ਮਾਨਸਾ : ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਤਿੰਨ ਦਿਨ ਬਾਅਦ ਪਰਿਵਾਰ ਅਤੇ ਇਸ ਸਬੰਧੀ ਸ਼ੁਰੂ ਹੋਏ ਅੰਦੋਲਨ ਸਬੰਧੀ ਬਣੀ ਸੰਘਰਸ਼ ਕਮੇਟੀ ਵੱਲੋਂ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਤੋਂ ਹਾਲ ਦੀ ਘੜੀ ਨਾਂਹ ਕਰ ਦਿੱਤੀ ਗਈ ਹੈ। ਕਮੇਟੀ ਦਾ ਕਹਿਣਾ ਹੈ ਕਿ ਜਿੰਨਾਂ ਸਮਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡੀਜੀਪੀ ਗੌਰਵ ਯਾਦਵ ਅਸਤੀਫਾ ਨਹੀਂ ਦਿੰਦੇ ਅਤੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਸਬੰਧੀ ਕੋਈ ਭਰੋਸਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਪੋਸਟ ਮਾਰਟਮ ਨਹੀਂ ਕਰਵਾਇਆ ਜਾਵੇਗਾ।
ਉੱਧਰ ਅੱਜ ਕਮੇਟੀ ਵਲੋਂ ਲਗਾਤਾਰ ਤਿੰਨ ਦਿਨਾਂ ਤੋਂ ਬੰਦ ਚਲੇ ਆ ਰਹੇ ਮਾਨਸਾ ਸ਼ਹਿਰ ਦੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਲਈ ਅਪੀਲ ਕਰਨ ਤੋਂ ਬਾਅਦ ਅੱਜ ਸਾਰਾ ਸ਼ਹਿਰ ਖੁੱਲ੍ਹ ਗਿਆ ਹੈ। ਉਂਝ ਸ਼ਹਿਰ ਵਿੱਚ ਆਮ ਨਾਲੋਂ ਚਹਿਲ ਪਹਿਲ ਘੱਟ ਵਿਖਾਈ ਦਿੰਦੀ ਹੈ।
ਇੱਥੇ ਇੱਕ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਵਲੋਂ ਗੋਲੀਆਂ ਮਾਰ ਕੇ ਮਾਰੇ ਗਏ ਪਰਮਿੰਦਰ ਸਿੰਘ ਝੋਟਾ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਵਲੋਂ ਪੰਜਾਬ ਵਿਚ ਨਸ਼ਿਆਂ ਵਿਰੁੱਧ ਜੰਗ ਵਿੱਢੀ ਹੋਈ ਸੀ, ਜਿਸ ਕਰਕੇ ਉਸ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ। ਉਹ ਪੰਜਾਬ ਦੀ ਜਵਾਨੀ ਅਤੇ ਹਰ ਘਰ ਲਈ ਸ਼ਹੀਦ ਹੋਇਆ ਹੈ।
ਮਾਨਸਾ ਵਿੱਚ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਨੇੜੇ ਤਿਕੋਣੀ ਵਿਖੇ ਧਰਨੇ ਵਾਲੀ ਥਾਂ ‘ਤੇ ਪੁੱਜੇ ਗੜਗੱਜ ਨੇ ਸਵਾਲ ਕੀਤਾ ਕਿ ਕੀ ਮਾਮਲੇ ਵਿੱਚ ਥਾਣਾ ਮੁਖੀ (ਐੱਸ.ਐੱਚ.ਓ.) ਦੀ ਮੁਅੱਤਲੀ ਕਾਫ਼ੀ ਕਾਰਵਾਈ ਹੈ ਅਤੇ ਨਸ਼ਾ ਤਸਕਰੀ ਵਿਰੁੱਧ ਫ਼ੈਸਲਾਕੁੰਨ ਕਦਮ ਚੁੱਕਣ ਦੀ ਮੰਗ ਕੀਤੀ।
ਉਨ੍ਹਾਂ ਕਿਹਾ, “ਭਾਈ ਪਰਵਿੰਦਰ ਸਿੰਘ ਨੇ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਆਪਣੀ ਜਾਨ ਦਿੱਤੀ। ਉਹ ਸ਼ਹੀਦ ਹੋਏ ਹਨ। ਸਰਕਾਰ ਨੂੰ ਕੰਨ ਖੋਲ੍ਹ ਕੇ ਸੁਣਨਾ ਚਾਹੀਦਾ ਹੈ। ਕੀ ਮਾਮਲੇ ਨੂੰ ਹੱਲ ਕਰਨ ਲਈ ਐੱਸ.ਐੱਚ.ਓ. ਨੂੰ ਮੁਅੱਤਲ ਕਰਨਾ ਹੀ ਕਾਫ਼ੀ ਹੈ? ਇਹ ਕੋਈ ਸਿਆਸੀ ਮੁੱਦਾ ਨਹੀਂ ਹੈ। ਇਹ ਸਾਡੀ ਹੋਂਦ ਦਾ ਮੁੱਦਾ ਹੈ।”
ਮੁੱਖ ਮੰਤਰੀ ਕੁਰਸੀ ਛੱਡੇ: ਹਰਸਿਮਰਤ ਕੌਰ ਬਾਦਲ
ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਪਰਵਿੰਦਰ ਸਿੰਘ ਝੋਟਾ ਕਤਲਕਾਂਡ ਨੂੰ ਲ਼ੈ ਕੇ ਪੰਜਾਬ ‘ਚ ਖਰਾਬ ਕਾਨੂੰਨ ਵਿਵਸਥਾ ਲਈ ਜ਼ਿੰਮੇਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੁਣ ਕੁਰਸੀ ਛੱਡ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ ਦੂਜੇ ਪਾਸੇ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਨੂੰ ਮਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕਤਲ ਲਈ ਸਿੱਧੇ ਤੌਰ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ।
ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਮਾਨਸਾ ਚ ਗੋਲੀਆਂ ਮਾਰ ਕੇ ਕਤਲ ਕਰ ਦਿਤੇ ਗਏ ਐਂਟੀ ਡਰੱਗ ਟਾਸਕ ਫੋਰਸ ਦੇ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਰੋਸ ਨੂੰ ਲੈ ਕੇ ਚੱਲ ਰਹੇ ਧਰਨੇ ਵਿੱਚ ਪੁੱਜੇ ਸਨ। ਇਸ ਮੌਕੇ ਬੀਬਾ ਬਾਦਲ ਨੇ ਝੋਟਾ ਦੇ ਪਰਿਵਾਰ ਨਾਲ ਉਨ੍ਹਾਂ ਹਮਦਰਦੀ ਪ੍ਰਗਟਾਈ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਾਥ, ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹੀ। ਭਗਵੰਤ ਮਾਨ ਸਰਕਾਰ ਨਾ ਨਸ਼ੇ ਰੋਕ ਸਕੀ ਤੇ ਹੀ ਕਾਨੂੰਨ ਵਿਵਸਥਾ ਸੰਭਾਲ ਸਕੀਏ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਮੋਹਨਜੀਤ ਨੇ ਨਸ਼ਿਆਂ ਬਾਰੇ ਆਵਾਜ਼ ਚੁੱਕੀ ਤਾਂ ਉਸ ਤੇ ਤਸ਼ੱਸਦ ਕੀਤਾ ਗਿਆ, ਗੁਲਜ਼ਾਰ ਨੇ ਨਸ਼ਿਆਂ ਬਾਰੇ ਸਵਾਲ ਕੀਤਾ ਤਾਂ ਉਸਨੂੰ ਡਰਾਇਆ ਧਮਕਾਇਆ ਗਿਆ ਤੇ ਉਹ ਖੁਦਕੁਸ਼ੀ ਕਰ ਗਿਆ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਹੁਣ ਮਾਨਸਾ ਚ ਸ਼ਰੇਆਮ ਨਸ਼ਿਆਂ ਵਿਰੁੱਧ ਬੋਲਣ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਭਰੇ ਬਾਜ਼ਾਰ ਕਤਲ ਕਰ ਦਿੱਤਾ ਗਿਆ।ਇਹ ਪੰਜਾਬ ਸਰਕਾਰ ਦੀ ਨਲਾਇਕੀ ਹੀ ਹੈ। ਉਨ੍ਹਾਂ ਕਿਹਾ ਕਿ ਕਿੰਨੀ ਅਚੰਭੇ ਵਾਲੀ ਗੱਲ ਹੈ ਕਿ ਆਮ ਵਿਅਕਤੀ ਦਾ ਅਸਲਾ ਲਾਇਸੈਂਸ ਕਦੇਂ ਨਹੀਂ ਬਣਦਾ,ਪਰ ਮਾਨਸਾ ਪੁਲਿਸ ਨੇ ਜੇਲ੍ਹ ਜਾ ਚੁੱਕੇ, ਪੰਜ -ਪੰਜ ਪਰਚੇ ਦਰਜ ਹੋਣ ਦੇ ਬਾਵਜੂਦ ਦੁਕਾਨਦਾਰ ਨੂੰ ਅਸਲਾ ਲਾਇਸੈਂਸ ਜਾਰੀ ਕਰ ਦਿੱਤਾ ਗਿਆ।
ਇਸ ਮੌਕੇ ਉਨ੍ਹਾਂ ਨਾਲ ਰੋਜ਼ੀ ਬਰਕੰਦੀ,ਬੰਟੀ ਰੋਮਾਣਾ,ਐਸ ਜੀ ਪੀ ਸੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਹਲਕਾ ਇੰਚਾਰਜ ਪ੍ਰੇਮ ਅਰੋੜਾ, ਕਰਮਜੀਤ ਕੌਰ ਸਮਾਓਂ ਵੀ ਧਰਨੇ ਵਿੱਚ ਪੁੱਜੇ।

