CM Bhagwant Mann ਦੇ ਧੂਰੀ ਤੋਂ ਮੁੜ ਚੋਣ ਲੜਨ ਦੇ ਫ਼ੈਸਲੇ ਕਾਰਨ ਵਰਕਰਾਂ ਵਿੱਚ ਖ਼ੁਸ਼ੀ ਦੀ ਲਹਿਰ

CM Bhagwant Mann ਦੇ ਧੂਰੀ ਤੋਂ ਮੁੜ ਚੋਣ ਲੜਨ ਦੇ ਫ਼ੈਸਲੇ ਕਾਰਨ ਵਰਕਰਾਂ ਵਿੱਚ ਖ਼ੁਸ਼ੀ ਦੀ ਲਹਿਰ

ਧੂਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜੋ ਹੁਣ ਇੱਕ ਵਾਰ ਫਿਰ ਤੋਂ 2027 ਦੀ ਵਿਧਾਨ ਸਭਾ ਚੋਣ ਧੂਰੀ ਹਲਕੇ ਤੋਂ ਲੜਨ ਜਾ ਰਹੇ ਹਨ, ਇਸ ਫ਼ੈਸਲੇ ਨਾਲ ਜਿੱਥੇ ਮੁੱਖ ਮੰਤਰੀ ਦੇ ਧੂਰੀ ਦਫ਼ਤਰ ਦੇ ਵੱਡੇ-ਛੋਟੇ ਆਗੂ ਲੱਡੂ ਵੰਡ, ਪਟਾਕੇ ਚਲਾ ਕੇ ਆਪਣੀ ਖ਼ੁਸ਼ੀ ਸਾਂਝੀ ਕਰ ਰਹੇ ਹਨ, ਉੱਥੇ ਹੀ ਸ਼ਹਿਰ ਦੇ ਆਮ ਲੋਕ ਵੀ ਪਾਰਟੀ ਦੇ ਇਸ ਫ਼ੈਸਲੇ ਨਾਲ ਬਾਗੋ-ਬਾਗ਼ ਹਨ। ਮੁੱਖ ਮੰਤਰੀ ਦੇ ਮੁੜ ਧੂਰੀ ਤੋਂ ਚੋਣ ਲੜਨ ਦਾ ਫ਼ੈਸਲਾ ਆਉਂਦਿਆਂ ਹੀ ਮੁੱਖ ਮੰਤਰੀ ਦੇ ਕਰੀਬੀ ‘ਆਪ’ ਦੇ ਸੀਨੀਅਰ ਆਗੂ ਡਾਕਟਰ ਅਨਵਰ ਭਸੌੜ, ਦਲਵੀਰ ਸਿੰਘ ਢਿੱਲੋਂ, ਰਾਜਵੰਤ ਸਿੰਘ ਘੁੱਲੀ, ਹਰਜਿੰਦਰ ਸਿੰਘ ਕਾਂਝਲਾ, ਡਾਕਟਰ ਪੁਸ਼ਪਿੰਦਰ ਸ਼ਰਮਾ, ਕੌਂਸਲਰ ਅਸ਼ਵਨੀ ਧੀਰ, ਰਜਿੰਦਰ ਸਿੰਘ ਲੱਧੜ ਤੋਂ ਇਲਾਵਾ ਹੋਰ ਸੈਂਕੜੇ ਵਰਕਰਾਂ ਨੇ ਭੰਗੜੇ ਪਾਏ, ਢੋਲ ਵਜਾਏ ਅਤੇ ਇੱਕ-ਦੂਸਰੇ ਨੂੰ ਲੱਡੂ ਖੁਆ ਕੇ ਇਸ ਫ਼ੈਸਲੇ ’ਤੇ ਖ਼ੁਸ਼ੀ ਸਾਂਝੀ ਕੀਤੀ।

ਆਗੂਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧੂਰੀ ਹਲਕੇ ਤੋਂ ਪਹਿਲਾਂ ਨਾਲੋਂ ਵੀ ਵੱਧ ਵੋਟਾਂ ਨਾਲ ਜਿਤਾ ਕੇ ਮੁੜ ਪੰਜਾਬ ਦਾ ਮੁੱਖ ਮੰਤਰੀ ਬਣਾਉਣਗੇ। ਉਨ੍ਹਾਂ ਕਿਹਾ ਕਿ ਉਹ ਧੂਰੀ ਹਲਕੇ ਵਿੱਚ ਕੀਤੇ ਵਿਕਾਸ ਕਾਰਜਾਂ ਦੇ ਆਧਾਰ ’ਤੇ ਵੋਟਾਂ ਮੰਗਣਗੇ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਤੋਂ ਬਾਅਦ ਧੂਰੀ ਹਲਕੇ ਵਿੱਚ ਚੋਣ ਲੜਨ ਵਾਲੀਆਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ, ਕਿਉਂਕਿ ਧੂਰੀ ਦੇ ਲੋਕਾਂ ਵਿੱਚ ਸ੍ਰੀ ਮਾਨ ਦਾ ਅਥਾਹ ਪਿਆਰ ਹੈ। ਦੂਸਰੇ ਪਾਸੇ ਹਲਕੇ ਦੇ ਆਮ ਲੋਕਾਂ ਨੇ ਕਿਹਾ ਕਿ ‘ਆਪ’ ਪਾਰਟੀ ਦਾ ਫ਼ੈਸਲਾ ਬਿਲਕੁਲ ਸਹੀ ਸਮੇਂ ’ਤੇ ਆਇਆ ਹੈ। ਇਸ ਫ਼ੈਸਲੇ ਨਾਲ ਧੂਰੀ ਦੇ ਲੋਕਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ, ਕਿਉਂਕਿ ਮਾਨ ਸਰਕਾਰ ਨੇ ਧੂਰੀ ਹਲਕੇ ਵਿੱਚ ਵਿਕਾਸ ਦੀ ਹਨੇਰੀ ਲਿਆ ਦਿੱਤੀ ਹੈ ਅਤੇ ਸ਼ਹਿਰ ਦੇ ਹਰ ਹਿੱਸੇ ਵਿੱਚ ਵਿਕਾਸ ਦੇ ਕੰਮ ਹੁੰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਧੂਰੀ ਦੇ ਲੋਕਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਧੂਰੀ ਹਲਕੇ ਨਾਲ ਸਬੰਧ ਰੱਖਦਾ ਹੈ ਅਤੇ ਲੋਕਾਂ ਦੀ ਇਹ ਵੀ ਮੰਗ ਸੀ ਕਿ ਸ੍ਰੀ ਮਾਨ ਧੂਰੀ ਹਲਕੇ ਤੋਂ ਦੁਬਾਰਾ ਚੋਣ ਲੜਨ, ਜਿਸ ਮੰਗ ਨੂੰ ਪਾਰਟੀ ਨੇ ਪੂਰਾ ਕਰ ਦਿੱਤਾ ਹੈ।

Share: