Sarpanch Husband Murder: ਅਕਾਲੀ ਦਲ ਪੱਖੀ ਸਰਪੰਚ ਦੇ ਪਤੀ ਦੀ ਗੋਲੀ ਮਾਰ ਕੇ ਹੱਤਿਆ

Sarpanch Husband Murder: ਅਕਾਲੀ ਦਲ ਪੱਖੀ ਸਰਪੰਚ ਦੇ ਪਤੀ ਦੀ ਗੋਲੀ ਮਾਰ ਕੇ ਹੱਤਿਆ

ਤਰਨ ਤਾਰਨ : ਥਾਣਾ ਝਬਾਲ ਅਧੀਨ ਆਉਂਦੇ ਪਿੰਡ ਗੱਗੋਬੂਆ ਦੀ ਸ਼੍ਰੋਮਣੀ ਅਕਾਲੀ ਦਲ ਪੱਖੀ ਸਰਪੰਚ ਕੁਲਵਿੰਦਰ ਕੌਰ ਦੇ ਪਤੀ ਦੀ ਬੀਤੀ ਰਾਤ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਸਬੰਧੀ ਡੀ.ਐੱਸ.ਪੀ. ਸਿਟੀ ਸੁਖਬੀਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਦੋ ਧੜਿਆਂ ਦਰਮਿਆਨ ਬੀਤੀ ਰਾਤ ਤਕਰਾਰ ਹੋ ਗਿਆ ਸੀ, ਜਿਸ ‘ਤੇ ਗੱਗੋਬੂਆ ਪਿੰਡ ਦੇ ਅੱਡੇ ਵਿਖੇ ਸਰਾਫ਼ ਦੀ ਦੁਕਾਨ ਕਰਦੇ ਸੁਰਿੰਦਰ ਸਿੰਘ ਸੋਨੂੰ ਵੱਲੋਂ ਕੁਲਵਿੰਦਰ ਕੌਰ ਦੇ ਪਤੀ ਨਵਦੀਪ ਸਿੰਘ ਉੱਪਰ ਗੋਲੀ ਚਲਾ ਦਿੱਤੀ ਗਈ।ਨਵਦੀਪ ਸਿੰਘ ਨੂੰ ਜਿਵੇਂ ਹੀ ਹਸਪਤਾਲ ਦਾਖ਼ਲ ਕਰਵਾਉਣ ਲਈ ਲੈ ਕੇ ਜਾਇਆ ਜਾ ਰਿਹਾ ਸੀ ਤਾਂ ਉਹ ਰਾਹ ਵਿੱਚ ਦਮ ਤੋੜ ਗਿਆ। ਡੀ.ਐੱਸ.ਪੀ. ਨੇ ਦੱਸਿਆ ਕਿ ਇਸ ਸਬੰਧੀ ਤਿੰਨ ਜਣਿਆਂ ਖ਼ਿਲਾਫ਼ ਇੱਕ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਵਿੱਚ ਸੁਰਿੰਦਰ ਸਿੰਘ ਉਰਫ਼ ਸੋਨੂੰ ਕੰਡਾ, ਨਿਰਮਲ ਸਿੰਘ ਨਿੰਮਾ ਅਤੇ ਅਰਸ਼ਦੀਪ ਸਿੰਘ ਦਾ ਨਾਮ ਸ਼ਾਮਲ ਹੈ, ਜਿਨ੍ਹਾਂ ਖ਼ਿਲਾਫ਼ BNS ਦੀ ਦਫ਼ਾ 103 ਅਤੇ ਅਸਲਾ ਐਕਟ ਦੀ ਦਫ਼ਾ 25, 27, 54, 59 ਅਧੀਨ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕੀਤੀ ਗਈ ਹੈ। ਡੀ.ਐੱਸ.ਪੀ. ਸੁਖਬੀਰ ਸਿੰਘ ਨੇ ਦੱਸਿਆ ਕਿ ਥਾਣਾ ਝਬਾਲ ਦੇ ਐੱਸ.ਐੱਚ.ਓ. ਸਬ-ਇੰਸਪੈਕਟਰ ਜੁਗਰਾਜ ਸਿੰਘ ਨੂੰ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਡੀ.ਐੱਸ.ਪੀ. ਨੇ ਦਾਅਵਾ ਕੀਤਾ ਕਿ ਇਸ ਮਾਮਲੇ ਵਿੱਚ ਕਿਸੇ ਕਿਸਮ ਦੀ ਰਾਜਨੀਤੀ ਜਾਂ ਫਿਰ ਗੈਂਗਸਟਰਵਾਦ ਦਾ ਹੱਥ ਨਹੀਂ ਹੈ।

Share: