Punjab ’ਚ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਅਧੀਨ ਅਸੁਰੱਖਿਅਤ ਬੱਸਾਂ ਦੀ ਵਰਤੋਂ ਬਾਰੇ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਨੋਟਿਸ

Punjab ’ਚ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਅਧੀਨ ਅਸੁਰੱਖਿਅਤ ਬੱਸਾਂ ਦੀ ਵਰਤੋਂ ਬਾਰੇ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਨੋਟਿਸ

ਚੰਡੀਗੜ੍ਹ : ਪੰਜਾਬ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਚੱਲਣ ਵਾਲੀਆਂ ਏਸੀ ਸਲੀਪਰ ਬੱਸਾਂ ਦੀ ਸੁਰੱਖਿਆ ’ਤੇ ਉੱਠੇ ਸਵਾਲਾਂ ਦਾ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਨੇ ਨੋਟਿਸ ਲਿਆ ਹੈ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਆਂਕ ਕਾਨੂਨਗੋ ਦੀ ਅਗਵਾਈ ਵਾਲੇ ਬੈਂਚ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਦੇ ਸਕੱਤਰ ਨੂੰ ਨੋਟਿਸ ਜਾਰੀ ਕਰ ਕੇ ਸੱਤ ਦਿਨਾਂ ਵਿੱਚ ਉਕਤ ਮਾਮਲੇ ਦੀ ਨਿੱਜੀ ਤੌਰ ਉੱਤੇ ਪੜਤਾਲ ਕਰਨ ਅਤੇ ਬਣਦੀ ਕਾਰਵਾਈ ਕਰਕੇ ਕਾਰਵਾਈ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਹਨ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚੀ ਸ਼ਿਕਾਇਤ ਵਿੱਚ ਬੱਸਾਂ ਦੇ ਢਾਂਚੇ ਵਿੱਚ ਕਥਿਤ ਗ਼ੈਰ-ਕਾਨੂੰਨੀ ਤਬਦੀਲੀਆਂ, ਡਰਾਈਵਰ ਕੈਬਿਨ ਅਤੇ ਯਾਤਰੀਆਂ ਦੇ ਹਿੱਸੇ ਵਿਚਕਾਰ ਪਾਰਟੀਸ਼ਨ, ਐਮਰਜੈਂਸੀ ਨਿਕਾਸ ਵਿੱਚ ਰੁਕਾਵਟਾਂ ਅਤੇ ਅੱਗ ਤੋਂ ਬਚਾਅ ਦੇ ਨਾਕਾਫ਼ੀ ਪ੍ਰਬੰਧਾਂ ਦੇ ਦੋਸ਼ ਲਾਏ ਗਏ ਹਨ।  ਕਮਿਸ਼ਨ ਨੇ ਸਾਰੀਆਂ ਬੱਸਾਂ ਦੀ ਤੁਰੰਤ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ ਵਾਲੀਆਂ ਬੱਸਾਂ ਨੂੰ ਕਮੀਆਂ ਦੂਰ ਹੋਣ ਤੱਕ ਸੇਵਾ ਤੋਂ ਹਟਾਉਣਾ ਹੋਵੇਗਾ। ਰਿਪੋਰਟ ਵਿੱਚ ਬੱਸਾਂ ਦੀ ਗਿਣਤੀ, ਜਾਂਚ, ਕਮੀਆਂ, ਸੁਧਾਰ ਅਤੇ ਜ਼ਿੰਮੇਵਾਰ ਅਧਿਕਾਰੀਆਂ ਤੇ ਆਪਰੇਟਰਾਂ ਖ਼ਿਲਾਫ਼ ਕਾਰਵਾਈ ਬਾਰੇ ਜਾਣਕਾਰੀ ਦੇਣ ਦੇ ਆਦੇਸ਼ ਦਿੱਤੇ ਹਨ।

Share: