ਪੰਜਾਬ ਵਿੱਚ ਫਾਰਮਾ ਕੰਪਨੀ ਕੈਪਟੈੱਬ ਬਾਇਓਟੈੱਕ ਬਲੈਕ ਲਿਸਟ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਵਿੱਚ ਘਟੀਆ ਦਰਜੇ ਦੀ ਦਵਾਈ ਸਪਲਾਈ ਕਰਨ ਦੇ ਦੋਸ਼ ਹੇਠ ਫਾਰਮਾ ਕੰਪਨੀ ਨੂੰ ਤਿੰਨ ਸਾਲਾਂ ਲਈ ਬਲੈਕ ਲਿਸਟ ਕਰ ਦਿੱਤਾ ਹੈ। ਦਵਾਈਆਂ ਦਾ ਸਟਾਕ ਕੰਪਨੀ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੰਪਨੀ ਦੀ 3,30,000 ਰੁਪਏ ਦੀ ਸਕਿਉਰਿਟੀ ਜ਼ਬਤ ਕਰ ਲਈ ਗਈ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਫਾਰਮਾ ਕੰਪਨੀ ਮੈਸਰਜ਼ ਕੈਪਟੈਬ ਬਾਇਓਟੈਕ, ਸੋਲਨ ਵੱਲੋਂ ਪੰਜਾਬ ਵਿੱਚ ਘਟੀਆ ਦਰਜੇ ਦੇ ਆਈਵੀ ਫਲਿਊਡ ਤੇ ਸਲਾਈਨ ਸਪਲਾਈ ਕੀਤਾ ਗਿਆ, ਜਿਸ ਕਰਕੇ ਉਕਤ ਕੰਪਨੀ ਵਿਰੁੱਧ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨੂੰ ਤਿੰਨ ਸਾਲਾਂ ਲਈ ਬਲੈਕ ਲਿਸਟ ਕਰ ਦਿੱਤਾ ਗਿਆ ਹੈ ਤੇ ਉਹ ਹੁਣ ਕਿਸੇ ਵੀ ਸਰਕਾਰੀ ਟੈਂਡਰ ਵਿੱਚ ਹਿੱਸਾ ਨਹੀਂ ਲੈ ਸਕਦੀ। ਸਰਕਾਰ ਨੇ ਕੰਪਨੀ ਵੱਲੋਂ ਸਪਲਾਈ ਕੀਤੀਆਂ ਜਾਣ ਵਾਲੀਆਂ 11 ਹੋਰ ਵਸਤਾਂ ਦੇ ਸਾਰੇ ਕੰਟਰੈਕਟ ਵੀ ਰੱਦ ਕਰ ਦਿੱਤੇ ਹਨ। ਇਸ ਤੋਂ ਇਲਾਵਾ ਸਰਕਾਰ ਨੇ ਉਕਤ ਮਾਮਲੇ ਨੂੰ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਕੋਲ ਉਠਾਉਂਦੇ ਹੋਏ ਕੰਪਨੀ ਦੇ ਸਾਰੇ ਉਤਪਾਦਨ ਬੰਦ ਕਰਵਾ ਦਿੱਤੇ ਹਨ। ਪੰਜਾਬ ਸਰਕਾਰ ਨੇ ਇਹ ਕਾਰਵਾਈ ਅੰਮ੍ਰਿਤਸਰ ਅਤੇ ਸੰਗਰੂਰ ਦੇ ਸਰਕਾਰੀ ਹਸਪਤਾਲਾਂ ਵਿੱਚ ਕੁਝ ਮਰੀਜ਼ਾਂ ਨੂੰ ਸਲਾਈਨ ਦੀ ਵਰਤੋਂ ਕਾਰਨ ਹੋਏ ਰਿਐਕਸ਼ਨ ਤੋਂ ਬਾਅਦ ਕੀਤੀ ਹੈ। ਮਰੀਜ਼ਾਂ ਨੂੰ ਰਿਐਕਸ਼ਨ ਹੋਣ ਦੀ ਜਾਣਕਾਰੀ ਮਿਲਦੇ ਹੀ ਸਿਹਤ ਵਿਭਾਗ ਨੇ ਉਕਤ ਦਵਾਈ ਦੇ ਸੈਂਪਲਾਂ ਨੂੰ ਜਾਂਚ ਲਈ ਵੱਖ-ਵੱਖ ਲੈਬਾਰਟਰੀਆਂ ਵਿੱਚ ਭੇਜਿਆ, ਜਿਨ੍ਹਾਂ ਦੀ ਰਿਪੋਰਟ ਬਾਅਦ ਬਣਦੀ ਕਾਰਵਾਈ ਕੀਤੀ ਗਈ ਹੈ। ਸਿਹਤ ਵਿਭਾਗ ਨੇ ਦਿੱਲੀ ਦੀਆਂ ਤਿੰਨ ਲੈਬਾਰਟਰੀਆਂ ਨੂੰ ਵੀ ਨੋਟਿਸ ਭੇਜੇ ਹਨ। ਇਨ੍ਹਾਂ ਨੇ ਫਾਰਮਾ ਕੰਪਨੀ ਦੇ ਨਮੂਨਿਆਂ ਨੂੰ ਪਾਸ ਕੀਤਾ ਸੀ ਜੋ ਹੁਣ ‘ਗੈਰ-ਮਿਆਰੀ’ ਪਾਏ ਗਏ ਹਨ। ਇਨ੍ਹਾਂ ਲੈਬਾਰਟਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Share: