ਪਟਿਆਲਾ: ਪੇਅ ਗਰੇਡ 2800 ਤੋਂ ਮੁੜ 4600 ਕਰਨ ਦੀ ਇੱਕ ਨੁਕਾਤੀ ਮੰਗ ਲਈ ਸਾਲ 2020 ਤੋਂ ਬਾਅਦ ਭਰਤੀ ਹੋਏ ਨਰਸਿੰਗ ਸਟਾਫ ਨੇ ਐਸਮਾ ਲਾਗੂ ਕਰਨ ਦੀ ਪ੍ਰਵਾਹ ਨਾ ਕਰਦਿਆਂ ਅੱਜ ਯੂਨਾਈਟਿਡ ਨਰਸਿੰਗ ਸਟਾਫ ਐਸੋਸੀਏਸ਼ਨ ਦੇ ਸੱੱਦੇ ’ਤੇ ਯੂਨੀਅਨ ਆਗੂ ਆਰਤੀ ਬਾਲੀ ਅਤੇ ਰਮਨਦੀਪ ਦੀ ਅਗਵਾਈ ਹੇਠ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਸਣੇ ਪੰਜਾਬ ’ਚ ਕਈ ਥਾਈਂ ਕੰਮ ਦਾ ਬਾਈਕਾਟ ਕਰਦਿਆਂ ਅਣਮਿਥੇ ਸਮੇਂ ਦੀ ਸੂਬਾ ਪੱਧਰੀ ਹੜਤਾਲ ਸ਼ੁਰੂ ਕਰ ਦਿੱਤੀ ਹੈ।
ਨਰਸਿੰਗ ਸਟਾਫ ਦੀ ਹੜਤਾਲ ਕਾਰਨ ਸਿਹਤ ਸੇਵਾਵਾਂ ਪ੍ਰਭਾਵਿਤ ਹੋਈਆਂ, ਜਿਸ ਦਾ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੇ ਹੜਤਾਲੀ ਸਟਾਫ ’ਤੇ ਐਸਮਾ (ਜ਼ਰੂਰੀ ਸੇਵਾਵਾਂ ਐਕਟ) ਆਧਾਰਿਤ ਕਾਨੂੰਨ ਲਾਗੂ ਕਰ ਦਿੱਤਾ ਹੈ। ਇਸ ਦੌਰਾਨ ਜਨਤਕ ਸਿਹਤ, ਐਮਰਜੈਂਸੀ ਦੇਖਭਾਲ ਅਤੇ ਮਹੱਤਵਪੂਰਨ ਸਿਹਤ ਸੰਭਾਲ ਸੇਵਾਵਾਂ ਬਹਾਲ ਰੱਖਣ ਅਤੇ ਨਿਰਵਿਘਨ ਮੈਡੀਕਲ ਅਤੇ ਨਰਸਿੰਗ ਸੇਵਾਵਾਂ ਯਕੀਨੀ ਬਣਾਉਣ ਲਈ ਆਦੇਸ਼ਾਂ ਦੀ ਉਲੰਘਣਾ ਕਰਨ ’ਤੇ ਐਸਮਾ ਅਧੀਨ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ। ਹੁਕਮਾਂ ਦੀ ਉਲੰਘਣਾ ਕਰਨ ’ਤੇ ਸਰਕਾਰ ਵੱਲੋਂ ਬਿਨਾਂ ਕਿਸੇ ਅਗਾਊਂ ਨੋਟਿਸ ਜਾਂ ਬਿਨਾਂ ਕਿਸੇ ਅਪੀਲ-ਦਲੀਲ ਤੋਂ ਮੁਲਾਜ਼ਮਾਂ ਦੀਆਂ ਸੇਵਾਵਾਂ ਖ਼ਤਮ ਕੀਤੀਆਂ ਜਾ ਸਕਦੀਆਂ ਹਨ। ਹੜਤਾਲ ਦੌਰਾਨ ਜਥੇਬੰਦੀ ਦੇ ਆਗੂ ਰਮਨਦੀਪ ਸਿੰਘ ਤੇ ਹੋਰਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਥਾਂ ਵਾਰ-ਵਾਰ ਵਾਅਦੇ ਕਰ ਕੇ ਮੁੱਕਰ ਰਹੀ ਹੈ, ਜਿਸ ਕਾਰਨ ਅੱਕ ਕੇ ਹੀ ਉਨ੍ਹਾਂ ਨੂੰ ਸੜਕਾਂ ’ਤੇ ਆਉਣਾ ਪੈਂਦਾ ਹੈ। ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਨੇ ਹੜਤਾਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਗਏ ਬਦਲਵੇਂ ਅਤੇ ਲੋੜੀਂਦੇ ਪ੍ਰਬੰਧਾਂ ਤਹਿਤ ਸਿਹਤ ਸੇਵਾਵਾਂ ਪ੍ਰਭਾਵਿਤ ਨਹੀਂ ਹੋਈਆਂ।

