ਏਸ਼ਿਆਡ ਸਮੀਖਿਆ ਬੈਠਕ: ਖਿਡਾਰੀਆਂ ਦੀਆਂ ਸੱਟਾਂ ’ਤੇ ਸਵਾਲ ਉੱਠੇ

ਏਸ਼ਿਆਡ ਸਮੀਖਿਆ ਬੈਠਕ: ਖਿਡਾਰੀਆਂ ਦੀਆਂ ਸੱਟਾਂ ’ਤੇ ਸਵਾਲ ਉੱਠੇ

ਨਵੀਂ ਦਿੱਲੀ : ਏਸ਼ਿਆਈ ਖੇਡਾਂ ’ਚ ਐਥਲੈਟਿਕਸ ਅਤੇ ਬੈਡਮਿੰਟਨ ਜਿਹੀਆਂ ਖੇਡਾਂ ’ਚ ਭਾਰਤ ਨੂੰ ਉਮੀਦ ਮੁਤਾਬਕ ਤਗ਼ਮੇ ਨਾ ਮਿਲਣ ਦਾ ਮਸਲਾ ਇੱਥੇ ਖੇਡ ਮੰਤਰਾਲੇ ਦੀ ਨਜ਼ਰਸਾਨੀ ਮੀਟਿੰਗ ’ਚ ਪ੍ਰਮੁੱਖਤਾ ਨਾਲ ਉੱਠਿਆ। ਇਸ ਦੌਰਾਨ ਸੱਟਾਂ ਵਾਲੇ ਖਿਡਾਰੀਆਂ ਦੀ ਸ਼ਮੂਲੀਅਤ ਬਾਰੇ ਵੀ ਸਵਾਲ ਚੁੱਕੇ ਗਏ। ਖੇਡ ਮੰਤਰੀ ਮਨਸੁਖ ਮਾਂਡਵੀਆ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਖੇਡ ਰਾਜ ਮੰਤਰੀ ਰਕਸ਼ਾ ਖੜਸੇ, ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀ ਟੀ ਊਸ਼ਾ, ਖੇਡ ਸਕੱਤਰ ਹਰੀ ਰੰਜਨ ਰਾਓ ਅਤੇ ਕੌਮੀ ਖੇਡ ਫੈਡਰੇਸ਼ਨਾਂ ਦੇ ਨੁਮਾਇੰਦੇ ਹਾਜ਼ਰ ਸਨ। ਭਾਰਤ ਨੇ ਆਇਚੀ ਨਾਗੋਆ ਏਸ਼ਿਆਈ ਖੇਡਾਂ ’ਚ ਸੋਨੇ ਦੇ 21 ਤਗ਼ਮਿਆਂ ਸਮੇਤ ਕੁੱਲ 85 ਤਗ਼ਮੇ ਜਿੱਤੇ ਸਨ। ਮੀਟਿੰਗ ’ਚ ਹਾਜ਼ਰ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਖੇਡ ਮੰਤਰੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਸਰੋਤਾਂ ਦੀ ਕੋਈ ਘਾਟ ਨਹੀਂ ਸੀ ਅਤੇ ਖੇਡ ਫੈਡਰੇਸ਼ਨਾਂ ਵਿੱਤੀ ਸਹਿਯੋਗ ਮੁਤੱਲਕ ਸ਼ਿਕਾਇਤ ਨਹੀਂ ਕਰ ਸਕਦੀਆਂ। ਫੈਡਰੇਸ਼ਨਾਂ ਨੂੰ ਸਿਰਫ਼ ਪੇਸ਼ਕਾਰੀ ਦੇਣ ਦੀ ਬਜਾਏ ਮੈਦਾਨ ’ਚ ਨਤੀਜੇ ਵੀ ਦੇਣੇ ਪੈਣਗੇ। ਫੈਡਰੇਸ਼ਨਾਂ ਨੇ ਆਪਣਾ ਪੱਖ ਰੱਖਿਆ ਅਤੇ ਖੇਡ ਮੰਤਰੀ ਨੇ ਉਨ੍ਹਾਂ ਨੂੰ ਭਵਿੱਖ ਲਈ ਹੁਣੇ ਤੋਂ ਯੋਜਨਾ ਉਲੀਕਣ ਲਈ ਆਖਿਆ ਹੈ।’’ ਪੀ ਟੀ ਊਸ਼ਾ ਨੇ ਅੜਿੱਕਾ ਦੌੜਾਕ ਜਯੋਤੀ ਯਾਰਾਜੀ ਅਤੇ ਤੀਹਰੀ ਛਾਲ ਖਿਡਾਰੀ ਪ੍ਰਵੀਨ ਚਿਤਰਾਵੇਲ ਸਮੇਤ ਅਹਿਮ ਖਿਡਾਰੀਆਂ ਦੀਆਂ ਸੱਟਾਂ ਦਾ ਮਸਲਾ ਵੀ ਚੁੱਕਿਆ। ਇਸ ’ਤੇ ਖੇਡ ਮੰਤਰੀ ਨੇ ਕਿਹਾ ਕਿ ਵਿਸ਼ੇਸ਼ ਮਾਮਲਿਆਂ ਦੀ ਬਜਾਏ ਪੂਰੀ ਕਾਰਗੁਜ਼ਾਰੀ ’ਤੇ ਧਿਆਨ ਕੇਂਦਰਤ ਕੀਤਾ ਜਾਣਾ ਚਾਹੀਦਾ ਹੈ। ਮਾਂਡਵੀਆ ਨੇ ਕਿਹਾ ਕਿ ਹਰੇਕ ਫੈਡਰੇਸ਼ਨ ਨੂੰ ਆਪਣੀ ਜ਼ਿੰਮੇਵਾਰੀ ਗੰਭੀਰਤਾ ਨਾਲ ਲੈਣੀ ਚਾਹੀਦੀ ਹੈ।

Share: