LPU Protest: ਹਾਈਵੇਅ ਜਾਮ ਤੋਂ ਬਾਅਦ ਕੈਂਪਸ ’ਚ ਮਾਹੌਲ ਸ਼ਾਂਤ; 5 ਗ੍ਰਿਫ਼ਤਾਰ, ਵਾਕੀ-ਟਾਕੀ ਬਰਾਮਦ

LPU Protest: ਹਾਈਵੇਅ ਜਾਮ ਤੋਂ ਬਾਅਦ ਕੈਂਪਸ ’ਚ ਮਾਹੌਲ ਸ਼ਾਂਤ; 5 ਗ੍ਰਿਫ਼ਤਾਰ, ਵਾਕੀ-ਟਾਕੀ ਬਰਾਮਦ

ਫਗਵਾੜਾ / ਜਲੰਧਰ (ਮਨੀਸ਼ ਰਿਹਾਨ) : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਵਿਦਿਆਰਥੀਆਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਦਾ ਅਸਰ ਐਤਵਾਰ ਨੂੰ ਯੂਨੀਵਰਸਿਟੀ ਕੈਂਪਸ ਤੋਂ ਬਾਹਰ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ ’ਤੇ ਵੀ ਦੇਖਣ ਨੂੰ ਮਿਲਿਆ। ਵਿਦਿਆਰਥੀਆਂ ਵੱਲੋਂ ਹਾਈਵੇ ਦੇ ਦੋਵੇਂ ਪਾਸੇ ਆਵਾਜਾਈ ਰੋਕ ਦਿੱਤੇ ਜਾਣ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਜਲੰਧਰ, ਫਗਵਾੜਾ, ਲੁਧਿਆਣਾ, ਦਿੱਲੀ ਸਮੇਤ ਹੋਰ ਸ਼ਹਿਰਾਂ ਵੱਲ ਜਾਣ ਵਾਲੇ ਲੋਕ ਘੰਟਿਆਂਬੱਧੀ ਜਾਮ ਵਿੱਚ ਫਸੇ ਰਹੇ।

ਐਤਵਾਰ ਦਾ ਦਿਨ ਹੋਣ ਕਾਰਨ ਵਿਆਹ ਸਮਾਗਮਾਂ ਲਈ ਜਾਣ ਵਾਲੇ ਲੋਕਾਂ ਤੋਂ ਇਲਾਵਾ ਰੋਜ਼ਾਨਾ ਸਫ਼ਰ ਕਰਨ ਵਾਲੇ ਕਰਮਚਾਰੀਆਂ, ਵਿਦਿਆਰਥੀਆਂ ਅਤੇ ਹੋਰ ਰਾਹਗੀਰਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਈਵੇ ਨਾਲ ਲੱਗਦੇ ਪਿੰਡਾਂ ਵਿੱਚ ਵੀ ਆਵਾਜਾਈ ਪ੍ਰਭਾਵਿਤ ਰਹੀ ਅਤੇ ਲੋਕਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਆਪਣੀ ਮੰਜ਼ਿਲ ਵੱਲ ਜਾਣਾ ਪਿਆ। ਇਸ ਦੌਰਾਨ ਸਥਿਤੀ ਨੂੰ ਕਾਬੂ ਕਰਨ ਲਈ ਪੁਲੀਸ ਵੱਲੋਂ ਵੱਡੀ ਗਿਣਤੀ ਵਿੱਚ ਬਲ ਤਾਇਨਾਤ ਕੀਤਾ ਗਿਆ। 27ਵੀਂ ਬਟਾਲੀਅਨ ਦੀ ਕਮਾਂਡੈਂਟ ਗੁਰਮੀਤ ਕੌਰ ਨੇ ਦੱਸਿਆ ਕਿ ਪੁਲੀਸ ਨੇ ਪੰਜ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਕੋਲੋਂ ਇੱਕ ‘ਦਾਤਰ’ ਅਤੇ ਇੱਕ ਵਾਕੀ-ਟਾਕੀ ਸੈੱਟ ਬਰਾਮਦ ਹੋਇਆ ਹੈ। ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਉਧਰ, ਸੋਮਵਾਰ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਸਥਿਤੀ ਸ਼ਾਂਤਮਈ ਬਣੀ ਹੋਈ ਹੈ। ਜਾਂਚ ਕਰ ਰਹੇ ਐੱਸ.ਪੀ. (ਜਾਂਚ) ਹਰਿੰਦਰ ਗਿੱਲ ਨੇ ਦੱਸਿਆ ਕਿ ਬੀਤੀ ਰਾਤ ਤੋਂ ਸਥਿਤੀ ਪੂਰੀ ਤਰ੍ਹਾਂ ਸ਼ਾਂਤਮਈ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ 10 ਦਿਨਾਂ ਲਈ ਨਿਯਮਤ ਕਲਾਸਾਂ ਮੁਅੱਤਲ ਕੀਤੇ ਜਾਣ ਕਾਰਨ ਵਿਦਿਆਰਥੀ ਬੀਤੀ ਰਾਤ ਤੋਂ ਹੀ ਕੈਂਪਸ ਤੋਂ ਬਾਹਰ ਜਾ ਰਹੇ ਹਨ। ਐੱਸ.ਪੀ. ਗਿੱਲ ਨੇ ਕਿਹਾ ਕਿ ਇਸ ਸਮੇਂ ਕੈਂਪਸ ਵਿੱਚ ਕੋਈ ਪ੍ਰਦਰਸ਼ਨ ਜਾਂ ਹੋਰ ਅਜਿਹੀ ਘਟਨਾ ਨਹੀਂ ਹੋ ਰਹੀ। ਸੁਰੱਖਿਆ ਦੇ ਮੱਦੇਨਜ਼ਰ ਯੂਨੀਵਰਸਿਟੀ ਦੇ ਸਾਰੇ ਗੇਟਾਂ ’ਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

ਤਣਾਅ ਅਤੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅੱਜ ਸਵੇਰੇ 9:45 ਵਜੇ ਯੂਨੀਵਰਸਿਟੀ ਦੇ ਮੁੱਖ ਗੇਟ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਨਗੇ।

ਪੰਜਾਬ ਪੁਲੀਸ ਵੱਲੋਂ ਜਾਰੀ ਮੀਡੀਆ ਇਨਵਾਈਟ ਅਨੁਸਾਰ ਡੀਜੀਪੀ ਵੱਲੋਂ ਪ੍ਰੈੱਸ ਬ੍ਰੀਫਿੰਗ ਦੌਰਾਨ LPU ਮਾਮਲੇ ਨਾਲ ਸਬੰਧਤ ਤਾਜ਼ਾ ਸਥਿਤੀ ਅਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਸਬੰਧੀ ਜਾਣਕਾਰੀ ਸਾਂਝੀ ਕੀਤੇ ਜਾਣ ਦੀ ਉਮੀਦ ਹੈ।

Share: