Patiala ਨੇੜਲੀ ਨਿੱਜੀ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਦੀ ਖੁਦਕੁਸ਼ੀ ਦੀਆਂ ਅਫਵਾਹਾਂ ਕਾਰਨ ਹੰਗਾਮਾ

Patiala ਨੇੜਲੀ ਨਿੱਜੀ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਦੀ ਖੁਦਕੁਸ਼ੀ ਦੀਆਂ ਅਫਵਾਹਾਂ ਕਾਰਨ ਹੰਗਾਮਾ

ਪਟਿਆਲਾ : ਪਟਿਆਲਾ ਜ਼ਿਲ੍ਹੇ ਵਿੱਚ ਰਾਜਪੁਰਾ ਨੇੜੇ ਸਥਿਤ ਚਿਤਕਾਰਾ ਯੂਨੀਵਰਸਿਟੀ ਵਿੱਚ ਦੋ ਵਿਦਿਆਰਥਣਾਂ ਦੀ ਖੁਦਕੁਸ਼ੀ ਜਾਂ ਲਾਪਤਾ ਹੋਣ ਦੀਆਂ ਅਫਵਾਹਾਂ ਕਾਰਨ ਸ਼ੁੱਕਰਵਾਰ ਰਾਤ ਹੰਗਾਮਾ ਹੋਇਆ। ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਕੈਂਪਸ ਦੇ ਅੰਦਰ ਪ੍ਰਦਰਸ਼ਨ ਕਰਦਿਆਂ ਦੋਸ਼ ਲਾਇਆ ਕਿ ਕੁਝ ਵਿਦਿਆਰਥੀਆਂ ਨੇ ਇਸ ਦੌਰਾਨ ਪੰਜਾਬ ਪੁਲੀਸ ਦੀ ਇੱਕ ਗੱਡੀ ਦੀ ਵੀ ਭੰਨਤੋੜ ਕੀਤੀ। ਸੋਸ਼ਲ ਮੀਡੀਆ ’ਤੇ ਇਸ ਪੁਲੀਸ ਵਾਹਨ ਨੂੰ ਨੁਕਸਾਨ ਪਹੁੰਚਾਉਣ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਕੁੜੀਆਂ ਦੇ ਹੋਸਟਲ ਵਿੱਚੋਂ ਚੀਕਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਸਨ ਅਤੇ ਉਹ ਇਹ ਜਾਣਨਾ ਚਾਹੁੰਦੇ ਸਨ ਕਿ ਅਸਲ ਮਾਮਲਾ ਕੀ ਹੈ।

ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਅਫਵਾਹਾਂ ਦਾ ਖੰਡਨ

ਚਿਤਕਾਰਾ ਯੂਨੀਵਰਸਿਟੀ ਦੇ ਰਜਿਸਟਰਾਰ ਕਰਨਲ ਰਾਕੇਸ਼ ਸ਼ਰਮਾ (ਸੇਵਾਮੁਕਤ) ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਇਨ੍ਹਾਂ ਸਾਰੀਆਂ ਖ਼ਬਰਾਂ ਨੂੰ ਰੱਦ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਕੈਂਪਸ ਵਿੱਚ ਅਜਿਹੀ ਕੋਈ ਵੀ ਘਟਨਾ ਨਹੀਂ ਵਾਪਰੀ ਹੈ ਅਤੇ ਇਹ ਸਭ ਸਿਰਫ਼ ਅਫਵਾਹਾਂ ਹਨ। ਇਸੇ ਦੌਰਾਨ ਬਨੂੜ ਦੇ ਡੀ.ਐੱਸ.ਪੀ. ਸੁਖਦੇਵ ਸਿੰਘ, ਰਾਜਪੁਰਾ ਐੱਸ.ਐੱਚ.ਓ. ਗੁਰਸੇਵਕ ਸਿੰਘ ਅਤੇ ਰਾਜਪੁਰਾ ਸਦਰ ਐੱਸ.ਐੱਚ.ਓ. ਕਿਰਪਾਲ ਮੋਹੀ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਡੀ.ਐੱਸ.ਪੀ. ਨੇ ਦੱਸਿਆ ਕਿ ਵਿਦਿਆਰਥੀ ਦਾਅਵਾ ਕਰ ਰਹੇ ਸਨ ਕਿ ਦੋ ਵਿਦਿਆਰਥਣਾਂ ਲਾਪਤਾ ਹਨ, ਪਰ ਮੌਕੇ ‘ਤੇ ਕਿਸੇ ਕੋਲ ਵੀ ਕੋਈ ਪੱਕੀ ਜਾਣਕਾਰੀ ਜਾਂ ਲਾਪਤਾ ਕੁੜੀਆਂ ਦੇ ਨਾਂ ਨਹੀਂ ਸਨ। ਪੁਲੀਸ ਨੇ ਵਿਦਿਆਰਥੀਆਂ ਦੀ ਸ਼ਿਕਾਇਤ ਲੈ ਲਈ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਵਿਦਿਆਰਥੀ ਅਫਵਾਹਾਂ ’ਤੇ ਧਿਆਨ ਨਾ ਦੇਣ; ਸਾਰੀਆਂ ਜਮਾਤਾਂ ਆਮ ਵਾਂਗ ਲੱਗਣਗੀਆਂ: ਯੂਨੀਵਰਸਿਟੀ

ਯੂਨੀਵਰਸਿਟੀ ਪ੍ਰਸ਼ਾਸਨ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਜਾਰੀ ਕਰਕੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਣ-ਪ੍ਰਮਾਣਿਤ ਕਹਾਣੀਆਂ ਅਤੇ ਗਰੁੱਪਾਂ ਵਿੱਚ ਫੈਲ ਰਹੀਆਂ ਅਫਵਾਹਾਂ ਵੱਲ ਧਿਆਨ ਨਾ ਦੇਣ। ਪ੍ਰਸ਼ਾਸਨ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਅਤੇ ਪੁਲੀਸ ਟੀਮਾਂ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ। ਯੂਨੀਵਰਸਿਟੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸ਼ਨਿਚਰਵਾਰ ਨੂੰ ਸਾਰੀਆਂ ਅਕਾਦਮਿਕ ਕਲਾਸਾਂ ਅਤੇ ਪਲੇਸਮੈਂਟ ਗਤੀਵਿਧੀਆਂ ਆਪਣੇ ਤੈਅ ਸਮਾਂ-ਸਾਰਣੀ ਮੁਤਾਬਕ ਜਾਰੀ ਰਹਿਣਗੀਆਂ ਅਤੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਿਰਫ਼ ਅਧਿਕਾਰਤ ਸੂਚਨਾਵਾਂ ‘ਤੇ ਹੀ ਭਰੋਸਾ ਕਰਨ।

Share: