ਪੰਜਾਬ ’ਚ ਬਿਜਲੀ ਦੀ ਵਧਦੀ ਮੰਗ ਨਾਲ ਨਜਿੱਠਣ ਲਈ ਟਰਾਂਸਮਿਸ਼ਨ ਸਮਰੱਥਾ ਵਧਾਈ ਜਾਵੇਗੀ: ਸੀਐੱਮਡੀ

ਪੰਜਾਬ ’ਚ ਬਿਜਲੀ ਦੀ ਵਧਦੀ ਮੰਗ ਨਾਲ ਨਜਿੱਠਣ ਲਈ ਟਰਾਂਸਮਿਸ਼ਨ ਸਮਰੱਥਾ ਵਧਾਈ ਜਾਵੇਗੀ: ਸੀਐੱਮਡੀ

ਪਟਿਆਲਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ (ਸੀਐੱਮਡੀ) ਦਾ ਅਹੁਦਾ ਸੰਭਾਲਣ ਤੋਂ ਬਾਅਦ ਗੁਰਕਿਰਤ ਕਿਰਪਾਲ ਸਿੰਘ ਨੇ ਦੱਸਿਆ ਕਿ ਸਰਕਾਰੀ ਵਿਭਾਗਾਂ ਵੱਲੋਂ ਬਕਾਇਆ ਚੱਲ ਰਹੇ 2500 ਕਰੋੜ ਰੁਪਏ ਤੋਂ ਵੱਧ ਦੇ ਬਿਜਲੀ ਬਿੱਲਾਂ ਦੀ ਵਸੂਲੀ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਅਤੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਟਰਾਂਸਮਿਸ਼ਨ (ਬਿਜਲੀ ਸੰਚਾਰਨ) ਸਮਰੱਥਾ ਨੂੰ ਵਧਾਉਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਰਸਮੀ ਗੱਲਬਾਤ ਦੌਰਾਨ ਗੁਰਕਿਰਤ ਕਿਰਪਾਲ ਸਿੰਘ ਨੇ ਸਪੱਸ਼ਟ ਕੀਤਾ ਕਿ ਸਿਰਫ਼ ਬਿਜਲੀ ਉਤਪਾਦਨ ਵਧਾਉਣ ’ਤੇ ਹੀ ਧਿਆਨ ਕੇਂਦਰਿਤ ਕਰਨ ਦੀ ਬਜਾਏ ਪੀਐੱਸਪੀਸੀਐੱਲ ਟਰਾਂਸਮਿਸ਼ਨ ਨੈੱਟਵਰਕ ਨੂੰ ਮਜ਼ਬੂਤ ਕਰੇਗੀ, ਜੋ ਕਿ ਗਰਿਡ ਦੀ ਸਥਿਰਤਾ ਅਤੇ ਮੌਜੂਦਾ ਬਿਜਲੀ ਦੀ ਸੁਚੱਜੀ ਵੰਡ ਲਈ ਬਹੁਤ ਜ਼ਰੂਰੀ ਹੈ। ਸੀਐੱਮਡੀ ਨੇ ਇਹ ਵਿਚਾਰ ਇਸ ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਵਿੱਚ ਬਿਜਲੀ ਦੀ ਰਿਕਾਰਡ ਮੰਗ ਦਰਜ ਕੀਤੇ ਜਾਣ ਤੋਂ ਬਾਅਦ ਸਾਂਝੇ ਕੀਤੇ ਹਨ। ਜ਼ਿਕਰਯੋਗ ਹੈ ਕਿ ਇਸ ਵਾਰ ਪੰਜਾਬ ਵਿੱਚ ਬਿਜਲੀ ਦੀ ਮੰਗ 17,500 ਮੈਗਾਵਾਟ ਦੇ ਸਰਵਉੱਚ ਪੱਧਰ ’ਤੇ ਪਹੁੰਚ ਗਈ ਸੀ ਅਤੇ ਕਈ ਦਿਨਾਂ ਤੱਕ 16,500 ਮੈਗਾਵਾਟ ਤੋਂ ਉੱਪਰ ਬਣੀ ਰਹੀ।

ਇਸ ਸਥਿਤੀ ਬਾਰੇ ਗੱਲ ਕਰਦਿਆਂ ਸੀਐੱਮਡੀ ਨੇ ਕਿਹਾ, “ਹਾਲ ਹੀ ਦੇ ਸਮੇਂ ਦੌਰਾਨ ਬਿਜਲੀ ਦੀ ਮੰਗ ਵਿੱਚ ਹੋਇਆ ਵਾਧਾ ਸਿਰਫ਼ ਪੰਜਾਬ ਤੱਕ ਹੀ ਸੀਮਤ ਨਹੀਂ ਸੀ, ਸਗੋਂ ਦੇਸ਼ ਦੇ ਕਈ ਹਿੱਸਿਆਂ ਵਿੱਚ ਬਿਜਲੀ ਪ੍ਰਣਾਲੀ ’ਤੇ ਵਾਧੂ ਦਬਾਅ ਦੇਖਣ ਨੂੰ ਮਿਲਿਆ।” ਉਨ੍ਹਾਂ ਦੱਸਿਆ ਕਿ ਐੱਲ ਨੀਨੋ (El Niño) ਦੇ ਪ੍ਰਭਾਵ ਕਾਰਨ ਬਦਲੇ ਮੌਸਮ ਅਤੇ ਤਾਪਮਾਨ ’ਚ ਵਾਧੇ ਕਾਰਨ ਬਿਜਲੀ ਦੀ ਮੰਗ ਅਚਾਨਕ ਵਧੀ, ਜਿਸ ਨਾਲ ਦੇਸ਼ ਭਰ ’ਚ ਮੰਗ ਤੇ ਸਪਲਾਈ ਦੇ ਪ੍ਰਬੰਧਨ ’ਤੇ ਅਸਰ ਪਿਆ। ਉਨ੍ਹਾਂ ਕਿਹਾ ਕਿ ਇਸ ਸਥਿਤੀ ਨੂੰ ਸਿਰਫ਼ ਪੰਜਾਬ ਤੱਕ ਸੀਮਤ ਕਰਕੇ ਦੇਖਣਾ ਠੀਕ ਨਹੀਂ ਹੋਵੇਗਾ। ਸਾਡਾ ਮੁੱਖ ਉਦੇਸ਼ ਮੰਗ ਦੇ ਹਿਸਾਬ ਨਾਲ ਉਤਪਾਦਨ, ਟਰਾਂਸਮਿਸ਼ਨ ਅਤੇ ਡਿਸਟ੍ਰੀਬਿਊਸ਼ਨ ਸਮਰੱਥਾ ਨੂੰ ਮਜ਼ਬੂਤ ਕਰਨਾ ਹੈ।

ਪੈਨਸ਼ਨਰਾਂ ਦੇ ਮੁੱਦਿਆਂ ‘ਤੇ ਬੋਲਦਿਆਂ ਸੀਐੱਮਡੀ ਨੇ ਕਿਹਾ ਕਿ ਪੈਨਸ਼ਨਰ ਪੀਐੱਸਪੀਸੀਐੱਲ ਪਰਿਵਾਰ ਦਾ ਅਹਿਮ ਹਿੱਸਾ ਹਨ ਅਤੇ ਉਨ੍ਹਾਂ ਦੀਆਂ ਜਾਇਜ਼ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕਰਨਾ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜੇਕਰ ਮੀਡੀਆ ਰਾਹੀਂ ਕੋਈ ਖਪਤਕਾਰ ਸਮੱਸਿਆ ਸਾਹਮਣੇ ਆਉਂਦੀ ਹੈ, ਤਾਂ ਉਸ ਨੂੰ ਸਿਰਫ਼ ਖ਼ਬਰ ਮੰਨ ਕੇ ਛੱਡਿਆ ਨਾ ਜਾਵੇ, ਸਗੋਂ ਉਸ ਨੂੰ ਹੱਲ ਕਰਨ ਦੇ ਮੌਕੇ ਵਜੋਂ ਲਿਆ ਜਾਵੇ। ਉਨ੍ਹਾਂ ਕਿਹਾ ਕਿ ਪਾਵਰਕੌਮ ਦਾ ਮੂਲ ਉਦੇਸ਼ ਖਪਤਕਾਰ-ਪੱਖੀ, ਪਾਰਦਰਸ਼ੀ ਤੇ ਜਵਾਬਦੇਹ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਾ ਹੈ।

Share: