Bikram Singh Majithia ਖ਼ਿਲਾਫ਼ ਪੰਜਾਬ ਵਿਜੀਲੈਂਸ ਵੱਲੋਂ 40,000 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ

Bikram Singh Majithia ਖ਼ਿਲਾਫ਼ ਪੰਜਾਬ ਵਿਜੀਲੈਂਸ ਵੱਲੋਂ 40,000 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਡਰੱਗ-ਮਨੀ ਮਾਮਲੇ ਵਿੱਚ ਲਗਪਗ 40,000 ਪੰਨਿਆਂ ਦੀ ਪੂਰਕ ਚਾਰਜਸ਼ੀਟ (ਸਪਲੀਮੈਂਟਰੀ ਦੋਸ਼ ਪੱਤਰ) ਦਾਖ਼ਲ ਕੀਤੀ ਗਈ ਹੈ। ਸਰਕਾਰੀ ਬੁਲਾਰੇ ਅਨੁਸਾਰ ਜਾਂਚ ਦੌਰਾਨ ਇਸ ਮਾਮਲੇ ਨਾਲ ਜੁੜੇ ਲਗਪਗ 736.96 ਕਰੋੜ ਰੁਪਏ ਦੀ ਡਰੱਗ-ਮਨੀ (ਨਸ਼ੇ ਦੀ ਕਮਾਈ) ਦੇ ਲੈਣ-ਦੇਣ ਦਾ ਪਤਾ ਲਗਾਇਆ ਗਿਆ ਹੈ। ਇਸ ਵਿੱਚ 161 ਕਰੋੜ ਰੁਪਏ ਦੇ ਗ਼ੈਰ-ਹਿਸਾਬੀ ਨਕਦ ਜਮ੍ਹਾਂ, 141 ਕਰੋੜ ਰੁਪਏ ਸ਼ੱਕੀ ਵਿਦੇਸ਼ੀ ਇਕਾਈਆਂ ਰਾਹੀਂ ਭੇਜੇ ਗਏ ਅਤੇ 236 ਕਰੋੜ ਰੁਪਏ ਕੰਪਨੀਆਂ ਦੇ ਖਾਤਿਆਂ ਵਿੱਚ ਅਣ-ਐਲਾਨੀ ਰਕਮ ਵਜੋਂ ਸ਼ਾਮਲ ਹਨ। ਬੁਲਾਰੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਦਾਖ਼ਲ ਕੀਤੀ ਗਈ ਪਹਿਲੀ ਚਾਰਜਸ਼ੀਟ ਵਿੱਚ 540 ਕਰੋੜ ਰੁਪਏ ਦੀਆਂ ਸੰਪਤੀਆਂ ਦਾ ਜ਼ਿਕਰ ਕੀਤਾ ਗਿਆ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਜਾਂਚ ਵਿੱਚ ਮਜੀਠੀਆ ਦੇ ਵਿੱਤੀ ਨੈੱਟਵਰਕ, ਸ਼ਰਾਬ ਕੰਪਨੀਆਂ ਦੇ ਤਬਾਦਲਿਆਂ (ਟ੍ਰਾਂਸਫਰਾਂ) ਅਤੇ ਅੰਤਰਰਾਸ਼ਟਰੀ ਤਸਕਰਾਂ ਨਾਲ ਕਥਿਤ ਸਬੰਧਾਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਕੇਸ ਦੇ ਪੁਰਾਣੇ ਰਿਕਾਰਡਾਂ ਵਿੱਚ ਸਤਪ੍ਰੀਤ ਸਿੰਘ ਉਰਫ਼ ‘ਸੱਤਾ’ ਅਤੇ ਪਰਮਿੰਦਰ ਸਿੰਘ ਉਰਫ਼ ‘ਪਿੰਡੀ’ ਨਾਲ ਉਨ੍ਹਾਂ ਦੇ ਸਬੰਧਾਂ ’ਤੇ ਵੀ ਸਵਾਲ ਖੜ੍ਹੇ ਕੀਤੇ ਗਏ ਸਨ, ਜਿਸ ਵਿੱਚ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਆਪਣੀ ਗੱਡੀ ਵਿੱਚ ਲੈ ਕੇ ਜਾਣ ਦੇ ਦਾਅਵੇ ਵੀ ਸ਼ਾਮਲ ਹਨ।

ਸਰਕਾਰੀ ਬੁਲਾਰੇ ਨੇ ਕਿਹਾ ਕਿ ਜਾਂਚ ਵਿੱਚ ਮਜੀਠੀਆ ਨਾਲ ਜੁੜੀਆਂ ਕੰਪਨੀਆਂ ਦੇ ਵਿੱਤੀ ਲੈਣ-ਦੇਣ ਦੀ ਵੀ ਜਾਂਚ ਕੀਤੀ ਗਈ ਹੈ, ਜਿਸ ਵਿੱਚ ‘ਸਰਾਇਆ ਇੰਡਸਟਰੀਜ਼’ ਪ੍ਰਮੁੱਖ ਤੌਰ ’ਤੇ ਸਾਹਮਣੇ ਆਈ ਹੈ। ਜਾਂਚ ਦੌਰਾਨ ਸ਼ਰਾਬ ਕੰਪਨੀਆਂ, ਸ਼ੱਕੀ ਵਿਦੇਸ਼ੀ ਇਕਾਈਆਂ ਅਤੇ ਅਕਾਲੀ ਆਗੂ ਨਾਲ ਜੁੜੇ ਵਪਾਰਕ ਸਹਿਯੋਗੀਆਂ ਦੇ ਲੈਣ-ਦੇਣ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

Share: