ਸੁਲਤਾਨਪੁਰ (ਯੂਪੀ) : ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਸੋਮਵਾਰ ਨੂੰ ਇੱਥੋਂ ਦੀ ਇੱਕ ਐੱਮਪੀ-ਐੱਮ ਐੱਲ ਏ ਅਦਾਲਤ ਨੇ 2018 ਵਿੱਚ ਤਤਕਾਲੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਖ਼ਿਲਾਫ਼ ਕੀਤੀ ਗਈ ਟਿੱਪਣੀ ਨਾਲ ਸਬੰਧਤ ਮਾਣਹਾਨੀ ਕੇਸ ਵਿੱਚ ਬਰੀ ਕਰ ਦਿੱਤਾ ਹੈ। ਫੈਸਲਾ ਸੁਣਾਏ ਜਾਣ ਮੌਕੇ ਰਾਹੁਲ ਗਾਂਧੀ ਅਦਾਲਤ ਵਿੱਚ ਮੌਜੂਦ ਸਨ। ਉਨ੍ਹਾਂ ਨੇ ਇਹ ਟਿੱਪਣੀ 2018 ਦੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੰਗਲੁਰੂ ਦੀ ਇੱਕ ਰੈਲੀ ਵਿੱਚ ਕੀਤੀ ਸੀ। ਜ਼ਿਕਰਯੋਗ ਹੈ ਕਿ ਸੁਲਤਾਨਪੁਰ ਦੇ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਅਤੇ ਸਥਾਨਕ ਭਾਜਪਾ ਆਗੂ ਵਿਜੇ ਮਿਸ਼ਰਾ ਨੇ 4 ਅਗਸਤ 2018 ਨੂੰ ਰਾਹੁਲ ਗਾਂਧੀ ਖ਼ਿਲਾਫ਼ ਇਹ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਰਾਹੁਲ ਗਾਂਧੀ 2023 ਵਿੱਚ ਅਦਾਲਤ ਵਿੱਚ ਪੇਸ਼ ਹੋਏ ਸਨ ਅਤੇ ਜ਼ਮਾਨਤ ਹਾਸਲ ਕੀਤੀ ਸੀ। ਅਦਾਲਤ ਵੱਲੋਂ ਪਹਿਲਾਂ ਇਸ ਫੈਸਲੇ ਲਈ 13 ਅਕਤੂਬਰ ਦੀ ਤਰੀਕ ਤੈਅ ਕੀਤੀ ਗਈ ਸੀ, ਜਿਸ ਨੂੰ ਬਾਅਦ ਵਿੱਚ ਬਦਲ ਕੇ 26 ਅਕਤੂਬਰ ਕਰ ਦਿੱਤਾ ਗਿਆ ਸੀ।
ਆਪਸ ਵਿੱਚ ਟਕਰਾਈਆਂ ਰਾਹੁਲ ਗਾਂਧੀ ਦੇ ਕਾਫ਼ਲੇ ਦੀਆਂ ਗੱਡੀਆਂ
ਇਸ ਤੋਂ ਪਹਿਲਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਜਦੋਂ ਆਪਣੇ ਖ਼ਿਲਾਫ਼ ਦਰਜ ਮਾਣਹਾਨੀ ਦੇ ਮਾਮਲੇ ਵਿੱਚ ਅਦਾਲਤੀ ਸੁਣਵਾਈ ਲਈ ਸੁਲਤਾਨਪੁਰ ਜਾ ਰਹੇ ਸਨ, ਉਦੋਂ ਉਨ੍ਹਾਂ ਦੇ ਕਾਫ਼ਲੇ ਦੀਆਂ ਕੁਝ ਗੱਡੀਆਂ ਪੂਰਵਾਂਚਲ ਐਕਸਪ੍ਰੈੱਸ-ਵੇਅ ’ਤੇ ਆਪਸ ਵਿੱਚ ਟਕਰਾ ਗਈਆਂ। ਇੱਕ ਪੁਲੀਸ ਅਧਿਕਾਰੀ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਗੰਭੀਰ ਨਹੀਂ ਸੀ ਅਤੇ ਕਿਸੇ ਦੇ ਵੀ ਵੱਡੀ ਸੱਟ ਲੱਗਣ ਦੀ ਖ਼ਬਰ ਨਹੀਂ ਹੈ।

