FBI ਨਿਰਦੇਸ਼ਕ ਕਾਸ਼ ਪਟੇਲ ਦੀ ਗਾਇਕਾ ਐਲੇਕਸਿਸ ਵਿਲਕਿਨਜ਼ ਨਾਲ ਮੰਗਣੀ ਹੋਈ

FBI ਨਿਰਦੇਸ਼ਕ ਕਾਸ਼ ਪਟੇਲ ਦੀ ਗਾਇਕਾ ਐਲੇਕਸਿਸ ਵਿਲਕਿਨਜ਼ ਨਾਲ ਮੰਗਣੀ ਹੋਈ

ਵਾਸ਼ਿੰਗਟਨ : ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ) ਦੇ ਨਿਰਦੇਸ਼ਕ ਕਾਸ਼ ਪਟੇਲ ਨੇ ‘ਕੰਟਰੀ ਸਿੰਗਰ’ ਐਲੇਕਸਿਸ ਵਿਲਕਿਨਜ਼ ਨਾਲ ਮੰਗਣੀ ਕਰ ਲਈ ਹੈ। ਦੋਹਾਂ ਨੇ ਐਤਵਾਰ ਸ਼ਾਮ ਸੋਸ਼ਲ ਮੀਡੀਆ ਮੰਚ ‘ਐਕਸ’ ‘ਤੇ ਇੱਕ ਪੋਸਟ ਵਿੱਚ ਇਹ ਜਾਣਕਾਰੀ ਦਿੱਤੀ। ਵਿਲਕਿਨਜ਼ (27) ਨੇ ਪਟੇਲ ਨਾਲ ਆਪਣੀ ਇੱਕ ‘ਬਲੈਕ-ਐਂਡ-ਵਾਈਟ’ ਤਸਵੀਰ ਪੋਸਟ ਕੀਤੀ ਜਿਸ ਵਿੱਚ ਉਹ ਮੰਗਣੀ ਦੀ ਰਿੰਗ ਦਿਖਾਉਂਦੀ ਨਜ਼ਰ ਆ ਰਹੀ ਹੈ। ਉਸ ਨੇ ਤਸਵੀਰ ਦੇ ਨਾਲ ਮਜ਼ਾਕੀਆ ਅੰਦਾਜ਼ ਵਿੱਚ ਲਿਖਿਆ, ”ਕਾਨੂੰਨੀ ਕੰਮ ਕਰ ਹੀ ਲਿਆ।”

ਦੋਵੇਂ, ਪਟੇਲ (46) ਦੇ 2025 ਵਿੱਚ ਐੱਫਬੀਆਈ ਨਿਰਦੇਸ਼ਕ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਤੋਂ ਹੀ ਇੱਕ-ਦੂਜੇ ਨੂੰ ਡੇਟ ਕਰ ਰਹੇ ਸਨ। ਪਟੇਲ ਦੇ ਐੱਫਬੀਆਈ ਨਿਰਦੇਸ਼ਕ ਅਹੁਦੇ ਦੇ ਸਹੁੰ ਚੁੱਕ ਸਮਾਗਮ ਵਿੱਚ ਵੀ ਵਿਲਕਿਨਜ਼ ਮੌਜੂਦ ਸੀ।

‘ਕੰਟਰੀ ਸਿੰਗਰ’ (ਲੋਕਗੀਤ ਗਾਇਕਾ) ਅਤੇ ਸਿਆਸੀ ਟਿੱਪਣੀਕਾਰ ਵਿਲਕਿਨਜ਼ ਨੇ 2023 ਵਿੱਚ ਆਪਣੀ ਪਹਿਲੀ ਐਲਬਮ ਜਾਰੀ ਕੀਤੀ ਸੀ। ਆਪਣੀ ਵੈੱਬਸਾਈਟ ‘ਤੇ ਉਹ ਲਿਖਦੀ ਹੈ ਕਿ ਉਸਦਾ ਉਦੇਸ਼ ‘ਕੰਟਰੀ ਸੰਗੀਤ ਦੀ ਪਰੰਪਰਾ ਦਾ ਸਨਮਾਨ ਕਰਦੇ ਹੋਏ ਉਸਨੂੰ ਥੋੜ੍ਹਾ ਆਧੁਨਿਕ ਤਰੀਕੇ ਨਾਲ ਪੇਸ਼ ਕਰਨਾ’ ਹੈ।

ਬੀਤੇ ਸਮੇਂ ਪਟੇਲ ਨੂੰ ਸਰਕਾਰੀ ਜਹਾਜ਼ ਦੀ ਅਜਿਹੀ ਵਰਤੋਂ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਯਾਤਰਾਵਾਂ ਦਾ ਕੋਈ ਸਪੱਸ਼ਟ ਜਾਂ ਜਾਣਿਆ-ਪਛਾਣਿਆ ਕਾਨੂੰਨ-ਲਾਗੂਕਰਨ ਸੰਬੰਧੀ ਉਦੇਸ਼ ਨਹੀਂ ਸੀ। ਇਹਨਾਂ ਵਿੱਚ ਐੱਫਬੀਆਈ ਦੇ ਇੱਕ ਜਹਾਜ਼ ਰਾਹੀਂ ਪੈਨਸਿਲਵੇਨੀਆ ਦੇ ਸਟੇਟ ਕਾਲਜ ਜਾਣਾ ਵੀ ਸ਼ਾਮਲ ਹੈ ਜਿੱਥੇ ਵਿਲਕਿਨਜ਼ ਨੇ ਇੱਕ ਪੇਸ਼ੇਵਰ ਕੁਸ਼ਤੀ ਪ੍ਰੋਗਰਾਮ ਵਿੱਚ ਰਾਸ਼ਟਰੀ ਗੀਤ ਗਾਇਆ ਸੀ।

ਇਸ ਤੋਂ ਬਾਅਦ ਵਿਲਕਿਨਜ਼ ਦੁਆਰਾ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਦੋਵੇਂ ਮੁਸਕਰਾਉਂਦੇ ਹੋਏ ਨਜ਼ਰ ਆਏ ਸਨ।

ਵਿਲਕਿਨਜ਼ ਉਸ ਸਮੇਂ ਵੀ ਸੁਰਖੀਆਂ ਵਿੱਚ ਆਈ, ਜਦੋਂ ਉਸਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ‘ਗ੍ਰੇਟ ਅਮਰੀਕਨ ਸਟੇਟ ਫੇਅਰ’ ਵਿੱਚ ਪੇਸ਼ਕਾਰੀ ਦਿੱਤੀ ਸੀ। ਇਹ ਪ੍ਰੋਗਰਾਮ ਅਮਰੀਕਾ ਦੀ 250ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਨੈਸ਼ਨਲ ਮਾਲ ਵਿੱਚ ਆਯੋਜਿਤ ਕੀਤਾ ਗਿਆ ਸੀ।

Share: