ਚੰਡੀਗੜ੍ਹ : ਸਕੂਲ ਆਫ਼ ਐਮੀਨੈਂਸ (SOE) ਦੋਰਾਹਾ ਵਿਖੇ ਅਧਿਆਪਕਾਂ ਦੀਆਂ 40 ਫ਼ੀਸਦ ਅਸਾਮੀਆਂ ਖ਼ਾਲੀ ਹਨ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਵਿਧਾਨ ਸਭਾ ਵਿੱਚ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਸਵਾਲ ਦਾ ਜਵਾਬ ਦਿੰਦਿਆਂ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਦੋਰਾਹਾ ਸਕੂਲ ਵਿਖੇ ਅਧਿਆਪਕਾਂ ਦੀਆਂ ਕੁੱਲ 49 ਅਸਾਮੀਆਂ ਸਨ, ਜਿਨ੍ਹਾਂ ਵਿੱਚੋਂ 28 ਭਰੀਆਂ ਹੋਈਆਂ ਹਨ ਅਤੇ 21 ਖ਼ਾਲੀ ਹਨ। ਇਸ ਸਾਲ ਅਧਿਆਪਕਾਂ ਦੀਆਂ 14 ਪੋਸਟਾਂ ਟਰਾਂਸਫਰ ਪੋਰਟਲ ਅਧੀਨ ਹੋਈਆਂ ਬਦਲੀਆਂ ਕਾਰਨ ਖ਼ਾਲੀ ਹੋਈਆਂ ਹਨ ਅਤੇ 1 ਪੋਸਟ ਰਿਟਾਇਰਮੈਂਟ ਕਾਰਨ ਖ਼ਾਲੀ ਹੋਈ ਹੈ, ਜਿਸ ਦੇ ਸਬੰਧ ਵਿੱਚ ਵਿਭਾਗ ਵੱਲੋਂ 1 ਅੰਗਰੇਜ਼ੀ ਲੈਕਚਰਾਰ ਦੀ ਡੈਪੂਟੇਸ਼ਨ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ 28 ਸਤੰਬਰ 2026 ਨੂੰ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਵਿੱਚ ਕੀਤੀਆਂ ਗਈਆਂ ਪਦ-ਉੱਨਤੀਆਂ (ਪ੍ਰਮੋਸ਼ਨਾਂ) ਦੇ ਸਨਮੁੱਖ ਵਿਭਾਗ ਦੇ ਹੁਕਮ ਮਿਤੀ 19 ਅਕਤੂਬਰ 2026 ਰਾਹੀਂ 6 ਮਾਸਟਰ ਕਾਡਰ ਦੇ ਅਧਿਆਪਕਾਂ (ਜਿਨ੍ਹਾਂ ਵਿੱਚ 2 ਪੰਜਾਬੀ, 2 ਸਮਾਜਿਕ ਸਿੱਖਿਆ, 1 ਸਾਇੰਸ ਅਤੇ 1 ਮੈਥ ਸ਼ਾਮਲ ਹਨ) ਦੀ ਡਿਊਟੀ ਇਸ ਸਕੂਲ ਵਿੱਚ ਲਗਾਈ ਗਈ ਹੈ। ਇਸ ਤੋਂ ਇਲਾਵਾ ਸਬੰਧਤ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਪਾਸੋਂ ਅਧਿਆਪਕਾਂ ਦੀਆਂ ਅਡਜਸਟਮੈਂਟਾਂ ਸਬੰਧੀ ਪ੍ਰਤੀਬੇਨਤੀਆਂ ਮੰਗੀਆਂ ਗਈਆਂ ਹਨ। ਪ੍ਰਾਪਤ ਪ੍ਰਤੀਬੇਨਤੀਆਂ ਦੇ ਆਧਾਰ ’ਤੇ ਸਕੂਲ ਆਫ਼ ਐਮੀਨੈਂਸ ਦੋਰਾਹਾ ਵਿਖੇ ਖ਼ਾਲੀ ਪਈਆਂ ਅਸਾਮੀਆਂ ਨੂੰ ਤਰਜੀਹ ਦੇ ਆਧਾਰ ’ਤੇ ਭਰਨ ਲਈ ਵਿਚਾਰਿਆ ਜਾਵੇਗਾ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਲੈਕਚਰਾਰ ਕਾਡਰ ਦੀਆਂ ਕੁੱਲ 1067 ਅਸਾਮੀਆਂ ’ਤੇ ਸਿੱਧੀ ਭਰਤੀ ਦੀ ਪ੍ਰਕਿਰਿਆ ਚੱਲ ਰਹੀ ਹੈ। ਹਿੰਦੀ, ਬਾਇਓਲੋਜੀ, ਮੈਥ, ਹਿਸਟਰੀ, ਪੋਲਿਟੀਕਲ ਸਾਇੰਸ, ਪੰਜਾਬੀ ਅਤੇ ਅੰਗਰੇਜ਼ੀ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਲਈਆਂ ਜਾ ਚੁੱਕੀਆਂ ਹਨ ਅਤੇ 23 ਤੋਂ 30 ਅਕਤੂਬਰ 2026 ਤੱਕ ਇਨ੍ਹਾਂ ਵਿਸ਼ਿਆਂ ਦੀ ਪੜਤਾਲ ਕੀਤੀ ਜਾਣੀ ਹੈ। ਇਸ ਤੋਂ ਇਲਾਵਾ, ਮਾਸਟਰ ਕਾਡਰ ਦੀਆਂ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਵੀ ਕਾਰਵਾਈ ਅਧੀਨ ਹੈ। ਇਨ੍ਹਾਂ ਭਰਤੀਆਂ ਦੇ ਮੁਕੰਮਲ ਹੋਣ ਉਪਰੰਤ ਐੱਸ.ਓ.ਈ. ਦੋਰਾਹਾ ਸਮੇਤ ਹੋਰਨਾਂ ਸਕੂਲਾਂ ਵਿੱਚ, ਜਿੱਥੇ ਅਧਿਆਪਕਾਂ ਦੀ ਘਾਟ ਹੈ, ਲੋੜ ਅਨੁਸਾਰ ਅਧਿਆਪਕਾਂ ਦੀ ਤਾਇਨਾਤੀ ਕੀਤੀ ਜਾਵੇਗੀ।

