Opposition march: ‘ਦਿੱਲੀ ਨੂੰ ਬਣਾਇਆ ਜੇਲ੍ਹ..’, ‘ਚਲੋ ਦਿੱਲੀ’ ਮਾਰਚ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਕੇਂਦਰ ’ਤੇ ਹਮਲਾ

Opposition march: ‘ਦਿੱਲੀ ਨੂੰ ਬਣਾਇਆ ਜੇਲ੍ਹ..’, ‘ਚਲੋ ਦਿੱਲੀ’ ਮਾਰਚ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਕੇਂਦਰ ’ਤੇ ਹਮਲਾ

‘ਚਲੋ ਦਿੱਲੀ- ਮਾਰਚ ਫ਼ਾਰ ਡੈਮੋਕਰੇਸੀ’ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੱਲੋਂ ਕੀਤੀ ਗਈ ਕਥਿਤ ‘ਵੋਟ ਚੋਰੀ’ ਖ਼ਿਲਾਫ਼ ਜਨਤਕ ਅੰਦੋਲਨ ਮਜ਼ਬੂਤ ਹੋ ਰਿਹਾ ਹੈ, ਜਿਸ ਤੋਂ ਘਬਰਾ ਕੇ ਸਰਕਾਰ ਨੇ ਰਾਜਧਾਨੀ ਨੂੰ ਇੱਕ ਜੇਲ੍ਹ ਅਤੇ ਕਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਹੈ। ਰਾਹੁਲ ਨੇ ਸਵਾਲ ਉਠਾਇਆ ਕਿ 20,000 ਤੋਂ 30,000 ਪੁਲੀਸ ਜਵਾਨਾਂ ਦੀ ਤੈਨਾਤੀ ਕਰਕੇ ਬੱਸਾਂ ਤੇ ਰੇਲਗੱਡੀਆਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਚਾਹੁੰਦੀ ਹੈ ਕਿ ਦੇਸ਼ ਦੇ ਲੋਕ ਖ਼ੁਦ ਦੇਖਣ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਗਿਆਨੇਸ਼ ਕੁਮਾਰ ਨੂੰ ਬਚਾਉਣ ਲਈ ਕਿਸ ਹੱਦ ਤੱਕ ਜਾ ਰਹੀ ਹੈ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਪੁਲੀਸ ਮੁਲਾਜ਼ਮ ਵੀ ਅੰਦਰੋਂ ਇਸ ਸਥਿਤੀ ਤੋਂ ਪਰੇਸ਼ਾਨ ਹਨ ਅਤੇ ਸਵਾਲ ਚੁੱਕ ਰਹੇ ਹਨ ਕਿ ਉਨ੍ਹਾਂ ਨੂੰ ਨੌਜਵਾਨ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਕਰਨ ਲਈ ਕਿਉਂ ਮਜਬੂਰ ਕੀਤਾ ਜਾ ਰਿਹਾ ਹੈ।

ਵੋਟ ਚੋਰੀ ਦੇ ਗੰਭੀਰ ਦੋਸ਼ਾਂ ਅਤੇ ਮੁੱਖ ਚੋਣ ਕਮਿਸ਼ਨਰ (CEC) ਦੀ ਕਾਰਜਪ੍ਰਣਾਲੀ ਨੂੰ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਿਆਸੀ ਤਾਪਮਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਕਾਂਗਰਸ ਸਮੇਤ ‘ਇੰਡੀਆ’ ਬਲਾਕ ਵਿੱਚ ਸ਼ਾਮਲ ਸਮੁੱਚੀਆਂ ਵਿਰੋਧੀ ਪਾਰਟੀਆਂ ਅੱਜ ਦੇਸ਼ ਦੀ ਸਰਵਉੱਚ ਅਦਾਲਤ ਯਾਨੀ ਸੁਪਰੀਮ ਕੋਰਟ ਤੱਕ ਵਿਸ਼ਾਲ ਰੋਸ ਮਾਰਚ ਕੱਢ ਰਹੀਆਂ ਹਨ। ਇਸ ਪ੍ਰਦਰਸ਼ਨ ਨੂੰ ਕਾਂਗਰਸ ਪਾਰਟੀ ਵੱਲੋਂ ‘ਚਲੋ ਦਿੱਲੀ-ਮਾਰਚ ਫ਼ਾਰ ਡੈਮੋਕਰੇਸੀ’ ਦਾ ਨਾਂ ਦਿੱਤਾ ਗਿਆ ਹੈ। ਤੈਅ ਪ੍ਰੋਗਰਾਮ ਮੁਤਾਬਕ ਵਿਰੋਧੀ ਧਿਰ ਦੇ ਸਾਰੇ ਪ੍ਰਮੁੱਖ ਨੇਤਾ ਦੁਪਹਿਰ 1:30 ਵਜੇ ਕਨਾਟ ਪਲੇਸ-ਬਾਰਾਖੰਭਾ ਰੋਡ ਜੰਕਸ਼ਨ ‘ਤੇ ਇਕੱਠੇ ਹੋਣਗੇ ਅਤੇ ਉੱਥੋਂ ਮਾਰਚ ਦੀ ਸ਼ੁਰੂਆਤ ਕਰਨਗੇ। ਇਸ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਰਣਨੀਤਕ ਤੌਰ ’ਤੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਭਾਰਤ ਦੇ ਮੁੱਖ ਜੱਜ (CJI) ਸੂਰਜ ਕਾਂਤ ਨਾਲ ਮੁਲਾਕਾਤ ਕਰਨ ਅਤੇ ਉਨ੍ਹਾਂ ਨੂੰ ਇਸ ਮਾਮਲੇ ਸੰਬੰਧੀ ਮੰਗ ਪੱਤਰ ਸੌਂਪਣ ਲਈ ਸਮਾਂ ਮੰਗਿਆ ਸੀ। ਹਾਲਾਂਕਿ, ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੀ.ਜੇ.ਆਈ. ਨੇ ਰਾਹੁਲ ਗਾਂਧੀ ਅਤੇ ਖੜਗੇ ਨੂੰ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਅਦਾਲਤੀ ਹਲਕਿਆਂ ਦਾ ਤਰਕ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਪਹਿਲਾਂ ਹੀ ਸੁਪਰੀਮ ਕੋਰਟ ਵਿੱਚ ਨਿਆਇਕ ਪੱਖ ਤਹਿਤ ਵਿਚਾਰ ਅਧੀਨ ਹਨ, ਜਿਸ ਕਾਰਨ ਇਹ ਮੁਲਾਕਾਤ ਸੰਭਵ ਨਹੀਂ ਹੋ ਸਕੀ।

Share: