ਲੰਬੀ : ਲੰਬੀ ਹਲਕੇ ਦੇ ਪਿੰਡ ਚੰਨੂ ਵਿਖੇ ਲੜਕੀ ਨੂੰ ਕਥਿਤ ਤੌਰ ’ਤੇ ਤੰਗ-ਪਰੇਸ਼ਾਨ ਕਰਨ ਦੀ ਰੰਜਿਸ਼ ਨੇ ਖ਼ੂਨੀ ਰੂਪ ਧਾਰ ਲਿਆ। ਸ਼ੁੱਕਰਵਾਰ ਸਵੇਰੇ ਕਰੀਬ ਪੌਣੇ ਨੌਂ ਵਜੇ 19 ਸਾਲਾ ਨੌਜਵਾਨ ਜਸ਼ਨਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਦਾ ਕੁਹਾੜੀ ਨਾਲ ਗਰਦਨ ’ਤੇ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਲੰਬੀ ਪੁਲੀਸ ਨੇ ਮ੍ਰਿਤਕ ਦੀ ਮਾਤਾ ਨਵਨੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਲੜਕੀ ਦੇ ਪਿਤਾ ਮਨਿੰਦਰਪਾਲ ਸਿੰਘ ਖ਼ਿਲਾਫ਼ ਹੱਤਿਆ ਦਾ ਮੁਕੱਦਮਾ ਦਰਜ ਕੀਤਾ ਹੈ। ਪੁਲੀਸ ਅਨੁਸਾਰ ਜਸ਼ਨਪ੍ਰੀਤ ਦੀ ਲਾਸ਼ ਪਿੰਡ ਦੀ ਫਿਰਨੀ ’ਤੇ ਬੀਦੋਵਾਲੀ ਰੋਡ ਨੇੜਿਓਂ ਬਰਾਮਦ ਹੋਈ ਅਤੇ ਕੋਲ ਮੋਟਰਸਾਈਕਲ ਪਿਆ ਸੀ। ਉਸ ਦੀ ਗਰਦਨ ’ਤੇ ਕੁਹਾੜੀ ਨਾਲ ਡੂੰਘਾ ਵਾਰ ਕੀਤਾ ਗਿਆ ਸੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਲੰਬੀ ਦੇ ਮੁਖੀ ਜਸਬੀਰ ਸਿੰਘ ਨੇ ਦੱਸਿਆ ਕਿ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਵਿੱਚ ਫ਼ੋਰੈਂਸਿਕ ਮਾਹਿਰਾਂ ਦੀ ਸਹੂਲਤ ਨਾ ਹੋਣ ਕਾਰਨ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਲਿਜਾਈ ਗਈ ਹੈ।
ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਵੱਲੋਂ ਮਨਿੰਦਰਪਾਲ ਸਿੰਘ ਦੀ ਲੜਕੀ ਨੂੰ ਕਥਿਤ ਤੌਰ ’ਤੇ ਤੰਗ-ਪਰੇਸ਼ਾਨ ਕਰਨ ਦੇ ਮਾਮਲੇ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿਚਾਲੇ ਕਰੀਬ ਡੇਢ ਸਾਲ ਤੋਂ ਤਣਾਅ ਚੱਲ ਰਿਹਾ ਸੀ। ਵਿਵਾਦ ਸੁਲਝਾਉਣ ਲਈ ਪੰਚਾਇਤੀ ਪੱਧਰ ’ਤੇ ਸਮਝੌਤੇ ਦੇ ਯਤਨ ਵੀ ਕੀਤੇ ਗਏ ਸਨ ਅਤੇ ਮਾਮਲਾ ਕੁਝ ਸਮਾਂ ਪਹਿਲਾਂ ਥਾਣੇ ਤੱਕ ਵੀ ਪੁੱਜਿਆ ਸੀ, ਪਰ ਦੋਵਾਂ ਪਰਿਵਾਰਾਂ ਵਿਚਾਲੇ ਖਿੱਚੋਤਾਣ ਜਾਰੀ ਰਹੀ। ਆਖ਼ਰਕਾਰ ਇਹ ਤੰਗ-ਪਰੇਸ਼ਾਨੀ ਦਾ ਮਸਲਾ ਕਤਲ ਦੀ ਵਾਰਦਾਤ ਵਿੱਚ ਬਦਲ ਗਿਆ।
ਪੁਲੀਸ ਰਿਕਾਰਡ ਅਨੁਸਾਰ ਮ੍ਰਿਤਕ ਜਸ਼ਨਪ੍ਰੀਤ ਸਿੰਘ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਦੋ ਮੁਕੱਦਮੇ ਦਰਜ ਸਨ ਅਤੇ ਉਹ ਜ਼ਮਾਨਤ ’ਤੇ ਚੱਲ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਉਸ ਦੇ ਪਰਿਵਾਰ ਦਾ ਬੀਦੋਵਾਲੀ ਵਿਖੇ ਮੈਡੀਕਲ ਸਟੋਰ ਵੀ ਹੈ। ਉੱਧਰ, ਵਾਰਦਾਤ ਤੋਂ ਬਾਅਦ ਮੁਲਜ਼ਮ ਮਨਿੰਦਰਪਾਲ ਸਿੰਘ ਦੇ ਪੁਲੀਸ ਕੋਲ ਪੇਸ਼ ਹੋਣ ਦੀ ਚਰਚਾ ਰਹੀ, ਪਰ ਲੰਬੀ ਪੁਲੀਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਪੁਲੀਸ ਅਨੁਸਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

