ਉੱਤਰਾਖੰਡ ਵਿਖੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੇ ਹੋਰ ਉੱਚੀਆਂ ਪਹਾੜੀਆਂ ’ਤੇ ਨਿਰੰਤਰ ਹੋ ਰਹੀ ਬਰਫਬਾਰੀ ਦੇ ਚਲਦਿਆਂ ਸਰਕਾਰ ਵੱਲੋਂ ਦੋ ਦਿਨ ਵਾਸਤੇ 27 ਸਤੰਬਰ ਤੱਕ ਯਾਤਰਾ ਰੋਕ ਦਿੱਤੀ ਗਈ ਹੈ। ਇਸ ਦੌਰਾਨ ਬੀਤੀ ਰਾਤ ਤੋਂ ਹੋ ਰਹੀ ਬਰਫਬਾਰੀ ਕਾਰਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਛੇ ਤੋਂ ਸੱਤ ਇੰਚ ਤਕ ਬਰਫ ਪੈ ਚੁੱਕੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਦੇ ਸੀਈਓ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਤੋਂ ਬਰਫਬਾਰੀ ਦਾ ਸਿਲਸਿਲਾ ਜਾਰੀ ਹੈ ਜੋ ਕਿ ਇਸ ਵੇਲੇ ਵੀ ਬਰਫਬਾਰੀ ਹੋ ਰਹੀ ਹੈ ਅਤੇ ਹੁਣ ਤੱਕ ਛੇ ਤੋਂ ਸੱਤ ਇੰਚ ਬਰਫ ਪੈ ਚੁੱਕੀ ਹੈ। ਇਹ ਇਸ ਸੀਜ਼ਨ ਦੀ ਦੂਜੀ ਬਰਫਬਾਰੀ ਹੈ, ਇਸ ਤੋਂ ਪਹਿਲਾਂ 16 ਸਤੰਬਰ ਨੂੰ ਬਰਫ ਪਈ ਸੀ। ਭਾਰੀ ਬਰਫਬਾਰੀ ਨੂੰ ਦੇਖਦਿਆਂ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਉੱਤਰਾਖੰਡ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਦੋ ਦਿਨ ਵਾਸਤੇ ਯਾਤਰਾ ਰੋਕ ਦਿੱਤੀ ਗਈ ਹੈ। ਯਾਤਰਾ 27 ਸਤੰਬਰ ਤੱਕ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਬਾਕੀ ਚਾਰ ਧਾਮ ਦੀ ਯਾਤਰਾ ਵੀ ਰੋਕੀ ਗਈ ਹੈ। ਦੱਸਣਯੋਗ ਹੈ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦਸ ਅਕਤੂਬਰ ਨੂੰ ਬੰਦ ਹੋ ਰਹੀ ਹੈ। 10 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੀਤ ਕਾਲ ਵਾਸਤੇ ਬੰਦ ਕੀਤੇ ਜਾਣਗੇ।
ਇਸ ਸਾਲ ਇਹ ਸਾਲਾਨਾ ਯਾਤਰਾ 20 ਮਈ ਨੂੰ ਆਰੰਭ ਹੋਈ ਸੀ ।
ਉਨ੍ਹਾਂ ਸ਼ਰਧਾਲੂਆਂ ਅਤੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਯਾਤਰਾ ਦੇ ਕੁਝ ਦਿਨ ਬਾਕੀ ਰਹਿ ਗਏ ਹਨ ਅਤੇ ਜੋ ਯਾਤਰੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦਰਸ਼ਨ ਕਰਨ ਲਈ ਆਉਣਾ ਚਾਹੁੰਦੇ ਹਨ । ਉਹ ਆਉਂਦੇ ਦਿਨਾਂ ਵਿੱਚ ਆਪਣਾ ਪ੍ਰੋਗਰਾਮ ਬਣਾ ਸਕਦੇ ਹਨ।
ਇਸ ਦੌਰਾਨ ਪ੍ਰਬੰਧਕ ਕਮੇਟੀ ਵੱਲੋਂ ਅਗਲੇ ਵਰੇ 2027 ਦੀ ਯਾਤਰਾ ਦੇ ਪ੍ਰਬੰਧ ਵੀ ਸ਼ੁਰੂ ਕਰ ਦਿੱਤੇ ਗਏ ਹਨ। ਪ੍ਰਬੰਧਕਾਂ ਵੱਲੋਂ ਅਗਲੇ ਸਾਲ ਦੀ ਯਾਤਰਾ ਵਾਸਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਅਤੇ ਗੁਰਦੁਆਰਾ ਗੋਬਿੰਦ ਧਾਮ ਵਿਖੇ ਜ਼ਰੂਰੀ ਸਾਮਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਗਿਆ ਜਿਸ ਨੂੰ ਉਥੇ ਅਗਲੇ ਸਾਲ ਵਾਸਤੇ ਸਟੋਰ ਕੀਤਾ ਜਾਂਦਾ ਹੈ। ਇਹ ਸਾਮਾਨ ਵਿੱਚ ਰਾਸ਼ਨ ਦੀਆਂ ਰਸਦਾਂ, ਡੀਜ਼ਲ ਤੇ ਹੋਰ ਲੋੜੀਂਦਾ ਸਾਮਾਨ ਸ਼ਾਮਿਲ ਹੈ।
ਹੇਮਕੁੰਟ ਸਾਹਿਬ ਤੇ ਨੇੜਲੇ ਖੇਤਰਾਂ ਵਿੱਚ ਅੱਜ ਤਾਜ਼ਾ ਬਰਫਬਾਰੀ ਹੋਈ ਜਿਸ ਕਾਰਨ ਗੁਰਦੁਆਰਾ ਸਾਹਿਬ ਅਤੇ ਆਲੇ-ਦੁਆਲੇ ਦਾ ਪਹਾੜੀ ਇਲਾਕਾ ਚਿੱਟੀ ਬਰਫ਼ ਦੀ ਚਾਦਰ ਨਾਲ ਢਕਿਆ ਗਿਆ। ਉੱਚੇ ਪਹਾੜਾਂ ’ਤੇ ਬਰਫ਼ਬਾਰੀ ਅਤੇ ਹੇਠਲੇ ਇਲਾਕਿਆਂ ਵਿੱਚ ਮੀਂਹ ਕਾਰਨ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਬਰਫ਼ ਨਾਲ ਢਕੇ ਪਹਾੜਾਂ ਦਾ ਮਨਮੋਹਕ ਨਜ਼ਾਰਾ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਇਸ ਦੌਰਾਨ ਸ਼ਰਧਾਲੂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦੇ ਨਾਲ ਕੁਦਰਤ ਦੇ ਇਸ ਖ਼ੂਬਸੂਰਤ ਰੂਪ ਨੂੰ ਵੀ ਦੇਖ ਰਹੇ ਹਨ।
ਹੇਮਕੁੰਟ ਸਾਹਿਬ ਸਮੁੰਦਰ ਤਲ ਤੋਂ ਲਗਪਗ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਿਤ ਹੈ, ਜਿਸ ਕਾਰਨ ਇੱਥੇ ਮੌਸਮ ਵਿੱਚ ਥੋੜ੍ਹਾ ਜਿਹਾ ਬਦਲਾਅ ਵੀ ਤਾਪਮਾਨ ’ਤੇ ਵੱਡਾ ਅਸਰ ਪਾਉਂਦਾ ਹੈ। ਅੱਜ ਵੀ ਚਮੋਲੀ ਦੇ ਉੱਚੇ ਇਲਾਕਿਆਂ ਵਿੱਚ ਬਰਫ਼ਬਾਰੀ ਜਾਰੀ ਰਹਿਣ ਦੀਆਂ ਰਿਪੋਰਟਾਂ ਹਨ। ਹੇਮਕੁੰਟ ਸਾਹਿਬ ਨੇੜੇ ਅੱਜ ਤਾਪਮਾਨ ਕਰੀਬ 7 ਤੋਂ 11 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ। ਸਵੇਰੇ ਇੱਥੇ ਤਾਪਮਾਨ ਲਗਪਗ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ ਬਣੀ ਹੋਈ ਹੈ।
ਬਰਫ਼ਬਾਰੀ ਨਾਲ ਤਿਲਕਣ ਵਾਲੇ ਹੋਏ ਰਸਤੇ; ਸ਼ਰਧਾਲੂਆਂ ਨੂੰ ਸੰਭਲ ਕੇ ਚੱਲਣ ਦੀ ਸਲਾਹ
ਬਰਫ਼ ਪੈਣ ਕਾਰਨ ਹੇਮਕੁੰਟ ਸਾਹਿਬ ਵੱਲ ਜਾਣ ਵਾਲੇ ਪੈਦਲ ਰਸਤੇ ਦੇ ਕਈ ਹਿੱਸੇ ਤਿਲਕਣ ਵਾਲੇ ਹੋ ਗਏ ਹਨ। ਇਸ ਕਾਰਨ ਸ਼ਰਧਾਲੂਆਂ ਨੂੰ ਪੈਦਲ ਚੱਲਣ ਸਮੇਂ ਵਧੇਰੇ ਸਾਵਧਾਨੀ ਵਰਤਣੀ ਪੈ ਰਹੀ ਹੈ। ਮੌਸਮ ਖ਼ਰਾਬ ਹੋਣ ਦੇ ਬਾਵਜੂਦ ਸ਼ਰਧਾਲੂਆਂ ਦੀ ਯਾਤਰਾ ਨੂੰ ਸੁਚਾਰੂ ਬਣਾਈ ਰੱਖਣ ਲਈ ਪੁਲੀਸ ਅਤੇ ਐੱਸਡੀਆਰਐੱਫ ਦੇ ਜਵਾਨ ਵੱਖ-ਵੱਖ ਥਾਵਾਂ ’ਤੇ ਤਾਇਨਾਤ ਹਨ।
ਜਵਾਨ ਬਰਫ਼ਬਾਰੀ ਅਤੇ ਤਿਲਕਣ ਵਾਲੇ ਰਸਤਿਆਂ ਵਿੱਚ ਸ਼ਰਧਾਲੂਆਂ ਦੀ ਮਦਦ ਕਰ ਰਹੇ ਹਨ। ਜਿੱਥੇ ਲੋੜ ਪੈ ਰਹੀ ਹੈ, ਉੱਥੇ ਪੁਲੀਸ ਮੁਲਾਜ਼ਮ ਸ਼ਰਧਾਲੂਆਂ ਨੂੰ ਸਹਾਰਾ ਦੇ ਕੇ ਮੁਸ਼ਕਲ ਰਸਤਿਆਂ ਤੋਂ ਪਾਰ ਕਰਵਾ ਰਹੇ ਹਨ। ਇਸ ਦੇ ਨਾਲ ਹੀ ਯਾਤਰਾ ਦੌਰਾਨ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਲਈ ਸੁਰੱਖਿਆ ਪ੍ਰਬੰਧਾਂ ’ਤੇ ਵੀ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਹੇਮਕੁੰਟ ਸਾਹਿਬ ਯਾਤਰਾ ਦੇ ਮਹੱਤਵਪੂਰਨ ਪੜਾਅ ਘੰਘੜੀਆ ਵਿਖੇ ਵੀ ਪੁਲੀਸ ਵੱਲੋਂ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਮੌਸਮ ਅਤੇ ਰਸਤੇ ਦੀ ਸਥਿਤੀ ਦੇ ਅਨੁਸਾਰ ਜਵਾਨਾਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।
ਪੁਲੀਸ ਅਤੇ ਐੱਸਡੀਆਰਐੱਫ ਵੱਲੋਂ ਸ਼ਰਧਾਲੂਆਂ ਨੂੰ ਮੌਸਮ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਸਾਵਧਾਨੀ ਨਾਲ ਯਾਤਰਾ ਕਰਨ ਲਈ ਕਿਹਾ ਜਾ ਰਿਹਾ ਹੈ। ਚਮੋਲੀ ਜ਼ਿਲ੍ਹੇ ਦੇ ਉੱਚੇ ਇਲਾਕਿਆਂ ਵਿੱਚ ਅੱਜ ਵੀ ਮੀਂਹ ਅਤੇ ਬਰਫ਼ਬਾਰੀ ਦਾ ਦੌਰ ਜਾਰੀ ਰਹਿਣ ਕਾਰਨ ਠੰਢ ਹੋਰ ਵਧ ਗਈ ਹੈ।
ਇਸੇ ਦੌਰਾਨ ਹੇਮਕੁੰਟ ਸਾਹਿਬ ਵਿੱਚ ਇਸ ਸਾਲ ਸ਼ਰਧਾਲੂਆਂ ਦੀ ਵੱਡੀ ਆਮਦ ਵੀ ਜਾਰੀ ਹੈ। ਜ਼ਿਕਰਯੋਗ ਹੈ ਕਿ 25 ਸਤੰਬਰ ਤੱਕ ਲਗਪਗ 3.40 ਲੱਖ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਚੁੱਕੇ ਸਨ ਅਤੇ ਯਾਤਰਾ ਦੇ ਬਾਕੀ ਦਿਨਾਂ ਵਿੱਚ ਹੋਰ ਸ਼ਰਧਾਲੂਆਂ ਦੇ ਪੁੱਜਣ ਦੀ ਉਮੀਦ ਹੈ।
