ਬੁੱਧ ਦਾ ਦਰਸ਼ਨ ਅਤੇ ਅਜੋਕਾ ਮਨੁੱਖ

ਬੁੱਧ ਦਾ ਦਰਸ਼ਨ ਅਤੇ ਅਜੋਕਾ ਮਨੁੱਖ

ਢਾਈ ਹਜ਼ਾਰ ਸਾਲ ਪਹਿਲਾਂ ਇੱਕ ਰਾਜਕੁਮਾਰ ਨੇ ਆਪਣੇ ਮਹਿਲਾਂ ਤੋਂ ਬਾਹਰ ਕਦਮ ਰੱਖਿਆ ਸੀ। ਉਸ ਨੇ ਦੇਖਿਆ ਕਿ ਇੱਕ ਬੁੱਢਾ ਆਦਮੀ ਕੰਬਦੇ ਸਰੀਰ ਨਾਲ ਰਾਹ ’ਚ ਤੁਰ ਰਿਹਾ ਹੈ, ਇੱਕ ਰੋਗੀ ਦਰਦ ਨਾਲ ਕਰਾਹ ਰਿਹਾ ਹੈ ਅਤੇ ਇੱਕ ਮ੍ਰਿਤਕ ਦੇਹ ਨੂੰ ਅਗਨੀ ਵੱਲ ਲਿਜਾਇਆ ਜਾ ਰਿਹਾ ਹੈ। ਇਹ ਦ੍ਰਿਸ਼ ਉਸ ਦੇ ਮਨ ਵਿੱਚ ਇੱਕ ਤੂਫ਼ਾਨ ਬਣ ਗਏ। ਪਰ ਅਸਲ ਸਵਾਲ ਇਹ ਨਹੀਂ ਸੀ ਕਿ ਬੁਢਾਪਾ, ਬਿਮਾਰੀ ਅਤੇ ਮੌਤ ਕਿਉਂ ਹਨ—ਇਹ ਤਾਂ ਹਰ ਮਨੁੱਖ ਜਾਣਦਾ ਸੀ। ਅਸਲ ਸਵਾਲ ਸੀ: ਜਦੋਂ ਅਸੀਂ ਜਾਣਦੇ ਹਾਂ ਕਿ ਸਭ ਕੁਝ ਨਾਸ਼ਵਾਨ ਹੈ, ਤਾਂ ਅਸੀਂ ਆਪਣੀ ਪੂਰੀ ਜ਼ਿੰਦਗੀ ਉਸੇ ਨਾਸ਼ਵਾਨ ਦੇ ਪਿੱਛੇ ਕਿਉਂ ਭੱਜਦੇ ਹਾਂ?

ਇਹ ਸਵਾਲ ਅੱਜ ਵੀ ਓਨਾ ਹੀ ਬੇਚੈਨ ਕਰਨ ਵਾਲਾ ਹੈ। ਅਸੀਂ 21ਵੀਂ ਸਦੀ ਵਿੱਚ ਹਾਂ। ਮਸਨੂਈ ਬੁੱਧੀ ਸਾਡੇ ਲਈ ਸੋਚ ਰਹੀ ਹੈ, ਤਕਨਾਲੋਜੀ ਨੇ ਸਮਾਂ ਅਤੇ ਦੂਰੀ ਤਕਰੀਬਨ ਮਿਟਾ ਦਿੱਤੀ ਹੈ ਅਤੇ ਭੌਤਿਕ ਸਹੂਲਤਾਂ ਦੀ ਪਹੁੰਚ ਇੰਨੀ ਵੱਡੀ ਹੈ ਕਿ ਪਿਛਲੀ ਕਿਸੇ ਵੀ ਪੀੜ੍ਹੀ ਨੇ ਇਸ ਦੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਫਿਰ ਵੀ ਸ਼ਾਇਦ ਇਸੇ ਲਈ ਮਨੁੱਖ ਅੰਦਰੋਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਟੁੱਟਿਆ ਮਹਿਸੂਸ ਕਰਦਾ ਹੈ। ਤਣਾਅ, ਇਕੱਲਾਪਣ, ਅਸੁਰੱਖਿਆ, ਉਦਾਸੀ ਤੇ ਅਜੀਬ ਕਿਸਮ ਦਾ ਖ਼ਾਲੀਪਣ ਸਾਡੇ ਰੋਜ਼ਾਨਾ ਜੀਵਨ ਦਾ ਪਿਛੋਕੜ ਬਣ ਚੁੱਕੇ ਹਨ। ਬਾਹਰੋਂ ਸੰਸਾਰ ਚਮਕ ਰਿਹਾ ਹੈ; ਅੰਦਰੋਂ ਮਨੁੱਖ ਟੁੱਟ ਰਿਹਾ ਹੈ। ਇਹੀ ਆਧੁਨਿਕ ਹੋਂਦ ਦਾ ਕੇਂਦਰੀ ਵਿਰੋਧਾਭਾਸ ਹੈ।ਬੁੱਧ ਨੇ ਇਸ ਵਿਰੋਧਾਭਾਸ ਨੂੰ ਸਮਝਣ ਦਾ ਰਾਹ ਦਿਖਾਇਆ ਸੀ। ਉਨ੍ਹਾਂ ਦਾ ਦਰਸ਼ਨ ਕੋਈ ਧਾਰਮਿਕ ਵਿਸ਼ਵਾਸ ਨਹੀਂ, ਸਗੋਂ ਮਨੁੱਖੀ ਮਨ ਦੀ ਡੂੰਘੀ ਜਾਂਚ ਹੈ। ਉਨ੍ਹਾਂ ਨੇ ਚਾਰ ਆਰੀਆ ਸੱਚਾਂ ਰਾਹੀਂ ਕਿਹਾ: ਦੁੱਖ ਹੈ, ਦੁੱਖ ਦਾ ਕਾਰਨ ਹੈ, ਦੁੱਖ ਦਾ ਅੰਤ ਹੈ ਅਤੇ ਉਸ ਅੰਤ ਤੱਕ ਪਹੁੰਚਣ ਦਾ ਮਾਰਗ ਹੈ। ਪਰ ਇੱਥੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਬੁੱਧ ਨੇ ਦੁੱਖ ਦੇ ਕਾਰਨ ਨੂੰ ਕਿਸੇ ਬਾਹਰੀ ਤਾਕਤ ਵਿੱਚ ਨਹੀਂ ਲੱਭਿਆ। ਉਨ੍ਹਾਂ ਨੇ ਇਸ ਦੀ ਜੜ੍ਹ ਮਨੁੱਖ ਦੇ ਆਪਣੇ ਮਨ ਵਿੱਚ ਲੱਭੀ—ਤ੍ਰਿਸ਼ਨਾ ਵਿੱਚ, ਭਾਵ ਉਸ ਲਾਲਸਾ ਵਿੱਚ ਜੋ ਚੀਜ਼ਾਂ, ਅਨੁਭਵਾਂ ਅਤੇ ਹਾਲਾਤ ਨੂੰ ਆਪਣੀ ਇੱਛਾ ਅਨੁਸਾਰ ਕਾਇਮ ਰੱਖਣਾ ਚਾਹੁੰਦੀ ਹੈ। ਇਹ ਲਾਲਸਾ ਸਿਰਫ਼ ਧਨ ਜਾਂ ਵਸਤੂਆਂ ਤੱਕ ਸੀਮਤ ਨਹੀਂ; ਇਹ ਮਾਨਤਾ ਦੀ ਭੁੱਖ, ਪ੍ਰਵਾਨਗੀ ਦੀ ਪਿਆਸ, ਸਥਾਈ ਸੁਰੱਖਿਆ ਦੀ ਚਾਹਤ ਅਤੇ ਹੋਂਦ ਦੇ ਅਰਥ ਲੱਭਣ ਦੀ ਬੇਚੈਨੀ ਦਾ ਰੂਪ ਵੀ ਧਾਰ ਲੈਂਦੀ ਹੈ।

ਅੱਜ ਦਾ ਖਪਤਵਾਦੀ ਸਮਾਜ ਇਸੇ ਤ੍ਰਿਸ਼ਨਾ ਨੂੰ ਇੰਜਣ ਬਣਾ ਕੇ ਚੱਲ ਰਿਹਾ ਹੈ। ਸਾਨੂੰ ਦੱਸਿਆ ਜਾਂਦਾ ਹੈ ਕਿ ਸਾਡੇ ਕੋਲ ਕੁਝ ਘੱਟ ਹੈ—ਨਵਾਂ ਫੋਨ, ਵੱਡਾ ਘਰ, ਬਿਹਤਰ ਕਾਰ, ਉੱਚਾ ਅਹੁਦਾ, ਸੋਸ਼ਲ ਮੀਡੀਆ ’ਤੇ ਵਧੇਰੇ ਲਾਈਕਸ। ਨਤੀਜੇ ਵਜੋਂ ਅਸੰਤੁਸ਼ਟੀ ਨੂੰ ਹੀ ਤਰੱਕੀ ਦਾ ਮਾਪਦੰਡ ਬਣਾ ਦਿੱਤਾ ਗਿਆ ਹੈ। ਪਰ ਮਨੋਵਿਗਿਆਨ ਵੀ ਹੁਣ ਉਹੀ ਗੱਲ ਮੰਨਣ ਲੱਗਾ ਹੈ ਜੋ ਬੁੱਧ ਨੇ ਸਦੀਆਂ ਪਹਿਲਾਂ ਕਹੀ ਸੀ—ਇੱਛਾਵਾਂ ਪੂਰੀਆਂ ਹੋਣ ਨਾਲ ਸੰਤੁਸ਼ਟੀ ਨਹੀਂ ਟਿਕਦੀ। ਇਸ ਨੂੰ ਮਨੋਵਿਗਿਆਨੀ ‘ਹੈਡੋਨਿਕ ਟ੍ਰੈਡਮਿਲ’ ਕਹਿੰਦੇ ਹਨ: ਮਨੁੱਖ ਜਿਵੇਂ ਇੱਕ ਦੌੜਦੀ ਮਸ਼ੀਨ ਉੱਤੇ ਖੜ੍ਹਾ ਹੈ—ਜਿੰਨਾ ਤੇਜ਼ ਦੌੜਦਾ ਹੈ, ਮੰਜ਼ਿਲ ਓਨੀ ਹੀ ਦੂਰ ਰਹਿੰਦੀ ਹੈ।

ਸੋਸ਼ਲ ਮੀਡੀਆ ਨੇ ਇਹ ਸੰਕਟ ਹੋਰ ਡੂੰਘਾ ਕਰ ਦਿੱਤਾ ਹੈ। ਪਹਿਲਾਂ ਮਨੁੱਖ ਦੀ ਤੁਲਨਾ ਦਾ ਘੇਰਾ ਗੁਆਂਢ, ਪਿੰਡ, ਸ਼ਹਿਰ ਆਦਿ ਤੱਕ ਸੀਮਤ ਸੀ। ਅੱਜ ਅਸੀਂ ਆਪਣੀ ਪੂਰੀ ਜ਼ਿੰਦਗੀ ਦੀ ਤੁਲਨਾ ਦੁਨੀਆ ਭਰ ਦੇ ਲੋਕਾਂ ਦੀਆਂ ਚੁਣੀਆਂ ਹੋਈਆਂ ਤਸਵੀਰਾਂ ਨਾਲ ਕਰਦੇ ਹਾਂ। ਅਸੀਂ ਜਾਣਦੇ ਹਾਂ ਕਿ ਇਹ ਤਸਵੀਰਾਂ ਹਕੀਕਤ ਦਾ ਸਿਰਫ਼ ਇੱਕ ਚੁਣਿਆ ਹੋਇਆ ਟੁਕੜਾ ਹਨ, ਫਿਰ ਵੀ ਉਹ ਸਾਡੇ ਅਵਚੇਤਨ ਮਨ ਵਿੱਚ ਘੁੰਮਦੀਆਂ ਰਹਿੰਦੀਆਂ ਹਨ। ਇੱਕ ਅਜੀਬ ਕਿਸਮ ਦੀ ਈਰਖਾ, ਘਟੀਆਪਣ ਅਤੇ ਬੇਚੈਨੀ ਪੈਦਾ ਹੁੰਦੀ ਹੈ। ਅਸੀਂ ਦੂਜਿਆਂ ਦੀ ਪ੍ਰਵਾਨਗੀ ਤੋਂ ਬਿਨਾਂ ਆਪਣੀ ਹੋਂਦ ਨੂੰ ਪੂਰਾ ਮਹਿਸੂਸ ਨਹੀਂ ਕਰ ਪਾਉਂਦੇ।

ਇੱਥੇ ਬੁੱਧ ਦਾ ਦਰਸ਼ਨ ਦਰਪਣ ਵਾਂਗ ਸਾਹਮਣੇ ਆਉਂਦਾ ਹੈ। ਉਹ ਪੁੱਛਦੇ ਹਨ: ਤੂੰ ਕੌਣ ਹੈਂ? ਇਹ ਪ੍ਰਸ਼ਨ ਕੋਈ ਬੌਧਿਕ ਕਸਰਤ ਨਹੀਂ। ਇਹ ਹੋਂਦ ਦੇ ਮੂਲ ਤੱਕ ਜਾਂਦਾ ਹੈ। ਕੀ ਅਸੀਂ ਆਪਣੀਆਂ ਪ੍ਰਾਪਤੀਆਂ ਦਾ ਜੋੜ ਹਾਂ? ਕੀ ਅਸੀਂ ਆਪਣੀਆਂ ਭੂਮਿਕਾਵਾਂ—ਪੁੱਤਰ, ਪਿਤਾ, ਕਰਮਚਾਰੀ, ਨਾਗਰਿਕ—ਦਾ ਸਮੂਹ ਹਾਂ? ਕੀ ਅਸੀਂ ਆਪਣੇ ਵਿਚਾਰਾਂ, ਯਾਦਾਂ ਅਤੇ ਇੱਛਾਵਾਂ ਦੀ ਲੜੀ ਹਾਂ? ਬੁੱਧ ਦਾ ਉੱਤਰ ਕ੍ਰਾਂਤੀਕਾਰੀ ਸੀ: ਇਹ ਸਭ ਕੁਝ ਅਨਿੱਤ ਹੈ, ਬਦਲਦਾ ਰਹਿੰਦਾ ਹੈ ਅਤੇ ਜੋ ਬਦਲਦਾ ਹੈ ਉਸ ਵਿੱਚ ਸਥਾਈ ਆਤਮਾ ਲੱਭਣਾ ਇੱਕ ਭਰਮ ਹੈ। ਇਹ ਸਿੱਖਿਆ ਨਿਰਾਸ਼ਾਜਨਕ ਨਹੀਂ, ਸਗੋਂ ਮੁਕਤੀਦਾਇਕ ਹੈ। ਜਦੋਂ ਅਸੀਂ ਸਮਝਦੇ ਹਾਂ ਕਿ ਸਾਡੀ ਪਛਾਣ ਸਾਡੀਆਂ ਪ੍ਰਾਪਤੀਆਂ ਜਾਂ ਅਸਫਲਤਾਵਾਂ ਨਹੀਂ ਹਨ, ਤਾਂ ਅਸੀਂ ਬਾਹਰੀ ਪ੍ਰਵਾਨਗੀ ਦੀ ਲੋੜ ਤੋਂ ਆਜ਼ਾਦ ਹੋਣਾ ਸ਼ੁਰੂ ਕਰਦੇ ਹਾਂ।

ਬੁੱਧ ਦੀ ਅਨਿੱਤਤਾ ਦੀ ਸਿੱਖਿਆ ਅੱਜ ਦੇ ਮਨੁੱਖ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ। ਅਸੀਂ ਅਜਿਹੇ ਯੁੱਗ ਵਿੱਚ ਜਿਊ ਰਹੇ ਹਾਂ, ਜਿੱਥੇ ਬਦਲਾਅ ਦੀ ਰਫ਼ਤਾਰ ਬਹੁਤ ਤੇਜ਼ ਹੈ। ਨੌਕਰੀਆਂ ਬਦਲਦੀਆਂ ਹਨ, ਰਿਸ਼ਤੇ ਟੁੱਟਦੇ ਹਨ, ਤਕਨਾਲੋਜੀ ਰੋਜ਼ ਬਦਲਦੀ ਹੈ ਅਤੇ ਕਦਰਾਂ-ਕੀਮਤਾਂ ਨੂੰ ਢਾਅ ਲੱਗ ਰਹੀ ਹੈ। ਇਸ ਅਸਥਿਰਤਾ ਵਿੱਚ ਮਨੁੱਖ ਕੁਝ ਸਥਾਈ ਲੱਭਣਾ ਚਾਹੁੰਦਾ ਹੈ, ਕੋਈ ਠੋਸ ਧਰਾਤਲ। ਪਰ ਦੁੱਖ ਉਦੋਂ ਪੈਦਾ ਹੁੰਦਾ ਹੈ ਜਦੋਂ ਅਸੀਂ ਅਸਥਾਈ ਚੀਜ਼ਾਂ ਤੋਂ ਸਥਾਈਪਣ ਦੀ ਉਮੀਦ ਰੱਖਦੇ ਹਾਂ। ਬੁੱਧ ਸਿਖਾਉਂਦੇ ਹਨ ਕਿ ਬਦਲਾਅ ਹੀ ਜੀਵਨ ਦਾ ਸਥਾਈ ਸੱਚ ਹੈ। ਜਦੋਂ ਅਸੀਂ ਇਸ ਨੂੰ ਸਵੀਕਾਰ ਕਰ ਲੈਂਦੇ ਹਾਂ, ਤਾਂ ਸੁੱਖ ਅਤੇ ਦੁੱਖ ਦੋਵਾਂ ਪ੍ਰਤੀ ਸਾਡਾ ਨਜ਼ਰੀਆ ਬਦਲ ਜਾਂਦਾ ਹੈ। ਨਾ ਸੁੱਖ ਨੂੰ ਫੜੀ ਰੱਖਣ ਦੀ ਕੋਸ਼ਿਸ਼ ਰਹਿੰਦੀ ਹੈ, ਨਾ ਦੁੱਖ ਤੋਂ ਭੱਜਣ ਦੀ।

ਇਸੇ ਸੰਦਰਭ ਵਿੱਚ ਬੁੱਧ ਦਾ ਮੱਧ ਮਾਰਗ ਵੀ ਇੱਕ ਦਾਰਸ਼ਨਿਕ ਸਿਧਾਂਤ ਵਜੋਂ ਅੱਜ ਬਹੁਤ ਕਾਰਗਰ ਹੈ। ਉਨ੍ਹਾਂ ਨੇ ਦੋ ਸਿਰਿਆਂ (ਅਤਿਆਂ) ਤੋਂ ਇਨਕਾਰ ਕੀਤਾ—ਭੋਗ ਅਤੇ ਤਿਆਗ ਦੋਵਾਂ ਤੋਂ। ਇਹ ਸਿਰਫ਼ ਜੀਵਨ ਸ਼ੈਲੀ ਦਾ ਸਵਾਲ ਨਹੀਂ, ਸਗੋਂ ਮਨੁੱਖੀ ਸੁਭਾਅ ਦੀ ਡੂੰਘੀ ਸਮਝ ਹੈ। ਅਤਿ ਕਿਸੇ ਵੀ ਰੂਪ ਵਿੱਚ ਹੋਵੇ—ਵਧੇਰੇ ਕੰਮ, ਵਧੇਰੇ ਖਪਤ, ਵਧੇਰੇ ਡਿਜੀਟਲ ਜੁੜਾਅ—ਉਹ ਮਨੁੱਖ ਨੂੰ ਅਸੰਤੁਲਨ ਵੱਲ ਲੈ ਜਾਂਦਾ ਹੈ। ਅੱਜ ਦਾ ਮਨੁੱਖ ਸਿਰਿਆਂ (ਅਤਿਆਂ) ਵਿੱਚ ਜੀ ਰਿਹਾ ਹੈ: ਕਦੇ ਪੂਰੀ ਤਰ੍ਹਾਂ ਕੰਮ ਵਿੱਚ ਡੁੱਬਾ, ਕਦੇ ਪੂਰੀ ਤਰ੍ਹਾਂ ਵਿਅਰਥ ਮਨੋਰੰਜਨ ਵਿੱਚ ਗੁਆਚਿਆ। ਸੰਤੁਲਨ ਉਹ ਬਿੰਦੂ ਹੈ ਜਿੱਥੇ ਮਨੁੱਖ ਆਪਣੀ ਹੋਂਦ ਨੂੰ ਪੂਰੀ ਤਰ੍ਹਾਂ ਮਹਿਸੂਸ ਕਰ ਸਕਦਾ ਹੈ—ਨਾ ਭੱਜਦਾ ਹੋਇਆ, ਨਾ ਸੁਸਤ।

ਪਰ ਬੁੱਧ ਦੇ ਦਰਸ਼ਨ ਦਾ ਸਭ ਤੋਂ ਡੂੰਘਾ ਪੱਖ ਉਨ੍ਹਾਂ ਦੀ ਹਮਦਰਦੀ ਦੀ ਸਿੱਖਿਆ ਹੈ। ਇਹ ਸਿਰਫ਼ ਦੂਜਿਆਂ ਪ੍ਰਤੀ ਦਇਆ ਨਹੀਂ, ਸਗੋਂ ਇਹ ਜਿਊਣ ਦਾ ਤਰੀਕਾ ਹੈ। ਜਦੋਂ ਅਸੀਂ ਸਮਝਦੇ ਹਾਂ ਕਿ ਹਰ ਮਨੁੱਖ ਆਪੋ-ਆਪਣੇ ਦੁੱਖਾਂ ਵਿੱਚੋਂ ਲੰਘ ਰਿਹਾ ਹੈ, ਹਰ ਕੋਈ ਉਸੇ ਲਾਲਸਾ, ਉਸੇ ਡਰ ਅਤੇ ਉਸੇ ਬੇਚੈਨੀ ਨਾਲ ਜੂਝ ਰਿਹਾ ਹੈ, ਤਾਂ ਸਾਡਾ ਨਜ਼ਰੀਆ ਬਦਲ ਜਾਂਦਾ ਹੈ। ਅਸੀਂ ਦੂਜਿਆਂ ਨੂੰ ਵਿਰੋਧੀ ਵਜੋਂ ਨਹੀਂ, ਸਗੋਂ ਸਫ਼ਰ ਦੇ ਸਾਥੀ ਵਜੋਂ ਦੇਖਣ ਲੱਗਦੇ ਹਾਂ। ਅੱਜ ਦੇ ਵੰਡੇ ਹੋਏ ਸਮਾਜ ਵਿੱਚ, ਜਿੱਥੇ ਸੋਸ਼ਲ ਮੀਡੀਆ ਹਰ ਵਖਰੇਵੇਂ ਨੂੰ ਦੁਸ਼ਮਣੀ ਵਿੱਚ ਬਦਲ ਦਿੰਦਾ ਹੈ, ਹਮਦਰਦੀ ਦੀ ਇਹ ਸਮਝ ਇੱਕ ਸ਼ਾਂਤ ਇਨਕਲਾਬ ਹੋ ਸਕਦੀ ਹੈ।

ਬੁੱਧ ਦੇ ਜੀਵਨ ਦਾ ਆਖ਼ਰੀ ਨਜ਼ਾਰਾ ਇਸ ਪੂਰੇ ਫ਼ਲਸਫ਼ੇ ਦਾ ਨਿਚੋੜ ਹੈ। ਕੁਸ਼ੀਨਗਰ ਵਿੱਚ ਸਰੀਰ ਤਿਆਗਣ ਤੋਂ ਪਹਿਲਾਂ ਉਨ੍ਹਾਂ ਦਾ ਪਿਆਰਾ ਚੇਲਾ ਆਨੰਦ ਰੋ ਰਿਹਾ ਸੀ। ਉਸ ਦੀਆਂ ਅੱਖਾਂ ਵਿੱਚ ਗੁਰੂ ਨੂੰ ਗੁਆਉਣ ਦਾ ਡਰ ਸੀ ਅਤੇ ਨਾਲ ਹੀ ਉਸ ਨੂੰ ਆਪਣੀ ਅਧੂਰੀ ਕਮਾਈ ਦਾ ਅਹਿਸਾਸ ਵੀ ਸੀ। ਬੁੱਧ ਨੇ ਕੋਈ ਜਾਦੂਈ ਹੱਲ ਨਹੀਂ ਦਿੱਤਾ। ਉਨ੍ਹਾਂ ਨੇ ਸਿਰਫ਼ ਇਹ ਯਾਦ ਕਰਵਾਇਆ: ‘ਆਪਣਾ ਦੀਵਾ ਆਪ ਬਣੋ।’ ਇਹ ਸੁਨੇਹਾ ਸਿਰਫ਼ ਆਨੰਦ ਲਈ ਨਹੀਂ ਸੀ, ਸਗੋਂ ਇਹ ਉਸ ਹਰ ਮਨੁੱਖ ਲਈ ਹੈ ਜੋ ਆਪਣੀ ਸ਼ਾਂਤੀ ਦਾ ਸੋਮਾ ਬਾਹਰ ਲੱਭਦਾ ਹੈ। ਗੁਰੂ ਰਾਹ ਦਿਖਾ ਸਕਦਾ ਹੈ, ਪਰ ਤੁਰਨਾ ਆਪਣੇ-ਆਪ ਹੀ ਪੈਂਦਾ ਹੈ।

ਇਹ ਸੁਨੇਹਾ ਅੱਜ ਦੇ ਮਨੁੱਖ ਲਈ ਹੋਰ ਵੀ ਅਹਿਮ ਹੈ ਕਿਉਂਕਿ ਅਸੀਂ ਬਾਹਰੀ ਹੱਲਾਂ ਦੀ ਆਦਤ ਦੇ ਗੁਲਾਮ ਹੋ ਕੇ ਜੀ ਰਹੇ ਹਾਂ। ਨਵੀਂ ਚੀਜ਼, ਨਵਾਂ ਤਜਰਬਾ, ਨਵਾਂ ਰਿਸ਼ਤਾ ਅਤੇ ਨਵੀਂ ਤਕਨਾਲੋਜੀ, ਹਰ ਥਾਂ ਅਸੀਂ ਉਸ ਸ਼ਾਂਤੀ ਦੀ ਭਾਲ ਕਰਦੇ ਹਾਂ ਜੋ ਸਿਰਫ਼ ਅੰਦਰੋਂ ਆ ਸਕਦੀ ਹੈ। ਇਹ ਸਾਡਾ ਸਭ ਤੋਂ ਵੱਡਾ ਦੁਖਾਂਤ ਹੈ ਕਿ ਅਸੀਂ ਬਾਹਰੀ ਦੁਨੀਆ ਨੂੰ ਆਪਣੀਆਂ ਉਂਗਲਾਂ ਉੱਤੇ ਲੈ ਆਏ ਹਾਂ, ਪਰ ਆਪਣੇ ਅੰਦਰਲੇ ਮਨ ਨੂੰ ਸਮਝਣ ਵਿੱਚ ਅਜੇ ਵੀ ਬਹੁਤ ਪਿੱਛੇ ਹਾਂ।

ਸੁਚੇਤਤਾ– ਬੁੱਧ ਦੀ ਸਭ ਤੋਂ ਕੇਂਦਰੀ ਸਿੱਖਿਆ– ਇਸ ਦਾ ਅਮਲੀ ਜਵਾਬ ਹੈ। ਇਹ ਕੋਈ ਗੁੰਝਲਦਾਰ ਸਾਧਨਾ ਨਹੀਂ ਹੈ, ਸਗੋਂ ਇਹ ਸਿਰਫ਼ ਮੌਜੂਦਾ ਪਲ ਵਿੱਚ ਪੂਰੀ ਤਰ੍ਹਾਂ ਹਾਜ਼ਰ ਹੋਣਾ ਹੈ। ਸਾਡਾ ਸਰੀਰ ਹਮੇਸ਼ਾ ਮੌਜੂਦਾ ਸਮੇਂ ਵਿੱਚ ਹੁੰਦਾ ਹੈ, ਪਰ ਮਨ ਜਾਂ ਤਾਂ ਬੀਤੇ ਸਮੇਂ ਦੇ ਪਛਤਾਵੇ ਵਿੱਚ ਰਹਿੰਦਾ ਹੈ ਜਾਂ ਆਉਣ ਵਾਲੇ ਕੱਲ੍ਹ ਦੀ ਚਿੰਤਾ ਵਿੱਚ। ਅਸੀਂ ਖਾਂਦੇ ਹਾਂ, ਪਰ ਖਾਣੇ ਦਾ ਸੁਆਦ ਨਹੀਂ ਲੈਂਦੇ; ਤੁਰਦੇ ਹਾਂ, ਪਰ ਰਾਹ ਨਹੀਂ ਦੇਖਦੇ ਅਤੇ ਸੁਣਦੇ ਹਾਂ, ਪਰ ਗੱਲ ਨਹੀਂ ਸਮਝਦੇ। ਸੁਚੇਤਤਾ ਦਾ ਅਰਥ ਇਸ ਭਟਕਦੇ ਮਨ ਨੂੰ ਵਾਪਸ ਇਸੇ ਪਲ ਵਿੱਚ ਲਿਆਉਣਾ ਹੈ। ਇਹ ਕੋਈ ਧਾਰਮਿਕ ਕਰਮ ਨਹੀਂ, ਸਗੋਂ ਇਹ ਮਨੁੱਖੀ ਸੁਰਤ ਦੀ ਪੂਰੀ ਜਾਗਰੂਕਤਾ ਹੈ।

ਬੁੱਧ ਦਾ ਅਸ਼ਟਾਂਗ ਮਾਰਗ ਇਸ ਜਾਗਰੂਕਤਾ ਵੱਲ ਅਮਲੀ ਨਕਸ਼ਾ ਹੈ। ਇਸ ਨੂੰ ਅਜੋਕੀ ਬੋਲੀ ਵਿੱਚ ਇਉਂ ਸਮਝਿਆ ਜਾ ਸਕਦਾ ਹੈ: ਸਾਫ਼ ਸੋਚ, ਨੇਕ ਇਰਾਦੇ, ਜ਼ਿੰਮੇਵਾਰ ਬੋਲ ਤੇ ਕਰਮ, ਇਮਾਨਦਾਰੀ ਦੀ ਰੋਜ਼ੀ-ਰੋਟੀ, ਸਹੀ ਕੋਸ਼ਿਸ਼ ਅਤੇ ਸੁਚੇਤ ਜੀਵਨ। ਇਹ ਦੁਨੀਆ ਤੋਂ ਪਿੱਠ ਦਿਖਾਉਣਾ ਨਹੀਂ ਹੈ, ਸਗੋਂ ਇਹ ਦੁਨੀਆ ਵਿੱਚ ਰਹਿੰਦਿਆਂ ਹੀ ਸਹੀ ਢੰਗ ਨਾਲ ਜਿਊਣ ਦਾ ਵੱਲ ਹੈ। ਬੁੱਧ ਨੇ ਦੁਨੀਆਂ ਤੋਂ ਭੱਜਣ ਦੀ ਸਿੱਖਿਆ ਨਹੀਂ ਦਿੱਤੀ, ਸਗੋਂ ਦੁਨੀਆ ਨੂੰ ਸਹੀ ਨਜ਼ਰੀਏ ਨਾਲ ਦੇਖਣ ਦੀ ਸਿੱਖਿਆ ਦਿੱਤੀ ਹੈ।

ਅੱਜ ਦੇ ਨੌਜਵਾਨ ਲਈ ਇਹ ਨਜ਼ਰੀਆ ਕਿਸੇ ਵੱਡੀ ਦਾਤ ਤੋਂ ਘੱਟ ਨਹੀਂ ਹੈ। ਉਹ ਅਜਿਹੀ ਦੁਨੀਆ ਵਿੱਚ ਵੱਡਾ ਹੋ ਰਿਹਾ ਹੈ ਜਿੱਥੇ ਕਾਮਯਾਬੀ ਦਾ ਮਤਲਬ ਬਹੁਤ ਛੋਟਾ ਕਰ ਦਿੱਤਾ ਗਿਆ ਹੈ, ਜਿਵੇਂ ਕਿ ਅੰਕ, ਰੈਂਕ, ਪੈਕੇਜ ਅਤੇ ਫਾਲੋਅਰਜ਼। ਇੱਕ ਨਾਕਾਮੀ ਮਿਲਣ ’ਤੇ ਉਸ ਨੂੰ ਲੱਗਦਾ ਹੈ ਜਿਵੇਂ ਉਸ ਦੀ ਪੂਰੀ ਹੋਂਦ ਦਾ ਅੰਤ ਹੋ ਗਿਆ ਹੋਵੇ। ਪਰ ਬੁੱਧ ਦਾ ਦਰਸ਼ਨ ਕਹਿੰਦਾ ਹੈ ਕਿ ਤੂੰ ਆਪਣੇ ਨਤੀਜਿਆਂ ਤੋਂ ਕਿਤੇ ਵੱਧ ਹੈਂ। ਤੇਰੀ ਪਛਾਣ ਤੇਰੀਆਂ ਪ੍ਰਾਪਤੀਆਂ ਨਹੀਂ ਹਨ, ਸਗੋਂ ਤੇਰੀ ਹੋਂਦ ਹੀ ਤੇਰੀ ਸਭ ਤੋਂ ਵੱਡੀ ਦੌਲਤ ਹੈ। ਇਹ ਸਮਝ ਨੌਜਵਾਨ ਨੂੰ ਡਰ ਤੋਂ ਨਹੀਂ, ਸਗੋਂ ਡੂੰਘੀ ਪ੍ਰਵਾਨਗੀ ਨਾਲ ਜਿਊਣ ਦੀ ਤਾਕਤ ਦਿੰਦੀ ਹੈ।

ਕੀ ਇਹ ਸਭ ਸਿਰਫ਼ ਪੁਰਾਤਨ ਦਾਰਸ਼ਨਿਕ ਦੀ ਦੂਰ ਦੀ ਗੱਲ ਹੈ? ਨਹੀਂ। ਅੱਜ ਦੇ ਮਨੋਵਿਗਿਆਨ, ਤੰਤੂ ਵਿਗਿਆਨ (ਨਿਊਰੋਸਾਇੰਸ) ਤੇ ਦਰਸ਼ਨ ਵਿੱਚ ਵੀ ਇਨ੍ਹਾਂ ਸਿੱਖਿਆਵਾਂ ਦੀ ਤਸਦੀਕ ਹੋ ਰਹੀ ਹੈ। ਮਾਈਂਡਫੁੱਲਨੈੱਸ (ਸੁਚੇਤਤਾ) ’ਤੇ ਅਧਾਰਿਤ ਇਲਾਜ, ਧਿਆਨ ਲਾਉਣ ਦੇ ਮਾਨਸਿਕ ਲਾਭ ਅਤੇ ਨਾਸ਼ਵਾਨਤਾ ਨੂੰ ਕਬੂਲਣ ਦੀ ਮਨੋਵਿਗਿਆਨਕ ਅਹਿਮੀਅਤ, ਇਹ ਸਭ ਬੁੱਧ ਦੇ ਫ਼ਲਸਫ਼ੇ ਦੇ ਅਜੋਕੇ ਵਿਗਿਆਨਕ ਸਬੂਤ ਹਨ। ਪਰ ਇਸ ਤੋਂ ਵੱਧ ਅਹਿਮ ਗੱਲ ਇਹ ਹੈ ਕਿ ਇਹ ਸਿੱਖਿਆਵਾਂ ਕਿਸੇ ਪ੍ਰਯੋਗਸ਼ਾਲਾ ਦੇ ਨਤੀਜੇ ਨਹੀਂ ਹਨ, ਸਗੋਂ ਇਹ ਇੱਕ ਅਜਿਹੇ ਮਨੁੱਖ ਦੇ ਜੀਵਨ ਤਜਰਬੇ ਦਾ ਨਿਚੋੜ ਹਨ, ਜਿਨ੍ਹਾਂ ਨੇ ਆਪਣੀ ਹੋਂਦ ਦੀਆਂ ਡੂੰਘਾਈਆਂ ਤੱਕ ਦਾ ਸਫ਼ਰ ਕੀਤਾ ਸੀ।

ਅਸੀਂ ਕਿਸੇ ਮੁਸੀਬਤ ਵਿੱਚ ਨਹੀਂ, ਸਗੋਂ ਉਸ ਮੋੜ ਉੱਤੇ ਖੜ੍ਹੇ ਹਾਂ, ਜੋ ਸਾਨੂੰ ਦੋ ਰਾਹ ਦਿਖਾਉਂਦਾ ਹੈ। ਇੱਕ ਰਾਹ ਉਸੇ ਪਾਸੇ ਵੱਲ ਹੋਰ ਤੇਜ਼ ਦੌੜਨ ਦਾ ਹੈ, ਜਿਵੇਂ ਕਿ ਹੋਰ ਖਪਤ, ਹੋਰ ਤਕਨਾਲੋਜੀ ਅਤੇ ਹੋਰ ਬਾਹਰੀ ਪ੍ਰਾਪਤੀਆਂ। ਦੂਜਾ ਰਾਹ ਇੱਕ ਪਲ ਰੁਕ ਕੇ, ਆਪਣੇ ਅੰਦਰ ਝਾਤ ਮਾਰ ਕੇ ਅਤੇ ਆਪਣੇ ਮਨ ਨੂੰ ਸਮਝਣ ਦਾ ਹੈ। ਬੁੱਧ ਦਾ ਸੁਨੇਹਾ ਸਾਨੂੰ ਦੂਜਾ ਰਾਹ ਚੁਣਨ ਦਾ ਸੱਦਾ ਦਿੰਦਾ ਹੈ। ਇਹ ਕੋਈ ਦੁਨੀਆ ਤੋਂ ਭੱਜਣਾ ਨਹੀਂ ਹੈ, ਸਗੋਂ ਇਹ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਅਤੇ ਉਹ ਹੈ ਆਪਣੀ ਹੋਂਦ ਦੀ ਜ਼ਿੰਮੇਵਾਰੀ।

ਅਖੀਰ ਵਿੱਚ, ਇਹ ਕਬੂਲ ਕਰਨਾ ਪਵੇਗਾ ਕਿ ਬੁੱਧ ਦਾ ਦਰਸ਼ਨ ਕੋਈ ਜਾਦੂਈ ਫਾਰਮੂਲਾ ਨਹੀਂ ਹੈ, ਜੋ ਰਾਤੋ-ਰਾਤ ਸਾਰੇ ਮਸਲੇ ਹੱਲ ਕਰ ਦੇਵੇ। ਇਹ ਲੰਮਾ, ਵੰਗਾਰਾਂ ਭਰਿਆ, ਪਰ ਸਾਰਥਕ ਸਫ਼ਰ ਹੈ। ਇਸ ਸਫ਼ਰ ਵਿੱਚ ਕੋਈ ਗਾਰੰਟੀ ਨਹੀਂ, ਸਿਰਫ਼ ਸੇਧ ਹੈ। ਪਰ ਇਹੀ ਤਾਂ ਮਨੁੱਖਤਾ ਦੀ ਅਸਲ ਪਛਾਣ ਹੈ – ਇੱਕ ਸੇਧ ਚੁਣਨਾ, ਇੱਕ ਰਾਹ ’ਤੇ ਤੁਰਨਾ ਅਤੇ ਰਸਤੇ ਵਿੱਚ ਆਪਣੇ ਆਪ ਨੂੰ ਘੜਨਾ। ਬਾਹਰੋਂ ਦੁਨੀਆ ਚਮਕਦੀ ਰਹੇਗੀ, ਕਿਉਂਕਿ ਇਹ ਇਸ ਦਾ ਸੁਭਾਅ ਹੈ। ਪਰ ਅੰਦਰੋਂ ਟੁੱਟਣਾ ਜਾਂ ਜੁੜਨਾ, ਇਹ ਸਾਡੀ ਮਰਜ਼ੀ ਦੇ ਨਾਲ-ਨਾਲ ਜ਼ਿੰਮੇਵਾਰੀ ਵੀ ਹੈ।

Share: