ਬਾਲੇਨ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ

ਬਾਲੇਨ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ

ਕਾਠਮੰਡੂ: ਰੈਪਰ ਤੋਂ ਸਿਆਸਤਦਾਨ ਬਣੇ ਬਾਲੇਂਦਰ ਸ਼ਾਹ ‘ਬਾਲੇਨ’ (35) ਨੇ ਅੱਜ ਨੇਪਾਲ ਦੇ 47ਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ। ਨੌਜਵਾਨਾਂ ਦੇ ਪ੍ਰਦਰਸ਼ਨਾਂ ਮਗਰੋਂ ਕੇ ਪੀ ਸ਼ਰਮਾ ਓਲੀ ਦੀ ਅਗਵਾਈ ਹੇਠਲੀ ਸਰਕਾਰ ਨੂੰ ਲਾਂਭੇ ਕਰ ਦਿੱਤਾ ਗਿਆ ਸੀ ਜਿਸ ਮਗਰੋਂ ਚੋਣਾਂ ਕਰਵਾਈਆਂ ਗਈਆਂ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲੇਨ ਦੇ ਪ੍ਰਧਾਨ ਮੰਤਰੀ ਬਣਨ ’ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਭਾਰਤ-ਨੇਪਾਲ ਦੋਸਤੀ ਅਤੇ ਸਹਿਯੋਗ ਨੂੰ ਹੋਰ ਬੁਲੰਦੀਆਂ ’ਤੇ ਲਿਜਾਣ ਲਈ ਮਿਲ ਕੇ ਕੰਮ ਕਰਨਾ ਚਾਹੁਣਗੇ।

ਰਾਸ਼ਟਰੀ ਸਵਤੰਤਰਤਾ ਪਾਰਟੀ ਦੇ ਆਗੂ ਬਾਲੇਨ ਨੂੰ ਰਾਸ਼ਟਰਪਤੀ ਰਾਮ ਚੰਦਰ ਪੌਡਲ ਨੇ 12 ਵਜ ਕੇ 34 ਮਿੰਟ ਦੇ ਸ਼ੁੱਭ ਮਹੂਰਤ ’ਤੇ ਆਪਣੇ ਸ਼ੀਤਲ ਨਿਵਾਸ ਸਥਿਤ ਦਫ਼ਤਰ ’ਚ ਹਲਫ਼ ਦਿਵਾਇਆ। ਕਾਠਮੰਡੂ ਦੇ ਮੇਅਰ ਰਹੇ ਬਾਲੇਨ ਨੇਪਾਲ ਦੇ ਸਭ ਤੋਂ ਛੋਟੀ ਉਮਰ ਦੇ ਆਗੂ ਹਨ ਜੋ ਪ੍ਰਧਾਨ ਮੰਤਰੀ ਬਣੇ ਹਨ। ਇਸ ਦੇ ਨਾਲ ਹੀ ਉਹ ਮਧੇਸ ਖ਼ਿੱਤੇ ਦੇ ਪਹਿਲੇ ਸ਼ਖ਼ਸ ਹਨ ਜੋ ਮੁਲਕ ਦੇ ਸਿਖਰਲੇ ਅਹੁਦੇ ’ਤੇ ਪਹੁੰਚੇ ਹਨ। ਬਾਲੇਨ ਰੱਖਿਆ, ਸਨਅਤ, ਵਣਜ ਅਤੇ ਸਪਲਾਈਜ਼ ਮੰਤਰਾਲਿਆਂ ਦਾ ਕੰਮ ਦੇਖਣਗੇ। ਬਾਲੇਨ ਤੋਂ ਇਲਾਵਾ ਹੋਰ ਆਗੂਆਂ ਨੇ ਵੀ ਮੰਤਰੀ ਅਹੁਦੇ ਦਾ ਹਲਫ਼ ਲਿਆ ਹੈ। ਇਨ੍ਹਾਂ ’ਚੋਂ ਸਵਰਨਿਮ ਵਾਗਲੇ ਨੇ ਵਿੱਤ ਮੰਤਰੀ, ਸ਼ਿਸ਼ਿਰ ਖਨਲ ਨੇ ਵਿਦੇਸ਼ ਮੰਤਰੀ, ਸੂਦਨ ਗੁਰੰਗ ਨੇ ਗ੍ਰਹਿ ਮੰਤਰੀ ਅਤੇ ਗੀਤਾ ਚੌਧਰੀ ਨੇ ਖੇਤੀਬਾੜੀ ਮੰਤਰੀ ਵਜੋਂ ਹਲਫ਼ ਲਿਆ। ਆਮ ਚੋਣਾਂ ’ਚ ਬਾਲੇਨ ਨੇ ਚਾਰ ਵਾਰ ਦੇ ਪ੍ਰਧਾਨ ਮੰਤਰੀ ਓਲੀ ਨੂੰ ਝਾਪਾ-5 ਹਲਕੇ ਤੋਂ ਵੱਡੇ ਫ਼ਰਕ ਨਾਲ ਹਰਾਇਆ ਸੀ। ਉਨ੍ਹਾਂ ਦੀ ਪਾਰਟੀ ਨੇ ਕੁੱਲ 275 ’ਚੋਂ 182 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ।

Share: