BRICS Parliamentary Forum: ਇਰਾਨ ਦੇ ਸਪੀਕਰ ਗ਼ਾਲੀਬਾਫ਼ ਬੈਠਕ ’ਚ ਨਹੀਂ ਆਉਣਗੇ; 13 ਦੇਸ਼ ਲੈਣਗੇ ਹਿੱਸਾ

BRICS Parliamentary Forum: ਇਰਾਨ ਦੇ ਸਪੀਕਰ ਗ਼ਾਲੀਬਾਫ਼ ਬੈਠਕ ’ਚ ਨਹੀਂ ਆਉਣਗੇ; 13 ਦੇਸ਼ ਲੈਣਗੇ ਹਿੱਸਾ

ਨਵੀਂ ਦਿੱਲੀ : ਇਰਾਨੀ ਸੰਸਦ ਦੇ ਸਪੀਕਰ ਅਤੇ ਪੱਛਮੀ ਏਸ਼ੀਆ ਸੰਕਟ ਬਾਰੇ ਮੁੱਖ ਵਾਰਤਾਕਾਰ ਮੁਹੰਮਦ ਬਾਕਿਰ ਗ਼ਾਲੀਬਾਫ਼ 26-27 ਅਕਤੂਬਰ ਨੂੰ ਦਿੱਲੀ ਵਿੱਚ ਹੋਣ ਵਾਲੇ 12ਵੇਂ ਬ੍ਰਿਕਸ ਸੰਸਦੀ ਫ਼ੋਰਮ ਵਿੱਚ ਹਿੱਸਾ ਨਹੀਂ ਲੈਣਗੇ। ਨਵੀਂ ਦਿੱਲੀ ਸਥਿਤ ਇਰਾਨੀ ਦੂਤਾਵਾਸ ਨੇ ਦੱਸਿਆ ਕਿ ਅਣਕਿਆਸੇ ਹਾਲਾਤਾਂ ਕਾਰਨ ਉਹ ਨਹੀਂ ਆ ਸਕਣਗੇ, ਪਰ ਇੱਕ ਇਰਾਨੀ ਸੰਸਦੀ ਵਫ਼ਦ ਅਹਿਮਦ ਨਾਦੇਰੀ ਦੀ ਅਗਵਾਈ ਵਿੱਚ ਸ਼ਾਮਲ ਹੋਵੇਗਾ। ਇਸ ਫ਼ੋਰਮ ਵਿੱਚ 13 ਦੇਸ਼ ਹਿੱਸਾ ਲੈ ਰਹੇ ਹਨ, ਜਿਨ੍ਹਾਂ ਵਿੱਚ 6 ਬ੍ਰਿਕਸ ਮੈਂਬਰ (ਰੂਸ, ਬ੍ਰਾਜ਼ੀਲ, ਚੀਨ, ਮਿਸਰ, ਯੂਏਈ, ਇਰਾਨ) ਅਤੇ 7 ਭਾਈਵਾਲ ਦੇਸ਼ (ਬੇਲਾਰੂਸ, ਕਿਊਬਾ, ਥਾਈਲੈਂਡ, ਵੀਅਤਨਾਮ, ਕਜ਼ਾਕਿਸਤਾਨ, ਉਗਾਂਡਾ, ਉਜ਼ਬੇਕਿਸਤਾਨ) ਸ਼ਾਮਲ ਹਨ। ਰੂਸ ਸਟੇਟ ਡੂਮਾ ਦੇ ਚੇਅਰਮੈਨ ਵੋਲੋਡਿਨ ਵਿਆਚਲੇਵ ਦੀ ਅਗਵਾਈ ਹੇਠ ਸਭ ਤੋਂ ਵੱਡਾ (10 ਐੱਮਪੀਆਂ ਦਾ) ਵਫ਼ਦ ਭੇਜ ਰਿਹਾ ਹੈ। ਯੂਏਈ, ਥਾਈਲੈਂਡ ਤੇ ਉਗਾਂਡਾ ਦੇ ਵਫ਼ਦਾਂ ਦੀ ਅਗਵਾਈ ਵੀ ਉਨ੍ਹਾਂ ਦੇ ਸਪੀਕਰ ਕਰਨਗੇ, ਜਦਕਿ ਚੀਨ, ਬੇਲਾਰੂਸ ਤੇ ਕਿਊਬਾ ਦੇ ਵਫ਼ਦ ਡਿਪਟੀ ਸਪੀਕਰਾਂ ਦੀ ਅਗਵਾਈ ਹੇਠ ਪੁੱਜਣਗੇ। ਇਹ ਸੰਮੇਲਨ ਸੰਵਿਧਾਨ ਸਦਨ ਦੇ ਸੈਂਟਰਲ ਹਾਲ ਵਿੱਚ “ਲੋਕ-ਕੇਂਦਰਿਤ ਵਿਕਾਸ ਲਈ ਸੰਸਦਾਂ ਨੂੰ ਮਜ਼ਬੂਤ ਕਰਨਾ” ਥੀਮ ਹੇਠ ਹੋਵੇਗਾ। ਲੋਕ ਸਭਾ ਸਪੀਕਰ ਓਮ ਬਿਰਲਾ ਮੁੱਖ ਭਾਸ਼ਣ ਦੇਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵਫ਼ਦਾਂ ਨਾਲ ਗੱਲਬਾਤ ਕਰਨਗੇ, ਜਿਸ ਵਿੱਚ ਏਆਈ ਦੀ ਮਨੁੱਖੀ ਵਰਤੋਂ, ਡਿਜੀਟਲ ਤਕਨਾਲੋਜੀ ਅਤੇ ਗਲੋਬਲ ਗਵਰਨੈਂਸ ’ਚ ਸੁਧਾਰ ਵਰਗੇ ਮੁੱਦਿਆਂ ’ਤੇ ਚਰਚਾ ਹੋਵੇਗੀ। ਇਸ ਤੋਂ ਇਲਾਵਾ ਵਿਸ਼ਵ ਟਕਰਾਵਾਂ ਅਤੇ ਲੋਕਤੰਤਰਾਂ ’ਤੇ ਪੈ ਰਹੇ ਦਬਾਅ ’ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਬੈਠਕ ਦੇ ਅੰਤ ਵਿੱਚ ਸਾਂਝਾ ਬਿਆਨ ਜਾਰੀ ਹੋਣ ਦੀ ਉਮੀਦ ਹੈ।

Share: