J&K’s Kathua CISF Firing: ਸੀ ਆਈ ਐੱਸ ਐੱਫ ਜਵਾਨ ਨੇ ਸਾਥੀਆਂ ’ਤੇ ਚਲਾਈਆਂ ਗੋਲੀਆਂ; ਚਾਰ ਦੀ ਮੌਤ

J&K’s Kathua CISF Firing: ਸੀ ਆਈ ਐੱਸ ਐੱਫ ਜਵਾਨ ਨੇ ਸਾਥੀਆਂ ’ਤੇ ਚਲਾਈਆਂ ਗੋਲੀਆਂ; ਚਾਰ ਦੀ ਮੌਤ

ਜੰਮੂ : ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਬਸੋਹਲੀ ਵਿੱਚ ਸੀ ਆਈ ਐੱਸ ਐੱਫ ਦੇ ਇੱਕ ਜਵਾਨ ਨੇ ਆਪਣੇ ਸਾਥੀ ਜਵਾਨਾਂ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਵਿੱਚ ਚਾਰ ਸੀ ਆਈ ਐੱਸ ਐੱਫ ਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਅਸਿਸਟੈਂਟ ਕਮਾਂਡੈਂਟ ਵੀ ਸ਼ਾਮਲ ਹੈ। ਮ੍ਰਿਤਕਾਂ ਦੀ ਪਛਾਣ ਅਸਿਸਟੈਂਟ ਕਮਾਂਡੈਂਟ ਅੰਕਿਤ ਕੁਮਾਰ ਪਾਂਡੇ, ਐੱਸ ਆਈ ਲਕਸ਼ਮਣ ਸਿੰਘ, ਕਾਂਸਟੇਬਲ ਰਫ਼ੀਕ ਅਹਿਮਦ ਅਤੇ ਕਾਂਸਟੇਬਲ ਸੰਦੀਪ ਕੁਮਾਰ ਵਜੋਂ ਹੋਈ ਹੈ।

ਇਹ ਜਵਾਨ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਬਸੋਹਲੀ ਦੇ ਇੱਕ ਪਾਵਰ ਪ੍ਰਾਜੈਕਟ ਦੀ ਸੁਰੱਖਿਆ ਲਈ ਤਾਇਨਾਤ ਸਨ। ਦੱਸਿਆ ਜਾ ਰਿਹਾ ਹੈ ਕਿ ਕਿਸੇ ਗੱਲ ਨੂੰ ਲੈ ਕੇ ਦੋ ਜਵਾਨਾਂ ਵਿਚਾਲੇ ਬਹਿਸ ਹੋਈ। ਇਸੇ ਦੌਰਾਨ ਇੱਕ ਜਵਾਨ ਨੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ। ਕਠੂਆ ਪੁਲੀਸ ਨੇ ਗੋਲੀਆਂ ਚਲਾਉਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀ ਆਈ ਐੱਸ ਐੱਫ ਦੇ ਸੀਨੀਅਰ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਹਨ।

ਏ ਕੇ-47 ਰਾਈਫ਼ਲ ਅਤੇ 150 ਗੋਲੀਆਂ

ਸੂਤਰਾਂ ਮੁਤਾਬਕ ਮੁਲਜ਼ਮ ਹੈੱਡ ਕਾਂਸਟੇਬਲ ਅਵਧੇਸ਼ ਕੁਮਾਰ ਸਿੰਘ ਦਫ਼ਤਰ ਦੇ ਅਹਾਤੇ ਵਿੱਚ ਦਾਖ਼ਲ ਹੋਇਆ ਅਤੇ ਆਪਣੀ ਸਰਕਾਰੀ ਏ ਕੇ-47 ਰਾਈਫ਼ਲ ਨਾਲ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਉਸ ਕੋਲ 150 ਰੌਂਦ ਗੋਲੀਆਂ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।

ਸੁਰੱਖਿਆ ਬਲਾਂ ਵਿੱਚ ਤਾਇਨਾਤ ਜਵਾਨਾਂ ਵਿਚਾਲੇ ਆਪਸੀ ਝਗੜਿਆਂ ਅਤੇ ਵਿਵਾਦਾਂ ਕਾਰਨ ਗੋਲੀਬਾਰੀ ਦੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ।

ਜਿਸ ਪ੍ਰਾਜੈਕਟ ਦੀ ਸੁਰੱਖਿਆ ਲਈ ਜਵਾਨ ਤਾਇਨਾਤ ਸਨ, ਉਹ 12 ਸਾਲ ਤੋਂ ਬੰਦ

ਬਸੋਹਲੀ ਤਹਿਸੀਲ ਵਿੱਚ ਰਾਵੀ ਦਰਿਆ ’ਤੇ ਬਣਿਆ ਸੇਵਾ-3 ਪ੍ਰਾਜੈਕਟ 1993 ਵਿੱਚ ਸ਼ੁਰੂ ਕੀਤਾ ਗਿਆ ਸੀ। ਸਾਲ 2013 ਵਿੱਚ ਆਏ ਹੜ੍ਹ ਕਾਰਨ ਇਸ ਦਾ ਲਗਭਗ 300 ਮੀਟਰ ਲੰਬਾ ਹਿੱਸਾ ਰੁੜ੍ਹ ਗਿਆ ਸੀ। ਇਸ ਤੋਂ ਬਾਅਦ ਇਹ ਪ੍ਰਾਜੈਕਟ ਪੂਰੀ ਤਰ੍ਹਾਂ ਬੰਦ ਹੈ। ਇਸੇ ਬੰਦ ਪ੍ਰਾਜੈਕਟ ਦੀ ਸੁਰੱਖਿਆ ਲਈ ਸੀ ਆਈ ਐੱਸ ਐੱਫ ਦੇ ਜਵਾਨ ਤਾਇਨਾਤ ਸਨ।

Share: