ਲੰਬੀ : ਮਲੋਟ-ਅਬੋਹਰ ਕੌਮੀ ਮਾਰਗ ’ਤੇ ਪਿੰਡ ਪੱਕੀ ਟਿੱਬੀ ਨੇੜਲੇ ਅੰਤਰ-ਜ਼ਿਲ੍ਹਾ ਨਾਕੇ ’ਤੇ ਰਾਤ ਸਮੇਂ ਤਾਇਨਾਤ ਪੰਜਾਬ ਪੁਲੀਸ ਦੇ ਸੀਨੀਅਰ ਕਾਂਸਟੇਬਲ ਦੀ ਤੇਜ਼ ਰਫ਼ਤਾਰ ਪਿੱਕਅੱਪ ਗੱਡੀ ਦੀ ਟੱਕਰ ਵੱਜਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚੰਦਨ ਪਾਂਡੇ (36) ਵਜੋਂ ਹੋਈ ਹੈ। ਉਹ ਥਾਣਾ ਕਬਰਵਾਲਾ ਵਿਖੇ ਤਾਇਨਾਤ ਸੀ। ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ ਦਸ ਵਜੇ ਸੀਨੀਅਰ ਕਾਂਸਟੇਬਲ ਚੰਦਨ ਪਾਂਡੇ ਨਾਕੇ ’ਤੇ ਸਾਥੀ ਮੁਲਾਜ਼ਮਾਂ ਸਮੇਤ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਮਲੋਟ ਵੱਲੋਂ ਆਈ ਬੇਕਾਬੂ ਪਿੱਕਅੱਪ ਗੱਡੀ ਬੈਰੀਕੇਡ ਲੰਘ ਕੇ ਸਿੱਧੀ ਚੰਦਨ ਪਾਂਡੇ ਵਿਚ ਜਾ ਵੱਜੀ। ਉਸ ਨੂੰ ਦਰੜਨ ਮਗਰੋਂ ਚਾਲਕ ਥੋੜ੍ਹੀ ਦੂਰੀ ’ਤੇ ਗੱਡੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਗੰਭੀਰ ਜ਼ਖ਼ਮੀ ਸੀਨੀਅਰ ਕਾਂਸਟੇਬਲ ਨੂੰ ਪਹਿਲਾਂ ਸਿਵਲ ਹਸਪਤਾਲ ਮਲੋਟ ਅਤੇ ਫਿਰ ਆਦੇਸ਼ ਹਸਪਤਾਲ ਭੁੱਚੋ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦਮ ਤੋੜ ਦਿੱਤਾ। ਮ੍ਰਿਤਕ ਆਪਣੇ ਪਿੱਛੇ ਮਾਤਾ, ਪਤਨੀ, ਦੋ ਬੱਚੇ ਅਤੇ ਭਰਾ ਛੱਡ ਗਿਆ ਹੈ। ਘਟਨਾ ਨਾਲ ਪੁਲੀਸ ਅਮਲੇ ਵਿਚ ਸੋਗ ਦੀ ਲਹਿਰ ਹੈ । ਲੰਬੀ ਦੇ ਡੀਐੱਸਪੀ ਹਰਬੰਸ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਗੱਡੀ ਬਰਾਮਦ ਕਰ ਲਈ ਹੈ। ਬਿਆਨਾਂ ’ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਅਤੇ ਫ਼ਰਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।
Posted inMuktsar
ਨਾਕੇ ’ਤੇ ਤੇਜ਼ ਰਫ਼ਤਾਰ ਪਿੱਕਅੱਪ ਨੇ ਸੀਨੀਅਰ ਕਾਂਸਟੇਬਲ ਦਰੜਿਆ, ਮੌਤ

