British Columbia Election: ਬਠਿੰਡਾ ਦੇ ਪਿੰਡ ਦਿਉਣ ਦਾ ਜਗਰੂਪ ਬਰਾੜ ਮੁੜ ਚੋਣ ਮੈਦਾਨ ’ਚ

British Columbia Election: ਬਠਿੰਡਾ ਦੇ ਪਿੰਡ ਦਿਉਣ ਦਾ ਜਗਰੂਪ ਬਰਾੜ ਮੁੜ ਚੋਣ ਮੈਦਾਨ ’ਚ

ਬਠਿੰਡਾ : ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਉਣ ਨਾਲ ਸਬੰਧਤ ਜਗਰੂਪ ਸਿੰਘ ਬਰਾੜ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ-ਫਲੀਟਵੁੱਡ ਵਿਧਾਨ ਸਭਾ ਹਲਕੇ ਤੋਂ ਨਿਊ ਡੈਮੋਕ੍ਰੈਟਿਕ ਪਾਰਟੀ (NDP) ਦੇ ਉਮੀਦਵਾਰ ਵਜੋਂ ਮੁੜ ਚੋਣ ਮੈਦਾਨ ਵਿੱਚ ਹਨ। ਉਹ ਸੱਤਵੀਂ ਵਾਰ ਵਿਧਾਇਕ ਬਣਨ ਲਈ ਆਪਣੀ ਚੋਣ ਲਈ ਡਟੇ ਹੋਏ ਹਨ। ਉਨ੍ਹਾਂ ਦੀ ਉਮੀਦਵਾਰੀ ਨਾਲ ਪੰਜਾਬੀ ਭਾਈਚਾਰੇ ਵਿੱਚ ਵੀ ਖਾਸ ਉਤਸ਼ਾਹ ਤੇ ਭਰਵਾਂ ਹੁੰਗਰਾ ਮਿਲ ਰਿਹਾ ਹੈ। ਬਰਾੜ ਲਗਾਤਾਰ ਸਥਾਨਕ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਵਿਧਾਨ ਸਭਾ ਵਿੱਚ ਉਠਾਉਂਦੇ ਰਹੇ ਹਨ। ਉਹ ਸਿਹਤ ਸਹੂਲਤਾਂ, ਸਿੱਖਿਆ, ਰੋਜ਼ਗਾਰ, ਆਵਾਜਾਈ ਅਤੇ ਬੁਨਿਆਦੀ ਢਾਂਚੇ ਨਾਲ ਜੁੜੇ ਮਸਲਿਆਂ ’ਤੇ ਸਰਗਰਮ ਰਹੇ ਹਨ।

ਸਰੀ ਵਿੱਚ ਨਵੇਂ ਹਸਪਤਾਲ ਅਤੇ ਕੈਂਸਰ ਸੈਂਟਰ ਸਮੇਤ ਸਿਹਤ ਸੇਵਾਵਾਂ ਦੇ ਵਿਸਥਾਰ ਦੇ ਪ੍ਰਾਜੈਕਟ ਵੀ ਉਨ੍ਹਾਂ ਦੇ ਹਲਕੇ ਦੇ ਅਹਿਮ ਮੁੱਦਿਆਂ ਵਿੱਚ ਸ਼ਾਮਲ ਹਨ। ਵਧਦੀ ਆਬਾਦੀ ਦੇ ਮੱਦੇਨਜ਼ਰ ਹਸਪਤਾਲਾਂ ਵਿੱਚ ਸਹੂਲਤਾਂ ਵਧਾਉਣ, ਮਰੀਜ਼ਾਂ ਲਈ ਇਲਾਜ ਦੀ ਉਡੀਕ ਘਟਾਉਣ ਅਤੇ ਸਿਹਤ ਸੇਵਾਵਾਂ ਨੂੰ ਲੋਕਾਂ ਦੇ ਨੇੜੇ ਲਿਆਉਣ ਦੀ ਮੰਗ ਲਗਾਤਾਰ ਉੱਠਦੀ ਰਹੀ ਹੈ। ਬਰਾੜ ਨੇ ਇਨ੍ਹਾਂ ਮੁੱਦਿਆਂ ਨੂੰ ਆਪਣੀ ਚੋਣ ਮੁਹਿੰਮ ਦਾ ਕੇਂਦਰ ਬਿੰਦੂ ਬਣਾਇਆ ਹੋਇਆ ਹੈ।
ਇਸ ਤੋਂ ਇਲਾਵਾ ਉਨ੍ਹਾਂ ਸਿੱਖਿਆ ਸੰਸਥਾਵਾਂ ਵਿੱਚ ਵਧ ਰਹੀ ਵਿਦਿਆਰਥੀ ਗਿਣਤੀ, ਸੜਕਾਂ ਅਤੇ ਜਨਤਕ ਆਵਾਜਾਈ ਵਿੱਚ ਸੁਧਾਰ, ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਅਤੇ ਪਰਿਵਾਰਾਂ ਲਈ ਰਹਿਣ-ਸਹਿਣ ਦੀਆਂ ਵਧਦੀਆਂ ਲਾਗਤਾਂ ਵੀ ਚੋਣ ਚਰਚਾ ਦਾ ਹਿੱਸਾ ਬਣੀਆਂ ਹੋਈਆਂ ਹਨ। ਬਰਾੜ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਲੰਬੇ ਸਿਆਸੀ ਤਜ਼ਰਬੇ ਕਾਰਨ ਉਹ ਹਲਕੇ ਦੀਆਂ ਸਥਾਨਕ ਲੋੜਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਦੇ ਭਰਾ ਨੇ ਜਸਵੰਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬੀ ਭਾਈਚਾਰੇ ਵਿੱਚ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਲੈ ਕੇ ਖ਼ਾਸ ਤੌਰ ’ਤੇ ਸਰਗਰਮ ਹੈ।
Share: