ਨਵੀਂ ਦਿੱਲੀ : ਕੈਂਪਸ ਵਿੱਚ ਹੋਈ ਹਿੰਸਾ ਦੇ ਮੁੱਦੇ ’ਤੇ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠੇ ਸਤਿਆਜੀਤ ਰੇਅ ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ (SRFTI) ਦੇ ਵਿਦਿਆਰਥੀਆਂ ਦੇ ਸਮਰਥਨ ਵਿੱਚ ਬੋਲਦਿਆਂ ਦਿੱਗਜ ਅਦਾਕਾਰ ਨਸੀਰੂਦੀਨ ਸ਼ਾਹ ਨੇ ਭਾਜਪਾ ਸਰਕਾਰ ’ਤੇ ‘ਬਦਲਾਖੋਰੀ’ ਦੇ ਦੋਸ਼ ਲਾਏ ਸਨ। ਇਸ ਤੋਂ ਬਾਅਦ ਇੰਸਟੀਚਿਊਟ ਨੇ ਸੋਮਵਾਰ ਨੂੰ 6 ਵਿਦਿਆਰਥੀਆਂ ਨੂੰ ਇੱਕ ਸਾਲ ਲਈ ਮੁਅੱਤਲ (ਰਸਟੀਕੇਟ) ਕਰਨ ਦੇ ਆਪਣੇ ਫ਼ੈਸਲੇ ਦਾ ਬਚਾਅ ਕੀਤਾ ਹੈ। ਇੰਸਟੀਚਿਊਟ ਨੇ ਸਪੱਸ਼ਟ ਕੀਤਾ ਕਿ ਇਹ ਕਾਰਵਾਈ ਤੋੜ-ਫੋੜ ਅਤੇ ਕੁੱਟਮਾਰ ਸਮੇਤ ਬਦਸਲੂਕੀ ਦੇ ਦੋਸ਼ਾਂ ਕਾਰਨ ਕੀਤੀ ਗਈ ਹੈ, ਨਾ ਕਿ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਕਰਕੇ।
ਇੱਕ ਇੰਸਟਾਗ੍ਰਾਮ ਵੀਡੀਓ ਵਿੱਚ, 76 ਸਾਲਾ ਸ਼ਾਹ ਨੇ ਦੋਸ਼ ਲਾਇਆ ਸੀ ਕਿ ਇਸ ਸਾਲ ਦੇ ਸ਼ੁਰੂ ਵਿੱਚ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਹੇਰ-ਫੇਰ ਵਾਲੀ ਜਿੱਤ ਤੋਂ ਬਾਅਦ, ਭਾਜਪਾ ਹੁਣ ਉਨ੍ਹਾਂ ਲੋਕਾਂ ਤੋਂ ਬਦਲਾ ਲੈ ਰਹੀ ਹੈ ਜੋ ਉਨ੍ਹਾਂ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਕਿਹਾ ਕਿ ਇੰਸਟੀਚਿਊਟ ਦੇ ਵਿਦਿਆਰਥੀ ਇਸ ਬਦਲਾਖੋਰੀ ਦਾ ਤਾਜ਼ਾ ਸ਼ਿਕਾਰ ਬਣੇ ਹਨ, ਜਿਨ੍ਹਾਂ ਨੂੰ ਜਵਾਬਦੇਹੀ ਮੰਗਣ ’ਤੇ ਨੋਟਿਸ ਦਿੱਤੇ ਗਏ, ਨਿਗਰਾਨੀ ਹੇਠ ਰੱਖਿਆ ਗਿਆ ਅਤੇ ਹੋਸਟਲ ਖਾਲੀ ਕਰਨ ਦੇ ਹੁਕਮ ਦਿੱਤੇ ਗਏ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਆਉਂਦੇ ਇਸ ਕੋਲਕਾਤਾ ਸਥਿਤ ਇੰਸਟੀਚਿਊਟ ਨੇ ਸ਼ਾਹ ਦਾ ਨਾਂ ਲਏ ਬਿਨਾਂ ਕਿਹਾ ਕਿ ਅਨੁਸ਼ਾਸਨੀ ਕਾਰਵਾਈ ਨਿਯਮਾਂ ਦੀ ਉਲੰਘਣਾ ਕਾਰਨ ਕੀਤੀ ਗਈ ਹੈ, ਨਾ ਕਿ ਸ਼ਾਂਤੀਪੂਰਨ ਧਰਨਿਆਂ ਦੇ ਖ਼ਿਲਾਫ਼।
ਦੂਜੇ ਪਾਸੇ, ਵਿਦਿਆਰਥੀ 12 ਅਕਤੂਬਰ ਤੋਂ ਵਾਈਸ ਚਾਂਸਲਰ ਸੰਤੋਸ਼ ਅਜਮੇਰਾ ਦੇ ਦਫ਼ਤਰ ਬਾਹਰ ਧਰਨੇ ’ਤੇ ਬੈਠੇ ਹਨ ਅਤੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਇੰਸਟੀਚਿਊਟ ਨੇ 16 ਅਕਤੂਬਰ ਨੂੰ ਇੱਕ ਹੁਕਮ ਜਾਰੀ ਕਰਕੇ 13 ਨਵੰਬਰ ਤੱਕ ਸਾਰੀਆਂ ਪੜ੍ਹਾਈਆਂ ਮੁਅੱਤਲ ਕਰ ਦਿੱਤੀਆਂ ਸਨ ਅਤੇ ਵਿਦਿਆਰਥੀਆਂ ਨੂੰ 24 ਘੰਟਿਆਂ ਦੇ ਅੰਦਰ ਕੈਂਪਸ ਛੱਡਣ ਲਈ ਕਿਹਾ ਸੀ। ਹਾਲਾਂਕਿ, ਪ੍ਰਦਰਸ਼ਨਕਾਰੀ ਵਿਦਿਆਰਥੀ ਆਪਣੀਆਂ ਮੰਗਾਂ ’ਤੇ ਡਟੇ ਹੋਏ ਹਨ।

