British Sikh Appeal: ਬ੍ਰਿਟਿਸ਼ ਸਿੱਖ ਨੌਜਵਾਨ Vikram Digwa ਨੂੰ ਉਮਰ ਕੈਦ ਦੀ ਸਜ਼ਾ ਖ਼ਿਲਾਫ਼ ਅਪੀਲ ਦੀ ਇਜਾਜ਼ਤ

British Sikh Appeal: ਬ੍ਰਿਟਿਸ਼ ਸਿੱਖ ਨੌਜਵਾਨ Vikram Digwa ਨੂੰ ਉਮਰ ਕੈਦ ਦੀ ਸਜ਼ਾ ਖ਼ਿਲਾਫ਼ ਅਪੀਲ ਦੀ ਇਜਾਜ਼ਤ

ਲੰਡਨ : ਦੱਖਣ-ਪੂਰਬੀ ਇੰਗਲੈਂਡ ਵਿੱਚ 18 ਸਾਲਾ ਵਿਦਿਆਰਥੀ ਨੂੰ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਵਾਲੇ 23 ਸਾਲਾ ਬ੍ਰਿਟਿਸ਼ ਸਿੱਖ ਨੌਜਵਾਨ ਨੂੰ ਮੰਗਲਵਾਰ ਨੂੰ ਆਪਣੀ ਸਜ਼ਾ ਖ਼ਿਲਾਫ਼ ਅਪੀਲ ਕਰਨ ਦੀ ਇਜਾਜ਼ਤ ਮਿਲ ਗਈ। ਵਿਕਰਮ ਦਿਗਵਾ ਨੂੰ ਸਾਊਥੈਂਪਟਨ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ ਤੇ ਉਸ ਨੇ ਅਦਾਲਤ ’ਚ ਆਪਣੇ ਬਚਾਅ ਲਈ ਧਾਰਮਿਕ ਕਾਰਨਾਂ ਦੀਆਂ ਦਲੀਲਾਂ ਦਿੱਤੀਆਂ ਸਨ। ਉਸ ਨੇ ਕਿਹਾ ਸੀ ਕਿ ਉਸ ਕੋਲ ਕਿਰਪਾਨ ਸੀ ਜਿਸ ਨੂੰ ਸਿੱਖ ਬਰਤਾਨੀਆ ’ਚ ਕਾਨੂੰਨੀ ਤੌਰ ’ਤੇ ਆਪਣੇ ਕੋਲ ਰੱਖ ਸਕਦੇ ਹਨ। ਅਦਾਲਤ ਮੁਤਾਬਕ ਹੈਨਰੀ ਨੇ ਦਿਗਵਾ ਨੂੰ ਸਿਰਫ਼ ਇਹ ਪੁੱਛਿਆ ਸੀ ਕਿ “ਕੀ ਤੁਸੀਂ ਬੁਰੇ ਆਦਮੀ ਹੋ?”; ਦਿਗਵਾ ਵੱਲੋਂ ਉਸ ’ਤੇ ਨਸਲੀ ਟਿੱਪਣੀ ਕਰਨ ਦਾ ਦਾਅਵਾ ਅਦਾਲਤ ਨੇ ਰੱਦ ਕਰ ਦਿੱਤਾ ਸੀ।

ਜਾਣਕਾਰੀ ਅਨੁਸਾਰ ਦਿਗਵਾ ਨੂੰ ਪਿਛਲੇ ਸਾਲ ਦਸੰਬਰ ਵਿੱਚ ਸਾਊਥੈਂਪਟਨ ਯੂਨੀਵਰਸਿਟੀ ਦੇ 18 ਸਾਲਾ ਵਿਦਿਆਰਥੀ ਹੈਨਰੀ ਨੋਵਾਕ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ। ਅਦਾਲਤ ਮੁਤਾਬਕ ਨੋਵਾਕ ਪੋਰਟਸਵੁੱਡ ਵਿੱਚ ਰਾਤ ਬਾਹਰ ਬਿਤਾਉਣ ਮਗਰੋਂ ਘਰ ਪਰਤ ਰਿਹਾ ਸੀ, ਜਦੋਂ ਦਿਗਵਾ ਨੇ ਉਸ ’ਤੇ ਪੰਜ ਵਾਰ ਵਾਰ ਕੀਤੇ। ਜੂਨ ਵਿੱਚ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਪੈਰੋਲ ਲਈ ਯੋਗ ਹੋਣ ਤੋਂ ਪਹਿਲਾਂ ਘੱਟੋ-ਘੱਟ 21 ਸਾਲ ਜੇਲ੍ਹ ਵਿੱਚ ਰਹਿਣ ਦਾ ਹੁਕਮ ਦਿੱਤਾ ਗਿਆ ਸੀ। ਹੁਣ ਉਸ ਨੂੰ 5 ਨਵੰਬਰ ਨੂੰ ਕੋਰਟ ਆਫ਼ ਅਪੀਲ ਵਿੱਚ ਇਸ ਸਜ਼ਾ ਦੀ ਮਿਆਦ ਨੂੰ ਚੁਣੌਤੀ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ। ਉਸ ਨੇ ਆਪਣੇ ਕਤਲ ਦੇ ਦੋਸ਼ੀ ਠਹਿਰਾਏ ਜਾਣ ਖ਼ਿਲਾਫ਼ ਵੀ ਅਪੀਲ ਕਰਨ ਦੀ ਅਰਜ਼ੀ ਦਿੱਤੀ ਹੈ, ਜਿਸ ’ਤੇ ਵੱਖਰੇ ਤੌਰ ’ਤੇ ਫ਼ੈਸਲਾ ਕੀਤਾ ਜਾਵੇਗਾ।

ਇਹ ਕਿਹਾ ਗਿਆ ਸੀ ਕਿ ਦਿਗਵਾ ਨੇ ਧਾਰਮਿਕ ਆਧਾਰ ’ਤੇ ਸਵੈ-ਰੱਖਿਆ ਦੀ ਦਲੀਲ ਦੇਣ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਕਤਲ ਵਿੱਚ ਵਰਤਿਆ ਗਿਆ ਚਾਕੂ ਨਹੀਂ ਕਿਰਪਾਨ ਸੀ। ਬ੍ਰਿਟੇਨ ਵਿੱਚ ਸਿੱਖਾਂ ਨੂੰ ਧਾਰਮਿਕ ਕਕਾਰ ਕਿਰਪਾਨ ਰੱਖਣ ਦੀ ਕਾਨੂੰਨੀ ਇਜਾਜ਼ਤ ਹੈ।

ਇਸ ਮਾਮਲੇ ਮਗਰੋਂ ਬ੍ਰਿਟਿਸ਼ ਸਿੱਖ ਜਥੇਬੰਦੀਆਂ ਨੇ ਭਾਈਚਾਰੇ ਖ਼ਿਲਾਫ਼ ਪ੍ਰਤੀਕਿਰਿਆ ਅਤੇ ‘ਹੇਟ ਕ੍ਰਾਈਮ’ ਵਧਣ ਦਾ ਖ਼ਦਸ਼ਾ ਜ਼ਾਹਰ ਕੀਤਾ ਸੀ।

ਜੁਲਾਈ ਵਿੱਚ ਦਿਗਵਾ ਦੀ ਭਾਰਤ ਵਿੱਚ ਜਨਮੀ ਮਾਂ ਕਿਰਨ ਕੌਰ ਨੂੰ ਵੀ ਸਾਊਥੈਂਪਟਨ ਕ੍ਰਾਊਨ ਕੋਰਟ ਨੇ ਮੁਲਜ਼ਮ ਦੀ ਮਦਦ ਕਰਨ ਦੇ ਦੋਸ਼ ਵਿੱਚ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।

53 ਸਾਲਾ ਕਿਰਨ ਕੌਰ ਨੂੰ ਦਿਗਵਾ ਵੱਲੋਂ ਨੋਵਾਕ ਦੇ ਕਤਲ ਲਈ ਵਰਤੇ ਗਏ ਹਥਿਆਰ ਨੂੰ ਆਪਣੇ ਕਬਜ਼ੇ ਵਿੱਚ ਲੈਣ ਅਤੇ ਜਾਂਚ ਵਿੱਚ ਰੁਕਾਵਟ ਪਾਉਣ ਲਈ ਉਸ ਨੂੰ ਘਟਨਾ ਸਥਾਨ ਤੋਂ ਹਟਾਉਣ ਵਿੱਚ ਮਦਦ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ।

ਅਦਾਲਤ ਨੇ ਕਿਹਾ- ਕਿਰਪਾਨ ਹਮਲੇ ਲਈ ਨਹੀਂ

ਕਿਰਨ ਕੌਰ ਨੂੰ ਸਜ਼ਾ ਸੁਣਾਉਂਦੇ ਸਮੇਂ ਜਸਟਿਸ ਵਿਲੀਅਮ ਮੌਸਲੇ ਨੇ ਕਿਹਾ ਕਿ ਸਿੱਖ ਧਰਮ ਦਾ ਬੁਨਿਆਦੀ ਸਿਧਾਂਤ ਹੈ ਕਿ ਕਿਰਪਾਨ ਧਾਰਮਿਕ ਵਿਸ਼ਵਾਸ ਦੇ ਪ੍ਰਤੀਕ ਵਜੋਂ ਪਹਿਨੀ ਜਾਂਦੀ ਹੈ ਅਤੇ ਇਸ ਨੂੰ ਕਿਸੇ ’ਤੇ ਹਮਲਾ ਕਰਨ ਦੇ ਮਕਸਦ ਨਾਲ ਨਹੀਂ ਰੱਖਿਆ ਜਾਂਦਾ।

ਉਨ੍ਹਾਂ ਕਿਹਾ ਕਿ ਕਿਸੇ ਖ਼ਤਰੇ ਦੇ ਜਵਾਬ ਵਿੱਚ ਕਿਰਪਾਨ ਦੀ ਵਰਤੋਂ ਨੂੰ ਵਾਜਬ ਮੰਨਣ ਲਈ ਹਾਲਾਤ ਬਹੁਤ ਗੰਭੀਰ ਅਤੇ ਤੁਰੰਤ ਖ਼ਤਰੇ ਵਾਲੇ ਹੋਣੇ ਚਾਹੀਦੇ ਹਨ।

ਇਸ ਸਾਲ ਮਾਮਲੇ ਦੀ ਸੁਣਵਾਈ ਦੌਰਾਨ ਅਪਰਾਧ ਦੇ ਵੇਰਵੇ ਸਾਹਮਣੇ ਆਉਣ ਮਗਰੋਂ ਬ੍ਰਿਟਿਸ਼ ਸਿੱਖ ਆਗੂਆਂ ਅਤੇ ਸੰਸਦ ਮੈਂਬਰਾਂ ਨੇ ਕਿਰਪਾਨ ਦੀ ਗ਼ਲਤ ਵਿਆਖਿਆ ਦੀ ਨਿੰਦਾ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇਸ ਮਾਮਲੇ ਵਿੱਚ ਧਾਰਮਿਕ ਸੁਰੱਖਿਆ ਜਾਂ ਧਾਰਮਿਕ ਆਧਾਰ ’ਤੇ ਕੋਈ ਜਾਇਜ਼ ਠਹਿਰਾਉਣਾ ਲਾਗੂ ਨਹੀਂ ਹੁੰਦਾ।

ਪੁਲੀਸ ’ਤੇ ਵੀ ‘ਦੋਹਰੇ ਮਾਪਦੰਡਾਂ’ ਦੇ ਦੋਸ਼

ਇਸ ਮਾਮਲੇ ਕਾਰਨ ਸਾਊਥੈਂਪਟਨ ਵਿੱਚ ਭਾਈਚਾਰਕ ਤਣਾਅ ਵੀ ਪੈਦਾ ਹੋਇਆ। ਹੈਂਪਸ਼ਾਇਰ ਅਤੇ ਆਇਲ ਆਫ਼ ਵਾਈਟ ਕਾਂਸਟੈਬੁਲਰੀ ਦੇ ਅਧਿਕਾਰੀ ਵੀ ਪੁਲੀਸ ਦੇ ਕੰਮਕਾਜ ਵਿੱਚ ‘ਦੋਹਰੇ ਮਾਪਦੰਡਾਂ’ ਦੇ ਦੋਸ਼ਾਂ ਨੂੰ ਲੈ ਕੇ ਇੰਡੀਪੈਂਡੈਂਟ ਆਫ਼ਿਸ ਫ਼ਾਰ ਪੁਲੀਸ ਕੰਡਕਟ (ਆਈਓਪੀਸੀ) ਦੀ ਜਾਂਚ ਦੇ ਘੇਰੇ ਵਿੱਚ ਆਏ।

ਇਹ ਮਾਮਲਾ ਪੀੜਤ ਦੇ ਆਖ਼ਰੀ ਪਲਾਂ ਦੀ ਪੁਲੀਸ ਬਾਡੀ ਕੈਮਰੇ ਦੀ ਵੀਡੀਓ ਨਾਲ ਵੀ ਜੁੜਿਆ ਸੀ। ਵੀਡੀਓ ਵਿੱਚ ਪੁਲੀਸ ਅਧਿਕਾਰੀ ਉਸ ਨੂੰ ਹੱਥਕੜੀਆਂ ਲਾਉਂਦੇ ਨਜ਼ਰ ਆਏ ਸਨ। ਇਹ ਕਾਰਵਾਈ ਦਿਗਵਾ ਵੱਲੋਂ ਉਸ ’ਤੇ ਨਸਲਵਾਦ ਦੇ ਲਾਏ ਦੋਸ਼ਾਂ ਦੇ ਆਧਾਰ ’ਤੇ ਕੀਤੀ ਗਈ ਸੀ, ਪਰ ਬਾਅਦ ਵਿੱਚ ਅਦਾਲਤ ਵਿੱਚ ਇਹ ਦੋਸ਼ ਗ਼ਲਤ ਸਾਬਤ ਹੋਏ।

Share: