Amritsar Airport: ਸ਼ੱਕੀ ਡਰੋਨਾਂ ਦੀ ਹਲਚਲ: 3 ਉਡਾਣਾਂ ਹੋਈਆਂ ਪ੍ਰਭਾਵਿਤ, ਦਿੱਲੀ ਤੇ ਚੰਡੀਗੜ੍ਹ ਵੱਲ ਮੋੜੇ ਜਹਾਜ਼

Amritsar Airport: ਸ਼ੱਕੀ ਡਰੋਨਾਂ ਦੀ ਹਲਚਲ: 3 ਉਡਾਣਾਂ ਹੋਈਆਂ ਪ੍ਰਭਾਵਿਤ, ਦਿੱਲੀ ਤੇ ਚੰਡੀਗੜ੍ਹ ਵੱਲ ਮੋੜੇ ਜਹਾਜ਼

ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਕੌਮੀ ਹਵਾਈ ਅੱਡੇ ਦੇ ਆਸ-ਪਾਸ ਐਤਵਾਰ ਦੇਰ ਰਾਤ ਦੇਖੀ ਗਈ ਸ਼ੱਕੀ ਡਰੋਨਾਂ ਦੀ ਹਲਚਲ ਕਾਰਨ ਹਵਾਈ ਅੱਡੇ ’ਤੇ ਉਡਾਣਾਂ ਦਾ ਸੰਚਾਲਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਅੰਮ੍ਰਿਤਸਰ ਉੱਤਰਨ ਵਾਲੀਆਂ ਤਿੰਨ ਪ੍ਰਮੁੱਖ ਉਡਾਣਾਂ ਨੂੰ ਹੋਰਨਾਂ ਹਵਾਈ ਅੱਡਿਆਂ ਵੱਲ ਮੋੜਨਾ (ਡਾਇਵਰਟ) ਪਿਆ ਜਾਂ ਵਾਪਸ ਭੇਜਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੇ ਜਵਾਨਾਂ ਨੇ ਰਾਤ ਲਗਭਗ 9:30 ਵਜੇ ਹਵਾਈ ਅੱਡੇ ਦੇ ਰਨਵੇਅ ਅਤੇ ਆਲੇ-ਦੁਆਲੇ ਦੇ ਹਵਾਈ ਖੇਤਰ ਵਿੱਚ 2 ਤੋਂ 3 ਸ਼ੱਕੀ ਡਰੋਨ ਉੱਡਦੇ ਦੇਖੇ। ਜਵਾਨਾਂ ਨੇ ਤੁਰੰਤ ਇਸ ਦੀ ਸੂਚਨਾ ਕੰਟਰੋਲ ਰੂਮ ਨੂੰ ਦਿੱਤੀ, ਜਿਸ ਤੋਂ ਬਾਅਦ ਇਹਤਿਆਤ ਵਜੋਂ ਉਡਾਣਾਂ ਦੀ ਆਵਾਜਾਈ ਰੋਕ ਦਿੱਤੀ ਗਈ। ਇਸ ਕਾਰਨ ਦਿੱਲੀ ਤੋਂ ਆਈ ਏਅਰ ਇੰਡੀਆ ਦੀ ਫਲਾਈਟ (AI-855) ਨੂੰ ਵਾਪਸ ਦਿੱਲੀ ਭੇਜਿਆ ਗਿਆ, ਜਦੋਂ ਕਿ ਮੁੰਬਈ ਤੋਂ ਆਈ ਇੰਡੀਗੋ ਦੀ ਫਲਾਈਟ (6E-5028) ਨੂੰ ਚੰਡੀਗੜ੍ਹ ਅਤੇ ਕੁਆਲਾਲੰਪੁਰ ਤੋਂ ਆਈ ਮਲੇਸ਼ੀਆ ਏਅਰਲਾਈਨਜ਼ ਦੀ ਫਲਾਈਟ (MH-118) ਨੂੰ ਦਿੱਲੀ ਵੱਲ ਡਾਇਵਰਟ ਕਰ ਦਿੱਤਾ ਗਿਆ। ਇਸ ਅਚਾਨਕ ਆਈ ਰੁਕਾਵਟ ਕਾਰਨ ਹਵਾਈ ਅੱਡੇ ’ਤੇ ਮੌਜੂਦ ਸੈਂਕੜੇ ਯਾਤਰੀ ਖੱਜਲ-ਖੁਆਰ ਹੁੰਦੇ ਰਹੇ ਅਤੇ ਕਈਆਂ ਨੇ ਪ੍ਰਬੰਧਕਾਂ ਖ਼ਿਲਾਫ਼ ਰੋਸ ਵੀ ਜ਼ਾਹਰ ਕੀਤਾ। ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਮੌਕੇ ’ਤੇ ਉਨ੍ਹਾਂ ਦੀ ਸਮੱਸਿਆ ਸੁਣਨ ਲਈ ਕੋਈ ਅਧਿਕਾਰੀ ਮੌਜੂਦ ਨਹੀਂ ਸੀ। ਹਾਲਾਂਕਿ, ਰਾਤ 10:30 ਵਜੇ ਤੋਂ ਬਾਅਦ ਹਵਾਈ ਖੇਤਰ ਵਿੱਚ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੋ ਗਈ। ਹਵਾਈ ਅੱਡੇ ਦੇ ਡਾਇਰੈਕਟਰ ਅਨਿਰੁੱਧ ਕੁਮਾਰ ਸ਼ਰਮਾ ਨੇ ਦੱਸਿਆ ਕਿ ਸੁਰੱਖਿਆ ਅਮਲੇ ਵੱਲੋਂ ਡਰੋਨ ਹਲਚਲ ਰਿਪੋਰਟ ਕੀਤੇ ਜਾਣ ਤੋਂ ਬਾਅਦ ਬਚਾਅ ਵਜੋਂ ਇਹ ਕਦਮ ਚੁੱਕਿਆ ਗਿਆ ਸੀ ਅਤੇ 10:30 ਵਜੇ ਤੋਂ ਬਾਅਦ ਹਲਾਤ ਸੁਖਾਵੇਂ ਹੋ ਗਏ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 6 ਸਤੰਬਰ ਨੂੰ ਵੀ ਹਵਾਈ ਅੱਡੇ ਨੇੜੇ ਸ਼ੱਕੀ ਡਰੋਨ ਦੇਖੇ ਜਾਣ ਕਾਰਨ ਲਗਭਗ 90 ਮਿੰਟ ਤੱਕ ਉਡਾਣਾਂ ਰੋਕਣੀਆਂ ਪਈਆਂ ਸਨ, ਜਿਸ ਨਾਲ 7 ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਸਨ।

Share: