ਬੰਗਲਾਦੇਸ਼: ਸਰਕਾਰੀ ਕਰਮਚਾਰੀਆਂ ਨੇ ਸਕੱਤਰੇਤ ਦੇ ਮੁੱਖ ਗੇਟ ਨੂੰ ਜੜਿਆ ਤਾਲਾ

ਢਾਕਾ/ਨਵੀਂ ਦਿੱਲੀ : ਨਵੇਂ ਸੇਵਾ ਕਾਨੂੰਨ ਖ਼ਿਲਾਫ਼ ਬੰਗਲਾਦੇਸ਼ ਵਿੱਚ ਅੱਜ ਤੀਜੇ ਦਿਨ ਵੀ ਪ੍ਰਦਰਸ਼ਨ ਜਾਰੀ ਰਹੇ। ਇਹ ਨਵਾਂ ਸੇਵਾ ਕਾਨੂੰਨ ਦੁਰਵਿਹਾਰ ਲਈ ਅਧਿਕਾਰੀਆਂ ਨੂੰ ਆਸਾਨੀ ਨਾਲ ਬਰਖਾਸਤ ਕਰਨ ਦੀ ਆਗਿਆ ਦਿੰਦਾ ਹੈ। ਸੈਂਕੜੇ ਸਰਕਾਰੀ ਕਰਮਚਾਰੀਆਂ ਨੇ ਅੱਜ ਰਾਜਧਾਨੀ ਢਾਕਾ ਵਿੱਚ ਸਥਿਤ ਬੰਗਲਾਦੇਸ਼ ਸਕੱਤਰੇਤ ਦਾ ਮੁੱਖ ਗੇਟ ਕੁੱਝ ਸਮੇਂ ਲਈ ਬੰਦ ਕਰ ਦਿੱਤਾ। ਪ੍ਰਦਰਸ਼ਨਕਾਰੀ ਨੇ ਬਾਅਦ ਦੁਪਹਿਰ 12:30 ਵਜੇ ਦੇ ਕਰੀਬ ਮੁੱਖ ਗੇਟ ਬੰਦ ਕੀਤਾ, ਜੋ ਬਾਅਦ ਦੁਪਹਿਰ ਇੱਕ ਵਜੇ ਦੇ ਕਰੀਬ ਖੋਲ੍ਹ ਦਿੱਤਾ ਗਿਆ। ਇਸ ਮਗਰੋਂ ਪ੍ਰਦਰਸ਼ਨਕਾਰੀ ਉਥੋਂ ਸਕੱਤਰੇਤ ਕੰਪਲੈਕਸ ਦੇ ਅੰਦਰ ਚਲੇ ਗਏ। ਇੱਕ ਨਿੱਜੀ ਟੀਵੀ ਚੈਨਲ ਦੀ ਰਿਪੋਰਟ ਅਨੁਸਾਰ, ‘ਅੱਧੇ ਘੰਟੇ ਬਾਅਦ ਗੇਟ ਦੁਬਾਰਾ ਖੋਲ੍ਹ ਦਿੱਤਾ ਗਿਆ।’ ਰਿਪੋਰਟਾਂ ਅਨੁਸਾਰ ਕਰਮਚਾਰੀਆਂ ਦੀ ਹੜਤਾਲ ਕਾਰਨ ਕੰਪਲੈਕਸ ਦੇ ਅੰਦਰ ਲਗਪਗ ਸਾਰਾ ਸਰਕਾਰੀ ਕੰਮਕਾਜ ਠੱਪ ਹੋ ਗਿਆ। ਸਰਕਾਰੀ ਮੁਲਾਜ਼ਮਾਂ ਨੇ ਆਰਡੀਨੈਂਸ ਰੱਦ ਕਰਨ ਤੱਕ ਪ੍ਰਦਰਸ਼ਨ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ ਹੈ। ਅਧਿਕਾਰੀਆਂ ਨੇ ਕੰਪਲੈਕਸ ਵਿੱਚ ਸੰਭਾਵੀ ਹਿੰਸਾ ਰੋਕਣ ਲਈ ਪੁਲੀਸ ਦੀ ਨਫਰੀ ਵਧਾ ਦਿੱਤੀ ਹੈ। ਇਸ ਵਿਚਾਲੇ ਢਾਕਾ ਸਾਊਥ ਸਿਟੀ ਕਾਰਪੋਰੇਸ਼ਨ ਦੇ ਕਰਮਚਾਰੀਆਂ ਵੱਲੋਂ ਬੀਐੱਨਪੀ ਆਗੂ ਇਸ਼ਰਾਕ ਹੁਸੈਨ ਨੂੰ ਅਦਾਲਤੀ ਹੁਕਮਾਂ ਅਨੁਸਾਰ ਆਪਣਾ ਮੇਅਰ ਬਣਾਉਣ ਦੀ ਮੰਗ ਨੂੰ ਲੈ ਕੇ ਕੀਤੇ ਗਏ ਪ੍ਰਦਰਸ਼ਨ ਕਾਰਨ ਪ੍ਰਸ਼ਾਸਨਿਕ ਸੇਵਾਵਾਂ ਠੱਪ ਰਹੀਆਂ। ਅੰਤਰਿਮ ਸਰਕਾਰ ਦੀਆਂ ਨੀਤੀਆਂ ਦੇ ਰੋਸ ਵਜੋਂ ਪ੍ਰਸ਼ਾਸਨ ਅਤੇ ਵਪਾਰਕ ਖੇਤਰ ਵਿੱਚ ਵਿਰੋਧ ਪ੍ਰਦਰਸ਼ਨਾਂ ਕਾਰਨ ਪਿਛਲੇ ਕੁਝ ਦਿਨਾਂ ਤੋਂ ਬੰਗਲਾਦੇਸ਼ ਵਿੱਚ ਤਣਾਅ ਬਣਿਆ ਹੋਇਆ ਹੈ। ਬੰਗਲਾਦੇਸ਼ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀਜ਼ ਦੀ ਫੈਡਰੇਸ਼ਨ ਤੇ ਹੋਰ ਵਪਾਰਕ ਚੈਂਬਰਾਂ ਨੇ ਐਤਵਾਰ ਨੂੰ ਚਿੰਤਾਜਨਕ ਸਥਿਤੀ ਦੀ ਸਮੀਖਿਆ ਕਰਨ ਲਈ ਪ੍ਰੈਸ ਕਾਨਫਰੰਸ ਬੁਲਾਈ ਸੀ। ਵਪਾਰੀ ਆਗੂ ਸ਼ੌਕਤ ਅਜ਼ੀਜ਼ ਰਸਲ ਨੇ ਦੱਸਿਆ ਕਿ ਜਿਸ ਤਰ੍ਹਾਂ 1971 ਦੀ ਜੰਗ ਵਿੱਚ ਬੁੱਧੀਜੀਵੀਆਂ ਨੂੰ ਮਾਰਿਆ ਗਿਆ ਸੀ, ਉਸੇ ਤਰ੍ਹਾਂ ਕਾਰੋਬਾਰੀਆਂ ਨੂੰ ਮਾਰਿਆ ਜਾ ਰਿਹਾ ਹੈ।

Share: