ਨਾਗੋਆ : ਐਤਕੀਂ ਆਈਚੀ-ਨਾਗੋਆ ਏਸ਼ਿਆਈ ਖੇਡਾਂ ਵਿੱਚ ਭਾਰਤ ਦੇ ਤਗ਼ਮਿਆਂ ਦੀ ਗਿਣਤੀ ਘਟ ਗਈ ਹੈ। ਭਾਰਤ ਨੇ ਚੌਥਾ ਸਥਾਨ ਤਾਂ ਬਰਕਰਾਰ ਰੱਖਿਆ, ਪਰ ਇਸ ਵਾਰ ਉਸ ਦੇ ਖਾਤੇ ਵਿੱਚ ਸਿਰਫ਼ 85 ਤਗ਼ਮੇ (21 ਸੋਨੇ, 27 ਚਾਂਦੀ ਅਤੇ 37 ਕਾਂਸੀ ਦੇ ਤਗ਼ਮੇ) ਆਏ, ਜੋ ਪਿਛਲੇ ਸਾਲਾਂ ਨਾਲੋਂ 21 ਘੱਟ ਹਨ।
ਸਾਲ 2036 ਤੱਕ ਸਿਖਰਲੇ ਦਸ ਅਤੇ 2047 ਤੱਕ ਸਿਖਰਲੇ ਪੰਜ ਖੇਡ ਦੇਸ਼ਾਂ ਵਿੱਚ ਥਾਂ ਬਣਾਉਣ ਦਾ ਟੀਚਾ ਰੱਖਣ ਵਾਲੇ ਭਾਰਤ ਲਈ ਇਹ ਨਤੀਜੇ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਏ ਹਨ। ਇਸ ਗਿਰਾਵਟ ਦਾ ਮੁੱਖ ਕਾਰਨ ਰਵਾਇਤੀ ਤੌਰ ’ਤੇ ਮਜ਼ਬੂਤ ਮੰਨੀਆਂ ਜਾਂਦੀਆਂ ਦੋ ਖੇਡਾਂ ਨਿਸ਼ਾਨੇਬਾਜ਼ੀ ਅਤੇ ਐਥਲੈਟਿਕਸ ਦਾ ਉਮੀਦਾਂ ਉੱਤੇ ਖਰਾ ਨਾ ਉਤਰਨਾ ਰਿਹਾ ਹੈ। ਨਿਸ਼ਾਨੇਬਾਜ਼ੀ ਵਿੱਚ ਤਗ਼ਮੇ 22 ਤੋਂ ਘਟ ਕੇ 15 ਰਹਿ ਗਏ, ਹਾਲਾਂਕਿ ਨੀਰੂ ਢਾਂਡਾ ਨੇ ਟਰੈਪ ਨਿਸ਼ਾਨੇਬਾਜ਼ੀ ਵਿੱਚ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਸਿਰਜਿਆ ਹੈ। ਐਥਲੈਟਿਕਸ ਵਿੱਚ ਵੀ ਨੀਰਜ ਚੋਪੜਾ ਦੀ ਗ਼ੈਰ-ਮੌਜੂਦਗੀ ਅਤੇ ਖਿਡਾਰੀਆਂ ਦੀਆਂ ਸੱਟਾਂ ਕਾਰਨ ਪ੍ਰਦਰਸ਼ਨ ਪ੍ਰਭਾਵਿਤ ਹੋਇਆ ਹੈ; ਹਾਲਾਂਕਿ ਮਹਿਲਾ 4 ਗੁਣਾ 400 ਮੀਟਰ ਰਿਲੇਅ ਟੀਮ ਨੇ ਸੋਨ ਤਗ਼ਮਾ ਜਿੱਤ ਕੇ ਕੁਝ ਰਾਹਤ ਦਿੱਤੀ ਹੈ। ਇਸ ਨਿਰਾਸ਼ਾ ਦੇ ਬਾਵਜੂਦ ਕਈ ਖੇਤਰਾਂ ਵਿੱਚ ਭਾਰਤ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ। ਤੀਰਅੰਦਾਜ਼ੀ ਵਿੱਚ ਕੁਮਕੁਮ ਮੋਹਦ ਨੇ ਇਤਿਹਾਸਕ ਸੋਨ ਤਗ਼ਮਾ ਜਿੱਤਿਆ। ਭਾਰਤ ਨੇ ਤੀਰਅੰਦਾਜ਼ੀ ਵਿੱਚ ਕੁੱਲ ਨੌਂ ਤਗ਼ਮੇ (ਪੰਜ ਸੋਨੇ, ਦੋ ਚਾਂਦੀ ਅਤੇ ਦੋ ਕਾਂਸੀ ਦੇ) ਹਾਸਲ ਕੀਤੇ। ਕੁਸ਼ਤੀ ਵਿੱਚ ਸੁਜੀਤ ਅਤੇ ਅਮਨ ਨੇ ਅਤੇ ਮੁੱਕੇਬਾਜ਼ੀ ਵਿੱਚ ਲਵਲੀਨਾ ਤੇ ਪਰਵੀਨ ਨੇ ਸੋਨ ਤਗ਼ਮੇ ਜਿੱਤੇ। ਗੋਲਫ ਵਿੱਚ ਪ੍ਰਣਵੀ ਉਰਸ ਨੇ ਨਿੱਜੀ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਸਿਰਜਿਆ ਹੈ।
ਵੱਡੀ ਖ਼ੁਸ਼ਖ਼ਬਰੀ ਹਾਕੀ ਅਤੇ ਕ੍ਰਿਕਟ ਤੋਂ ਆਈ। ਮਹਿਲਾ ਅਤੇ ਪੁਰਸ਼ ਦੋਵਾਂ ਹਾਕੀ ਟੀਮਾਂ ਨੇ ਸੋਨ ਤਗ਼ਮੇ ਜਿੱਤਣ ਦੇ ਨਾਲ-ਨਾਲ 2028 ਲਾਸ ਏਂਜਲਸ ਓਲੰਪਿਕ ਲਈ ਸਿੱਧਾ ਕੋਟਾ ਹਾਸਲ ਕਰ ਲਿਆ ਹੈ। ਇਸ ਤੋਂ ਇਲਾਵਾ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਨੇ ਵੀ ਆਪਣੇ ਸੋਨ ਤਗ਼ਮਿਆਂ ਦਾ ਸਫਲਤਾਪੂਰਵਕ ਬਚਾਅ ਕੀਤਾ। ਖ਼ਰਾਬ ਤਿਆਰੀ ਅਤੇ ਰਿਹਾਇਸ਼ ਸਮੱਸਿਆਵਾਂ ਦੇ ਬਾਵਜੂਦ ਜਪਾਨ ਵਿੱਚ ਹੋਈਆਂ ਇਨ੍ਹਾਂ ਖੇਡਾਂ ਨੇ ਦਿਖਾਇਆ ਕਿ ਭਾਰਤ ਦਾ ਖੇਡ ਆਧਾਰ ਲਗਾਤਾਰ ਵਸੀਹ ਹੋ ਰਿਹਾ ਹੈ।

