ਨਵੀਂ ਦਿੱਲੀ : ਭਾਰਤ ਅਤੇ ਰੂਸ ਵੱਲੋਂ ਸਾਂਝੇ ਤੌਰ ’ਤੇ ਬਣਾਈ ਜਾਣ ਵਾਲੀ ‘ਬ੍ਰਹਮੋਸ’ ਮਿਜ਼ਾਈਲ ਦਾ ਨਵਾਂ ਅਤੇ ਉੱਨਤ ਰੂਪ ‘ਬ੍ਰਹਮੋਸ-ਐੱਨਜੀ’ (BrahMos-NG) ਤਿਆਰ ਕੀਤਾ ਜਾ ਰਿਹਾ ਹੈ। ਕੰਪਨੀ ਮੁਤਾਬਕ ਅਗਲੇ ਦੋ ਸਾਲਾਂ ਵਿੱਚ ਇਸ ਦਾ ਪਹਿਲਾ ਪ੍ਰੋਟੋਟਾਈਪ ਤਿਆਰ ਹੋਣ ਦੀ ਉਮੀਦ ਹੈ। ਇਹ ਹਵਾ ਤੋਂ ਦਾਗੀ ਜਾਣ ਵਾਲੀ ਮਿਜ਼ਾਈਲ ਮੌਜੂਦਾ ਸੰਸਕਰਣ ਨਾਲੋਂ ਆਕਾਰ ਵਿੱਚ ਛੋਟੀ ਅਤੇ ਭਾਰ ਵਿੱਚ ਹਲਕੀ ਹੋਵੇਗੀ। ਇਸ ਨਾਲ ਇਸ ਨੂੰ ਸੁਖੋਈ-30MKI ਨਾਲੋਂ ਛੋਟੇ ਲੜਾਕੂ ਜਹਾਜ਼ ‘ਤੇਜਸ’ ਨਾਲ ਜੋੜਨਾ ਆਸਾਨ ਹੋ ਜਾਵੇਗਾ। ਭਾਰਤੀ ਹਵਾਈ ਫ਼ੌਜ ਅਤੇ HAL ਨੇ ਪਹਿਲਾਂ ਹੀ ਲਗਪਗ 40 ਸੁਖੋਈ ਜੈੱਟਾਂ ਨੂੰ ਬ੍ਰਹਮੋਸ ਲੈਸ ਕਰਨ ਲਈ ਸੋਧਿਆ ਹੈ, ਜਿਨ੍ਹਾਂ ਦੀ ਵਰਤੋਂ ਪਿਛਲੇ ਸਾਲ ਮਈ ਵਿੱਚ ‘ਅਪਰੇਸ਼ਨ ਸਿੰਦੂਰ’ ਦੌਰਾਨ ਕੀਤੀ ਗਈ ਸੀ। ਬ੍ਰਹਮੋਸ-ਐੱਨਜੀ ਦਾ ਭਾਰ ਲਗਪਗ 1.2 ਤੋਂ 1.5 ਟਨ ਅਤੇ ਲੰਬਾਈ 6 ਮੀਟਰ ਤੋਂ ਘੱਟ ਹੋਵੇਗੀ। ਇਹ 3.5 ਮੈਕ (ਆਵਾਜ਼ ਦੀ ਰਫ਼ਤਾਰ ਤੋਂ 3.5 ਗੁਣਾ) ਦੀ ਗਤੀ ਨਾਲ ਚੱਲੇਗੀ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੈਤੀਰਥ ਜੋਸ਼ੀ ਨੇ ਦੱਸਿਆ ਕਿ ਇਸ ਵਿੱਚ ਦੇਸੀ ਸਮੱਗਰੀ ਅਤੇ ਨਵੀਂ ਤਕਨਾਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ। ਲਖਨਊ ਦੇ ਨਵੇਂ ਪਲਾਂਟ ਤੋਂ 2027-2028 ਤੱਕ ਸੀਰੀਜ਼ ਪ੍ਰੋਡਕਸ਼ਨ ਸ਼ੁਰੂ ਕਰਨ ਦਾ ਟੀਚਾ ਹੈ।
ਇਸ ਤੋਂ ਇਲਾਵਾ, ਭਵਿੱਖ ਦੀ ਯੋਜਨਾ ਤਹਿਤ 1,500 ਕਿਲੋਮੀਟਰ ਦੀ ਮਾਰਕ ਸਮਰੱਥਾ ਵਾਲੀ ਮਿਜ਼ਾਈਲ ’ਤੇ ਵੀ ਕੰਮ ਚੱਲ ਰਿਹਾ ਹੈ, ਜੋ ਫਿਲਹਾਲ ਸ਼ੁਰੂਆਤੀ ਪੱਧਰ ’ਤੇ ਹੈ। ਹਵਾਈ ਫ਼ੌਜ ਨੇ ਪਹਿਲਾਂ ਹੀ 450-500 ਕਿਲੋਮੀਟਰ ਤੋਂ ਵੱਧ ਦੀ ਰੇਂਜ ਵਾਲੇ ਏਅਰ-ਲਾਂਚਡ ਵਰਜ਼ਨ ਦਾ ਸਫ਼ਲ ਪਰੀਖਣ ਕੀਤਾ ਹੈ, ਜਦਕਿ ਥਲ ਸੈਨਾ ਦੁਸ਼ਮਣ ਦੇ ਇਲਾਕੇ ਅੰਦਰ ਡੂੰਘੇ ਸਟੀਕ ਹਮਲਿਆਂ ਲਈ 800+ ਕਿਲੋਮੀਟਰ ਦੀ ਰੇਂਜ ਚਾਹੁੰਦੀ ਹੈ। ਸਾਲ 2016 ਵਿੱਚ ਭਾਰਤ ਦੇ MTCR ਵਿੱਚ ਸ਼ਾਮਲ ਹੋਣ ਤੋਂ ਬਾਅਦ 290 ਕਿਲੋਮੀਟਰ ਦੀ ਪਾਬੰਦੀ ਖ਼ਤਮ ਹੋ ਗਈ ਸੀ।
ਦੂਜੇ ਪਾਸੇ, ਦੱਖਣੀ ਚੀਨ ਸਾਗਰ ਦੇ ਵਿਵਾਦਾਂ ਦੌਰਾਨ ਇੰਡੋਨੇਸ਼ੀਆ, ਫਿਲੀਪੀਨਜ਼ ਅਤੇ ਵੀਅਤਨਾਮ ਵਰਗੇ ਦੇਸ਼ਾਂ ਨੇ ਵੀ ਤੱਟਵਰਤੀ ਐਂਟੀ-ਸ਼ਿਪ ਬ੍ਰਹਮੋਸ ਮਿਜ਼ਾਈਲ ਖਰੀਦਣ ਵਿੱਚ ਦਿਲਚਸਪੀ ਦਿਖਾਈ ਹੈ।

