ਅਤਿਵਾਦ ਪਾਕਿਸਤਾਨ ਦੀ ਸੋਚੀ-ਸਮਝੀ ਜੰਗੀ ਰਣਨੀਤੀ: ਮੋਦੀ

ਅਤਿਵਾਦ ਪਾਕਿਸਤਾਨ ਦੀ ਸੋਚੀ-ਸਮਝੀ ਜੰਗੀ ਰਣਨੀਤੀ: ਮੋਦੀ

ਗਾਂਧੀਨਗਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅਤਿਵਾਦ ਕੋਈ ਲੁਕਵੀਂ ਜੰਗ ਨਹੀਂ ਬਲਕਿ ਇਹ ਸੋਚੀ-ਸਮਝੀ ਜੰਗੀ ਰਣਨੀਤੀ ਹੈ ਅਤੇ ਭਾਰਤ ਉਸੇ ਅਨੁਸਾਰ ਜਵਾਬ ਦੇਵੇਗਾ। ਪਾਕਿਸਤਾਨ ’ਚ ਗ਼ੈਰ-ਸਰਕਾਰੀ ਤੇ ਸਰਕਾਰੀ ਤੱਤਾਂ ਵਿਚਾਲੇ ਕੋਈ ਫਰਕ ਕਰਨ ਤੋਂ ਇਨਕਾਰ ਕਰਦਿਆਂ ਮੋਦੀ ਨੇ ਕਿਹਾ ਕਿ ਗੁਆਂਢੀ ਮੁਲਕ ਅਤਿਵਾਦ ਨੂੰ ਹਮਾਇਤ ਜਾਰੀ ਰੱਖਦਿਆਂ ਜੰਗ ’ਚ ਰੁੱਝਿਆ ਹੋਇਆ ਹੈ।

ਮੋਦੀ ਨੇ ਇੱਥੇ ਗੁਜਰਾਤ ਸਰਕਾਰ ਦੇ ਸ਼ਹਿਰੀ ਵਿਕਾਸ ਪ੍ਰੋਗਰਾਮ ’ਚ ਕਿਹਾ, ‘ਵਸੂਧੈਵ ਕੁਟੁੰਬਕਮ ਸਾਡਾ ਸੰਸਕਾਰ ਹੈ। ਅਸੀਂ ਆਪਣੇ ਗੁਆਂਢੀਆਂ ਲਈ ਵੀ ਖੁਸ਼ੀ ਚਾਹੁੰਦੇ ਹਾਂ ਪਰ ਜੇ ਤੁਸੀਂ ਸਾਡੀ ਤਾਕਤ ਨੂੰ ਚੁਣੌਤੀ ਦੇਵੋਗੇ ਤਾਂ ਭਾਰਤ ਵੀ ਯੋਧਿਆਂ ਦੀ ਧਰਤੀ ਹੈ।’ ਪ੍ਰਧਾਨ ਮੰਤਰੀ ਨੇ ਕਿਹਾ, ‘ਅਸੀਂ ਇਸ ਨੂੰ ਲੁਕਵੀਂ ਜੰਗ ਨਹੀਂ ਕਹਿ ਸਕਦੇ ਕਿਉਂਕਿ 6 ਮਈ ਦੀ ਰਾਤ (ਪਾਕਿਸਤਾਨ ’ਚ ਅਤਿਵਾਦੀ ਕੈਂਪਾਂ ’ਤੇ ਭਾਰਤੀ ਹਮਲਿਆਂ ’ਚ) ਮਾਰੇ ਗਏ ਲੋਕਾਂ ਨੂੰ ਪਾਕਿਸਤਾਨ ’ਚ ਸਰਕਾਰੀ ਸਨਮਾਨ ਦਿੱਤਾ ਗਿਆ। ਉਨ੍ਹਾਂ ਦੇ ਤਾਬੂਤ ਪਾਕਿਸਤਾਨੀ ਝੰਡਿਆਂ ’ਚ ਲਪੇਟੇ ਗਏ ਅਤੇ ਸੈਨਾ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ।’ ਉਨ੍ਹਾਂ ਕਿਹਾ, ‘ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਅਤਿਵਾਦੀ ਗਤੀਵਿਧੀਆਂ ਸਿਰਫ਼ ਲੁਕਵੀਂ ਜੰਗ ਨਹੀਂ ਹੈ ਸਗੋਂ ਉਨ੍ਹਾਂ ਦੀ ਸੋਚੀ-ਸਮਝੀ ਜੰਗੀ ਰਣਨੀਤੀ ਹੈ। ਜੇ ਉਹ ਜੰਗ ’ਚ ਸ਼ਾਮਲ ਹੁੰਦੇ ਹਨ ਤਾਂ ਜਵਾਬ ਵੀ ਉਸੇ ਤਰ੍ਹਾਂ ਦਿੱਤਾ ਜਾਵੇਗਾ।’

Share: