‘ਐਂਟੀ ਡਰੋਨ ਬੱਸ’ ਦਾ ਸਿਪਾਹੀ ਤਸਕਰਾਂ ਨਾਲ ਘਿਉ-ਖਿਚੜੀ!, 23 ਖੇਪਾਂ ਦੀ ਪ੍ਰਾਪਤੀ ਕਬੂਲ

‘ਐਂਟੀ ਡਰੋਨ ਬੱਸ’ ਦਾ ਸਿਪਾਹੀ ਤਸਕਰਾਂ ਨਾਲ ਘਿਉ-ਖਿਚੜੀ!, 23 ਖੇਪਾਂ ਦੀ ਪ੍ਰਾਪਤੀ ਕਬੂਲ

ਚੰਡੀਗੜ੍ਹ : ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਕੀਤੀ ਤਫ਼ਤੀਸ਼ ’ਚ ਸਾਹਮਣੇ ਆਇਆ ਹੈ ਕਿ ਸਰਹੱਦ ਪਾਰੋਂ ਨਸ਼ਾ ਤਸਕਰੀ ਰੋਕਣ ‘ਐਂਟੀ ਡਰੋਨ ਸਿਸਟਮ’ ’ਤੇ ਤਾਇਨਾਤ ਪੰਜਾਬ ਪੁਲੀਸ ਦਾ ਸਿਪਾਹੀ ਕਰਨਦੀਪ ਸਿੰਘ ਨਸ਼ਾ ਤਸਕਰਾਂ ਨਾਲ ਘਿਉ ਖਿਚੜੀ ਸੀ। ਬਿਊਰੋ ਨੇ ਇਸ ਸਿਪਾਹੀ ਨੂੰ 15 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਕੋਲੋਂ 15 ਕਿੱਲੋ ਹੈਰੋਇਨ ਫੜੀ ਗਈ ਸੀ। ਜਾਂਚ ’ਚ ਪਤਾ  ਲੱਗਿਆ ਹੈ ਕਿ ਇਹ ਸਿਪਾਹੀ ਸਰਹੱਦ ਪਾਰ ਤੋਂ ਆਈਆਂ ਕਰੀਬ 23 ਖੇਪਾਂ ਪ੍ਰਾਪਤ ਕਰ ਚੁੱਕਿਆ ਹੈ। ਜੂਨ ਮਹੀਨੇ ਤੋਂ ਇਹ ਖੇਪਾਂ ਹਾਸਲ ਕਰ ਰਿਹਾ ਸੀ।  ਸੂਤਰਾਂ ਅਨੁਸਾਰ ਸਿਪਾਹੀ ਕਰਨਦੀਪ ਸਿੰਘ ਪਾਕਿਸਤਾਨ ’ਚ ਬੈਠੇ ਤਸਕਰਾਂ ਨੂੰ ਡਰੋਨ ਜ਼ਰੀਏ ਨਸ਼ਾ ਸੁੱਟਣ ਲਈ ਸੁਰੱਖਿਅਤ ਥਾਵਾਂ ਬਾਰੇ ਦੱਸਦਾ ਸੀ। ਸੁਰੱਖਿਅਤ ਥਾਵਾਂ ਦੀ ਲੋਕੇਸ਼ਨ ਵੀ ਉਹ ਪਾਕਿਸਤਾਨੀ ਤਸਕਰਾਂ ਨੂੰ ਭੇਜਦਾ ਸੀ। ਉਸ ਨੇ ਪੁਲੀਸ ਨੂੰ ਦੋ ਖੇਪਾਂ ਦੀ ਬਰਾਮਦਗੀ ਵੀ ਕਰਾਈ ਸੀ। ਇਹ ਸਿਪਾਹੀ ਖੁਦ ਹੈਰੋਇਨ ਦਾ ਨਸ਼ਾ ਕਰਦਾ ਹੈ। ਇਸ ਧੰਦੇ ਲਈ ਉਸ ਨੂੰ ਤਸਕਰਾਂ ਤੋਂ ਪੈਸੇ ਤੇ ਨਸ਼ਾ ਮਿਲਦਾ ਸੀ। ਸਿਪਾਹੀ ਕਰਨਦੀਪ ਸਿੰਘ ਨੇ ਆਪਣੇ ਆਪ ਨੂੰ ਖ਼ਤਰਾ ਦੱਸ ਕੇ ਅਸਲਾ ਲਾਇਸੈਂਸ ਵੀ ਲਿਆ ਹੋਇਆ ਸੀ। ਪੰਜਾਬ ਸਰਕਾਰ ਵੱਲੋਂ ‘ਬਾਜ ਅੱਖ’ ਬੈਨਰ ਹੇਠ ਕੌਮਾਂਤਰੀ ਸਰਹੱਦ ’ਤੇ ‘ਐਂਟੀ ਡਰੋਨ ਸਿਸਟਮ’ ਵਾਲੀਆਂ ਕਈ ਬੱਸਾਂ ਖੜ੍ਹੀਆਂ ਕੀਤੀਆਂ ਹਨ। ਉਪਰੋਕਤ ਸਿਪਾਹੀ ਦੀ ਥਾਣਾ ਖਾਲੜਾ ਦੇ ਖੇਤਰ ਵਿੱਚ ਕੌਮਾਂਤਰੀ ਸਰਹੱਦ ’ਤੇ ਐਂਟੀ ਡਰੋਨ ਸਿਸਟਮ ’ਤੇ ਉਸ ਦੀ ਤਾਇਨਾਤੀ ਸੀ। ਪੰਜਾਬ ਪੁਲੀਸ ਨੇ ਜਿਸ ਸਿਪਾਹੀ ਨੂੰ ਸਰਹੱਦ ਪਾਰੋਂ ਨਸ਼ਾ ਤਸਕਰੀ ਰੋਕਣ ਲਈ ਤਾਇਨਾਤ ਕੀਤਾ, ਉਹ ਸਿਪਾਹੀ ਹੀ ਨਸ਼ੇ ਦਾ ਸੌਦਾਗਰ ਨਿਕਲਿਆ। ‘ਐਂਟੀ ਡਰੋਨ ਸਿਸਟਮ’ ਜ਼ਰੀਏ ਪਾਕਿਸਤਾਨ ਵਿੱਚੋਂ ਡਰੋਨ ਰਾਹੀਂ ਆਉਣ ਵਾਲੇ ਨਸ਼ੇ ਦਾ ਪਤਾ ਲਗਾਇਆ ਜਾਂਦਾ ਹੈ।

Share: