FBI ਨੇ Goldy Brar ਦੇ ਸਿਰ ’ਤੇ ਸਾਢੇ ਨੌਂ ਕਰੋੜ ਰੁਪਏ ਦਾ ਇਨਾਮ ਐਲਾਨਿਆFBI ਨੇ Goldy Brar ਦੇ ਸਿਰ ’ਤੇ ਸਾਢੇ ਨੌਂ ਕਰੋੜ ਰੁਪਏ ਦਾ ਇਨਾਮ ਐਲਾਨਿਆ

FBI ਨੇ Goldy Brar ਦੇ ਸਿਰ ’ਤੇ ਸਾਢੇ ਨੌਂ ਕਰੋੜ ਰੁਪਏ ਦਾ ਇਨਾਮ ਐਲਾਨਿਆFBI ਨੇ Goldy Brar ਦੇ ਸਿਰ ’ਤੇ ਸਾਢੇ ਨੌਂ ਕਰੋੜ ਰੁਪਏ ਦਾ ਇਨਾਮ ਐਲਾਨਿਆ

ਵੈਨਕੂਵਰ : ਅਮਰੀਕਾ ਦੀ ਪ੍ਰਮੁੱਖ ਜਾਂਚ ਏਜੰਸੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਨੇ ਕਈ ਕਥਿਤ ਵੱਡੇ ਅਪਰਾਧਾਂ ਵਿੱਚ ਨਾਮਜ਼ਦ ਕੀਤੇ ਹੋਏ ਭਾਰਤੀ ਮੂਲ ਦੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੇ ਸਿਰ ’ਤੇ ਰੱਖਿਆ ਇਨਾਮ 1 ਲੱਖ ਡਾਲਰ ਤੋਂ ਵਧਾ ਕੇ 10 ਲੱਖ ਡਾਲਰ ਕਰਨ ਦਾ ਐਲਾਨ ਕੀਤਾ ਹੈ। ਉਸ ਉੱਤੇ ਜੂਨ 2023 ਵਿੱਚ ਸਰੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਮਾਰੇ ਗਏ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਸਾਜ਼ਿਸ਼ ਦਾ ਵੀ ਦੋਸ਼ ਹੈ। ਮਾਰੇ ਜਾਣ ਮੌਕੇ ਨਿੱਝਰ ਉਸੇ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਸੀ। ਕੈਨੇਡਾ ਪੁਲੀਸ ਵੱਲੋਂ ਉਸ ਕਤਲ ਦੇ ਦੋਸ਼ ਵਿੱਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਦੋਸ਼ ਆਇਦ ਕੀਤੇ ਗਏ ਸਨ ਅਤੇ ਮਾਮਲਾ ਅਦਾਲਤੀ ਸੁਣਵਾਈ ਅਧੀਨ ਹੈ।

ਐੱਫ.ਬੀ.ਆਈ. ਦੇ ਸਹਾਇਕ ਨਿਰਦੇਸ਼ਕ ਪੈਟਰਿਕ ਗਰੈਂਡੀ ਨੇ Los Angeles ਵਾਲੇ ਦਫ਼ਤਰ ਵਿੱਚ ਕੀਤੀ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਕਿ ਭਾਰਤ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਸਤਿੰਦਰਜੀਤ ਸਿੰਘ, ਜਿਸ ਨੂੰ ਆਮ ਕਰਕੇ ਗੋਲਡੀ ਬਰਾੜ ਵਜੋਂ ਜਾਣਿਆ ਜਾਂਦਾ ਹੈ, ਵੱਲੋਂ ਉੱਤਰੀ ਅਮਰੀਕਾ (ਯਾਨੀ ਅਮਰੀਕਾ ਅਤੇ ਕੈਨੇਡਾ) ਵਿੱਚ ਭਾੜੇ ਦੇ ਕਤਲ, ਲੁੱਟਾਂ ਅਤੇ ਫਿਰੌਤੀਆਂ ਦੇ ਦਹਿਸ਼ਤ ਦੀ ਸ਼ੁਰੂਆਤ ਕਰਨ ਕਰਕੇ ਉਸ ਨੂੰ ਅਮਰੀਕਾ ਦੀ 10 ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ ਅਤੇ ਕੋਈ ਵੀ ਸੂਚਨਾਕਾਰ, ਜੋ ਉਸ ਦੀ ਗ੍ਰਿਫ਼ਤਾਰੀ ਵਿੱਚ ਮਦਦ ਕਰੇਗਾ, ਉਸ ਨੂੰ ਐਲਾਨਿਆ ਗਿਆ ਇਨਾਮ ਦਿੱਤਾ ਜਾਵੇਗਾ। ਉਸ ਨੇ ਕਿਹਾ ਕਿ ਗੋਲਡੀ ਬਰਾੜ ਨੂੰ ਫੜਨਾ ਉਨ੍ਹਾਂ ਦੀ ਪਹਿਲ ਵਿੱਚ ਸ਼ਾਮਲ ਹੋ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਭਾਰਤ ਦੀ ਜੇਲ੍ਹ ਵਿੱਚ ਬੈਠੇ ਲਾਰੈਂਸ ਬਿਸ਼ਨੋਈ ਵੱਲੋਂ ਜੇਲ੍ਹ ਵਿੱਚੋਂ ਅਮਰੀਕਾ-ਕੈਨੇਡਾ ਲਈ ਥਾਪੇ ਗਏ ਆਪਣੇ ਸਾਥੀ ਗੋਲਡੀ ਨੂੰ ਅਪਰਾਧ ਕਰਨ ਦੀ ਸੂਚੀ ਭੇਜੀ ਜਾਂਦੀ ਹੈ। ਇਸੇ ਪੱਤਰਕਾਰ ਸੰਮੇਲਨ ਮੌਕੇ ਕੈਨੇਡਾ ਪੁਲੀਸ ਦੀ ਉਪ ਕਮਿਸ਼ਨਰ ਲੀਜ਼ਾ ਮੋਰਲੈਂਡ ਵੀ ਹਾਜ਼ਰ ਸੀ। ਕੈਨੇਡਾ ਵੱਲੋਂ ਪਿਛਲੇ ਸਾਲ ਬਿਸ਼ਨੋਈ ਗੈਂਗ ਅਤਿਵਾਦੀ ਸੰਗਠਨ ਐਲਾਨਿਆ ਗਿਆ ਸੀ। ਪੁਲੀਸ ਅਧਿਕਾਰੀ ਅਨੁਸਾਰ ਗੋਲਡੀ ਦੇ ਅਮਰੀਕਾ ਦੇ ਕੈਲੀਫ਼ੋਰਨੀਆ ਸੂਬੇ ਵਿੱਚ ਕਿਸੇ ਥਾਂ ਜਾਂ ਕੈਨੇਡਾ ਦੇ ਕਿਸੇ ਗੁਪਤ ਠਿਕਾਣੇ ’ਤੇ ਹੋਣ ਦੀਆਂ ਸੂਚਨਾਵਾਂ ਹਨ। ਗੌਰਤਲਬ ਹੈ ਕਿ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੇ ਪਾਰਲੀਮੈਂਟ ਸੈਸ਼ਨ ਦੌਰਾਨ ਖੜ੍ਹੇ ਹੋ ਕੇ ਆਪਣੇ ਚੌਕਸੀ ਵਿਭਾਗ ਦੇ ਹਵਾਲੇ ਨਾਲ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ ਭਾਰਤੀ ਏਜੰਸੀਆਂ ਦੇ ਸਿਰ ਮੜ੍ਹੇ ਸਨ, ਜੋ ਬਾਅਦ ਵਿੱਚ ਦੋਹਾਂ ਦੇਸ਼ਾਂ ਦੇ ਸਬੰਧਾਂ ਵਿੱਚ ਖਟਾਸ ਦਾ ਕਾਰਨ ਬਣਿਆ। ਉਸ ਤੋਂ ਬਾਅਦ ਪਹਿਲਾਂ ਕੈਨੇਡਾ ਸਰਕਾਰ ਨੇ ਭਾਰਤ ਦੇ ਕੌਂਸਲੇਟ ਜਨਰਲਾਂ ਨੂੰ ਕੈਨੇਡਾ ਵਿੱਚੋਂ ਕੱਢਿਆ ਅਤੇ ਬਦਲੇ ਵਿੱਚ ਭਾਰਤ ਨੇ ਵੀ ਇੰਜ ਦੀ ਕਾਰਵਾਈ ਕੀਤੀ ਸੀ। ਇਸ ਖਟਾਸ ਕਾਰਨ ਉਦੋਂ ਕੈਨੇਡਾ ਵੱਸੇ ਭਾਰਤੀ ਮੂਲ ਦੇ ਲੋਕਾਂ ਨੂੰ ਭਾਰਤ ਦਾ ਵੀਜ਼ਾ ਲੈਣ ਵਿੱਚ ਵੀ ਦੋ-ਢਾਈ ਮਹੀਨੇ ਕਈ ਔਖਿਆਈਆਂ ਦਾ ਸਾਹਮਣਾ ਕਰਨਾ ਪਿਆ ਸੀ। ਦੋਹਾਂ ਦੇਸ਼ਾਂ ਦਾ ਵਪਾਰ ਇੱਕ ਤਰ੍ਹਾਂ ਬੰਦ ਹੋ ਗਿਆ ਸੀ, ਜਿਸ ਨੂੰ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਲੰਘੇ ਫ਼ਰਵਰੀ ਮਹੀਨੇ ਭਾਰਤ ਦਾ ਦੌਰਾ ਕਰਕੇ ਸੁਧਾਰਨ ਦੇ ਯਤਨ ਅਰੰਭੇ ਹੋਏ ਹਨ।

Share: