ਦੇ ਕਰੀਬ ਡਰੋਨ ਤੇ 34 ਮਿਜ਼ਾਈਲਾਂ ਦਾਗ਼ੀਆਂ, ਜੋ ਦੋਵਾਂ ਮੁਲਕਾਂ ਦਰਮਿਆਨ ਜੰਗ ਦੀ ਸਭ ਤੋਂ ਵੱਡੀ ਬੰਬਾਰੀ ਹੈ। ਇਕ ਦਿਨ ਮਗਰੋਂ ਯੂਕਰੇਨ ਨੇ ਅੱਧੀ ਰਾਤ ਨੂੰ ਕੀਤੇ ਹਮਲੇ ਵਿੱਚ ਰੂਸੀ ਖੇਤਰਾਂ ਤੇ ਕ੍ਰੀਮੀਆ ਉੱਤੇ 400 ਦੇ ਕਰੀਬ ਡਰੋਨ ਦਾਗ਼ੇ। ਯੂਕਰੇਨ ਦਾ ਭਵਿੱਖ ਅਜੇ ਵੀ ਯੂਰੋਪ ਦੀ ਵਿਦੇਸ਼ ਨੀਤੀ ਦਾ ਸਿਖਰਲਾ ਮਸਲਾ ਹੈ।
ਉੱਧਰ, ਟਰੰਪ ਪ੍ਰਸ਼ਾਸਨ ਨੇ ਇਸ ਵੇਲੇ ਸਾਰਾ ਧਿਆਨ ਇਰਾਨ ਜੰਗ ਵੱਲ ਹੋਣ ਕਰ ਕੇ ਰੂਸੀ ਤੇ ਯੂਕਰੇਨੀ ਵਫ਼ਦਾਂ ਨਾਲ ਗੱਲਬਾਤ ਰੱਦ ਕਰ ਦਿੱਤੀ ਹੈ। ਪ੍ਰਸ਼ਾਸਨ ਨੇ ਚਿਤਾਵਨੀ ਦਿੱੱਤੀ ਕਿ ਜੇ ਸ਼ਾਂਤੀ ਲਈ ਕੀਤੀਆਂ ਕੋਸ਼ਿਸ਼ਾਂ ਅਜਾਈਂ ਜਾਂਦੀਆਂ ਹਨ ਤਾਂ ਉਹ ਦੋਵਾਂ ਮੁਲਕਾਂ ਦਰਮਿਆਨ ਸੰਘਰਸ਼ ਤੋਂ ਮੂੰਹ ਮੋੜ ਸਕਦਾ ਹੈ। ਅਮਰੀਕਾ ਵੱਲੋਂ ਭਾਰਤ ਸਣੇ ਹੋਰਨਾਂ ਮੁਲਕਾਂ ਨੂੰ ਰੂਸੀ ਤੇਲ ਦੀ ਖ਼ਰੀਦ ਲਈ ਪਾਬੰਦੀਆਂ ’ਚ ਛੋਟ ਮਗਰੋ ਰੂਸ ਹੁਣ ਅਰਬਾਂ ਡਾਲਰ ਦੀ ਕਮਾਈ ਕਰ ਰਿਹਾ ਹੈ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਅਮਰੀਕੀ ਪੇਸ਼ਕਦਮੀ ‘ਸਹੀ ਫੈਸਲਾ’ ਨਹੀਂ ਸੀ ਕਿਉਂਕਿ ਇਸ ਨਾਲ ਰੂਸੀ ਫੌਜ ਹੀ ਮਜ਼ਬੂਤ ਹੋਵੇਗੀ।
ਰੂਸ ਨੇ ਮੌਸਮੀ ਤਬਦੀਲੀ ਦੇ ਨਾਲ ਹੀ ਮੂਹਰਲੀਆਂ ਚੌਕੀਆਂ ’ਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਰੂਸ ਵੱਲੋਂ ਯੂਕਰੇਨੀ ਬਿਜਲੀ ਗਰਿੱਡ ਉੱਤੇ ਹਮਲੇ ਮਗਰੋਂ ਹੁਣ ਆਮ ਵਸੋਂ ਵਾਲੇ ਇਲਾਕਿਆਂ ਨੂੰ ਡਰੋਨਾਂ ਤੇ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ ਹੈ। ਉੱਧਰ, ਮਾਸਕੋ ਨੇ ਕਿਹਾ ਕਿ ਉਸ ਦੇ ਸਮੁੰਦਰੀ ਮਾਲਵਾਹਕ ਬੇੜਿਆਂ ਨੂੰ ਪੱਛਮੀ ਜਲ ਸੈਨਾਵਾਂ ਵੱਲੋਂ ਰੋਕਣ ਦੇ ਵਧਦੇ ਮਾਮਲਿਆਂ ਮਗਰੋਂ ਅਜਿਹੇ ਬੇੜਿਆਂ ਨੂੰ ਜਲ ਸੈਨਾ ਸੁਰੱਖਿਆ ਮੁਹੱਈਆ ਕਰਾਵੇਗੀ। ਇਸੇ ਦੌਰਾਨ ਰੂਸ ਨੇ ਯੂਕਰੇਨ ਦੇ ਦਿਨਪਰੋ ਇਲਾਕੇ ’ਚ ਵੀ ਡਰੋਨ ਨਾਲ ਹਮਲੇ ਕੀਤੇ ਹਨ।

