ਪੇਈਚਿੰਗ : ਸਰਬੀਆ ਦੇ ਮਹਾਨ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਅੱਜ ਆਸਟਰੇਲੀਆ ਦੇ ਅਲੈਕਸ ਡੇਮੀਨੌਰ ਦੇ ਫਾਈਨਲ ਵਿੱਚੋਂ ਹਟਣ ਕਾਰਨ ਆਪਣਾ ਸੱਤਵਾਂ ਚਾਈਨਾ ਓਪਨ ਖ਼ਿਤਾਬ ਜਿੱਤ ਲਿਆ ਹੈ। ਡੀ ਮਿਨੌਰ ਨੂੰ ਸੱਟ ਕਾਰਨ ਮੁਕਾਬਲਾ ਵਿਚਾਲੇ ਛੱਡਣਾ ਪਿਆ। ਪਹਿਲਾ ਸੈੱਟ ਟਾਈ-ਬ੍ਰੇਕ ਵਿੱਚ ਹਾਰਨ ਮਗਰੋਂ ਡੇਮੀਨੌਰ ਨੇ ਪੱਟੀ ਬੰਨ੍ਹ ਕੇ ਖੇਡਣ ਦੀ ਕੋਸ਼ਿਸ਼ ਕੀਤੀ, ਪਰ ਦੂਜੇ ਸੈੱਟ ਦੇ ਸ਼ੁਰੂ ਵਿੱਚ ਹੀ ਦਰਦ ਵਧਣ ਕਾਰਨ ਉਸ ਨੂੰ ਮੈਚ ਵਿੱਚੋਂ ਹਟਣਾ ਪਿਆ। ਉਸ ਸਮੇਂ ਜੋਕੋਵਿਚ 7-6 (3), 1-0 ਨਾਲ ਅੱਗੇ ਚੱਲ ਰਿਹਾ ਸੀ।
ਮੈਚ ਜਿੱਤਣ ਮਗਰੋਂ ਜੋਕੋਵਿਚ ਨੇ ਆਪਣੇ ਵਿਰੋਧੀ ਦੀ ਸਿਹਤਯਾਬੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਜਿੱਤ ਨਾਲ ਜੋਕੋਵਿਚ (39) ਨੇ ਚਾਈਨਾ ਓਪਨ ਵਿੱਚ ਆਪਣਾ ਜੇਤੂ ਰਿਕਾਰਡ ਕਾਇਮ ਰੱਖਦਿਆਂ ਲਗਾਤਾਰ 34ਵੀਂ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਸਰਬੀਆ ਦੇ ਇਸ ਸਟਾਰ ਖਿਡਾਰੀ ਨੇ ਲਗਾਤਾਰ 21ਵੇਂ ਸਾਲ ਸਿੰਗਲਜ਼ ਖ਼ਿਤਾਬ ਆਪਣੇ ਨਾਂ ਕਰਨ ਦਾ ਰਿਕਾਰਡ ਵੀ ਬਣਾ ਲਿਆ ਹੈ। ਮੈਚ ਤੋਂ ਬਾਅਦ ਗੱਲ ਕਰਦਿਆਂ ਜੋਕੋਵਿਚ ਨੇ ਮੰਨਿਆ ਕਿ ਸਰੀਰਕ ਸਮੱਸਿਆਵਾਂ ਕਾਰਨ ਉਨ੍ਹਾਂ ਲਈ ਇਹ ਸਾਲ ਕਾਫ਼ੀ ਚੁਣੌਤੀਪੂਰਨ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ ਦੇ ਸੈਮੀ ਫਾਈਨਲ ਮੁਕਾਬਲੇ ਵੀ ਕਾਫ਼ੀ ਨਾਟਕੀ ਰਹੇ, ਜਿੱਥੇ ਹਿਊਬਰਟ ਹੁਰਕਾਜ਼ ਸੱਟ ਕਾਰਨ ਬਾਹਰ ਹੋ ਗਿਆ, ਜਦਕਿ ਦਾਨਿਲ ਮੈਦਵੇਦੇਵ ਨੂੰ ਦਰਸ਼ਕਾਂ ਵੱਲ ਗੇਂਦ ਸੁੱਟਣ ਕਾਰਨ ਅਯੋਗ ਕਰਾਰ ਦਿੱਤਾ ਗਿਆ।
ਸੱਟ ਕਾਰਨ ਸਿਨਰ ਦੀ ਬਾਕੀ ਮੈਚਾਂ ਤੋਂ ਨਾਂਹ
ਮੋਨਾਕੋ: ਵਿਸ਼ਵ ਦਾ ਅੱਵਲ ਨੰਬਰ ਟੈਨਿਸ ਖਿਡਾਰੀ ਜੈਨਿਕ ਸਿਨਰ ਗੋਡੇ ਦੀ ਸੱਟ ਕਾਰਨ ਇਸ ਸਾਲ ਦੇ ਬਾਕੀ ਬਚੇ ਮੈਚ ਨਹੀਂ ਖੇਡ ਸਕੇਗਾ। ਉਸ ਨੇ ਖ਼ੁਦ ਵੀਡੀਓ ਜਾਰੀ ਕਰ ਕੇ ਇਸ ਦੀ ਪੁਸ਼ਟੀ ਕੀਤੀ ਹੈ। ਸਿਨਰ ਜੁਲਾਈ ਤੋਂ ਹੀ ਮੈਦਾਨ ਤੋਂ ਬਾਹਰ ਹੈ। ਉਸ ਨੇ ਆਪਣੇ ਲੰਮੇ ਅਤੇ ਬਿਹਤਰ ਕਰੀਅਰ ਬਾਰੇ ਸੋਚਦਿਆਂ ਗੋਡੇ ਦੀ ਸਰਜਰੀ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਉਸ ਦੀ ਨੰਬਰ ਇੱਕ ਦਰਜਾਬੰਦੀ ਖੁੱਸਣ ਦਾ ਵੀ ਖ਼ਦਸ਼ਾ ਪੈਦਾ ਹੋ ਗਿਆ ਹੈ। ਸਿਨਰ ਜੁਲਾਈ ਵਿੱਚ ਵਿੰਬਲਡਨ ਫਾਈਨਲ ਵਿੱਚ ਅਲੈਗਜ਼ੈਂਡਰ ਜਵੈਰੇਵ ਨੂੰ ਹਰਾਉਣ ਤੋਂ ਬਾਅਦ ਕੋਈ ਮੈਚ ਨਹੀਂ ਖੇਡਿਆ।

