T20 New Zealand vs India: ਚੌਥੇ ਟੀ-20 ’ਚ ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾਇਆ

T20 New Zealand vs India: ਚੌਥੇ ਟੀ-20 ’ਚ ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾਇਆ

ਆਕਲੈਂਡ : ਗਲੈੱਨ ਫਿਲਿਪਸ ਦੇ ਤੂਫ਼ਾਨੀ ਸੈਂਕੜੇ ਮਗਰੋਂ ਤੇਜ਼ ਗੇਂਦਬਾਜ਼ ਜੈਕਬ ਡਫੀ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਨੇ ਪੰਜ ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਦੇ ਚੌਥੇ ਮੁਕਾਬਲੇ ’ਚ ਅੱਜ ਇੱਥੇ ਭਾਰਤ ਨੂੰ 87 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਭਾਰਤੀ ਟੀਮ ਸ਼ੁਰੂਆਤੀ ਤਿੰਨ ਮੁਕਾਬਲੇ ਜਿੱਤ ਕੇ ਪਹਿਲਾਂ ਹੀ ਲੜੀ ਆਪਣੇ ਨਾਂ ਕਰ ਚੁੱਕੀ ਹੈ। ਇਸ ਜਿੱਤ ਨਾਲ ਨਿਊਜ਼ੀਲੈਂਡ ਨੇ ਲੜੀ ’ਚ ਹਾਰ ਦਾ ਫਰਕ 1-3 ਕਰ ਦਿੱਤਾ ਹੈ।

‘ਪਲੇਅਰ ਆਫ ਦਿ ਮੈਚ’ ਫਿਲਿਪਸ ਨੇ 49 ਗੇਂਦਾਂ ’ਚ 107 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਜਦਕਿ ਮਾਈਕਲ ਬ੍ਰੇਸਵੈੱਲ ਨੇ ਸਿਰਫ਼ 25 ਗੇਂਦਾਂ ’ਚ 65 ਦੌੜਾਂ ਬਣਾਈਆਂ। ਦੋਵਾਂ ਨੇ ਪੰਜਵੀਂ ਵਿਕਟ ਲਈ ਸਿਰਫ਼ 41 ਗੇਂਦਾਂ ’ਚ 115 ਦੌੜਾਂ ਦੀ ਭਾਈਵਾਲੀ ਕਰ ਕੇ ਨਿਊਜ਼ੀਲੈਂਡ ਨੂੰ ਸੱਤ ਵਿਕਟਾਂ ’ਤੇ 259 ਦੌੜਾਂ ਦੇ ਵੱਡੇ ਸਕੋਰ ਤੱਕ ਪਹੁੰਚਾਇਆ। ਇਹ ਟੀ-20 ਕੌਮਾਂਤਰੀ ਕ੍ਰਿਕਟ ’ਚ ਭਾਰਤ ਖ਼ਿਲਾਫ਼ ਕਿਸੇ ਵੀ ਟੀਮ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਦੇ ਜਵਾਬ ’ਚ ਭਾਰਤੀ ਟੀਮ ਨੌਂ ਵਿਕਟਾਂ ਗੁਆ ਕੇ 172 ਦੌੜਾਂ ਹੀ ਬਣਾ ਸਕੀ। ਟੀਚੇ ਦਾ ਪਿੱਛਾ ਕਰਨ ਮੈਦਾਨ ’ਚ ਉਤਰੀ ਭਾਰਤੀ ਟੀਮ ਨੂੰ ਚੰਗੀ ਸ਼ੁਰੂਆਤ ਦਰਕਾਰ ਸੀ ਪਰ ਤੇਜ਼ ਗੇਂਦਬਾਜ਼ ਡਫੀ ਨੇ ਪਹਿਲੇ ਹੀ ਓਵਰ ’ਚ ਸੰਜੂ ਸੈਮਸਨ (4) ਅਤੇ ਇਸ਼ਾਨ ਕਿਸ਼ਨ (0) ਨੂੰ ਆਊਟ ਕਰ ਕੇ ਉਸ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ। ਭਾਰਤ ਵੱਲੋਂ ਤੀਜੀ ਵਿਕਟ ਲਈ ਕਪਤਾਨ ਸ਼੍ਰੇਅਸ ਅਈਅਰ (22) ਅਤੇ ਅਭਿਸ਼ੇਕ ਸ਼ਰਮਾ (27) ਦਰਮਿਆਨ 46 ਦੌੜਾਂ ਦੀ ਭਾਈਵਾਲੀ ਸਭ ਤੋਂ ਵੱਡੀ ਰਹੀ। ਤਿਲਕ ਵਰਮਾ ਨੇ 35 ਗੇਂਦਾਂ ’ਚ 35 ਦੌੜਾਂ ’ਤੇ ਨਾਬਾਦ ਰਹਿ ਕੇ ਟੀਮ ਨੂੰ ਆਲ ਆਊਟ ਹੋਣ ਤੋਂ ਬਚਾਇਆ। ਪ੍ਰਿੰਸ ਯਾਦਵ ਵੀ 18 ਦੌੜਾਂ ਬਣਾ ਕੇ ਨਾਬਾਦ ਰਿਹਾ। ਨਿਊਜ਼ੀਲੈਂਡ ਵੱਲੋਂ ਜੈਕਬ ਡਫੀ ਨੇ 4 ਅਤੇ ਮੈਥਿਊ ਫਿਸ਼ਰ ਤੇ ਮਿਸ਼ੈਲ ਸੈਂਟਨਰ ਨੇ 2-2 ਵਿਕਟਾਂ ਹਾਸਲ ਕੀਤੀਆਂ। ਭਾਰਤ ਵੱਲੋਂ ਮਯੰਕ ਯਾਦਵ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ।

Share: