ਨਿਊਯਾਰਕ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਨੂੰ ਜੰਗ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਿੰਧੂ ਨਦੀ ਦਾ ਪਾਣੀ ਰੋਕਣ ਦੀ ਗਲਤੀ ਨਾ ਕਰੇ ਅਤੇ ਜੇਕਰ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਾਕਿਸਤਾਨ ਇਸ ਨੂੰ ਜੰਗ ਦੀ ਕਾਰਵਾਈ ਮੰਨੇਗਾ। ਸ਼ਾਹਬਾਜ਼ ਨੇ ਜ਼ੋਰ ਦਿੰਦਿਆਂ ਕਿਹਾ ਕਿ ਪਾਣੀ ਨੂੰ ਕਦੇ ਵੀ ਹਥਿਆਰ ਨਹੀਂ ਬਣਾਇਆ ਜਾਣਾ ਚਾਹੀਦਾ ਅਤੇ ਭਾਰਤ ਨੂੰ ਇਸ ਮਾਮਲੇ ਵਿੱਚ ਕੋਈ ਗਲਤੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਪਿਛਲੇ ਸਾਲ ਭਾਰਤ-ਪਾਕਿਸਤਾਨ ਸੰਘਰਸ਼ ਤੋਂ ਬਾਅਦ ਭਾਰਤ ਨੇ ਇਸ ਸੰਧੀ ਨੂੰ ਮੁਅੱਤਲ ਕਰ ਦਿੱਤਾ ਸੀ ਜਿਸ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਯੂ.ਐੱਨ. ਦੇ ਮਾਹਿਰਾਂ ਅਤੇ ਸਥਾਈ ਵਿਚੋਲਗੀ ਅਦਾਲਤ ਨੇ ਵੀ ਇਸ ਮਾਮਲੇ ਵਿੱਚ ਭਾਰਤ ਦੇ ਦਾਅਵਿਆਂ ਨੂੰ ਖਾਰਜ ਕੀਤਾ ਹੈ, ਜਿਸ ਨਾਲ ਪਾਕਿਸਤਾਨ ਦਾ ਪੱਖ ਸਹੀ ਸਾਬਤ ਹੁੰਦਾ ਹੈ।
ਕਸ਼ਮੀਰ ਨੂੰ ਅਹਿਮ ਮਾਮਲਾ ਦੱਸਿਆ
ਆਪਣੇ ਭਾਸ਼ਣ ਦੌਰਾਨ ਸ਼ਾਹਬਾਜ਼ ਸ਼ਰੀਫ਼ ਨੇ ਕਸ਼ਮੀਰ ਦਾ ਮੁੱਦਾ ਚੁੱਕਦਿਆਂ ਇਸ ਨੂੰ ਅਹਿਮ ਮੁੱਦਾ ਕਰਾਰ ਦਿੱਤਾ। ਉਨ੍ਹਾਂ ਅਪਰੈਲ 2025 ਵਿੱਚ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧੇ ਤਣਾਅ ਦਾ ਵੀ ਜ਼ਿਕਰ ਕੀਤਾ ਜਿਸ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ। ਦੂਜੇ ਪਾਸੇ ਭਾਰਤ ਦਾ ਦੋਸ਼ ਹੈ ਕਿ ਹਮਲੇ ਵਿੱਚ ਸ਼ਾਮਲ ਅਤਿਵਾਦੀਆਂ ਨੂੰ ਪਾਕਿਸਤਾਨ ਦੀ ਹਮਾਇਤ ਹਾਸਲ ਸੀ। ਸ਼ਾਹਬਾਜ਼ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਸੈਨਾ ਨੇ ਫੀਲਡ ਮਾਰਸ਼ਲ ਅਸੀਮ ਮੁਨੀਰ ਦੀ ਅਗਵਾਈ ਹੇਠ ਇਸ ਦਾ ਢੁਕਵਾਂ ਜਵਾਬ ਦਿੱਤਾ ਗਿਆ ਸੀ।
ਸ਼ਾਹਬਾਜ਼ ਸ਼ਰੀਫ ਨੇ ਅਮਰੀਕੀ ਰਾਸ਼ਟਰਪਤੀ ਦੀ ਪ੍ਰਸੰਸਾ ਕੀਤੀ
ਸ਼ਾਹਬਾਜ਼ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਮਈ 2025 ਵਿੱਚ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਘਟਾਉਣ ਅਤੇ ਜੰਗ ਵਰਗੀ ਸਥਿਤੀ ਟਾਲਣ ਵਿੱਚ ਉਨ੍ਹਾਂ ਦੀ ਭੂਮਿਕਾ ਬਹੁਤ ਅਹਿਮ ਰਹੀ ਹੈ ਅਤੇ ਟਰੰਪ ਦੀਆਂ ਕੋਸ਼ਿਸ਼ਾਂ ਨਾਲ ਵੱਡਾ ਟਕਰਾਅ ਟਲ ਗਿਆ। ਉਨ੍ਹਾਂ ਕਿਹਾ ਕਿ ਦੱਖਣੀ ਏਸ਼ੀਆ ਵਿੱਚ ਮੁੜ ਅਜਿਹੇ ਹਾਲਾਤ ਨਹੀਂ ਬਣਨੇ ਚਾਹੀਦੇ ਅਤੇ ਇਸ ਲਈ ਕਸ਼ਮੀਰ ਮੁੱਦੇ ਦਾ ਹੱਲ ਹੋਣਾ ਬਹੁਤ ਜ਼ਰੂਰੀ ਹੈ। ਯੂ.ਐੱਨ.ਜੀ.ਏ. ਵਿੱਚ ਸ਼ਾਹਬਾਜ਼ ਸ਼ਰੀਫ਼ ਦੇ ਇਨ੍ਹਾਂ ਦਾਅਵਿਆਂ ਦਾ ਭਾਰਤੀ ਅਧਿਕਾਰੀ ਗਹਿਲੋਤ ਨੇ ਰਾਈਟ ਆਫ਼ ਰਿਪਲਾਈ ਤਹਿਤ ਕਰਾਰਾ ਜਵਾਬ ਦਿੱਤਾ। ਗਹਿਲੋਤ ਨੇ ਸਾਫ਼ ਕਰ ਦਿੱਤਾ ਕਿ ਪਾਕਿਸਤਾਨ ਸਾਲ-ਦਰ-ਸਾਲ ਝੂਠ ਨੂੰ ਦੋਹਰਾ ਕੇ ਉਸ ਨੂੰ ਸੱਚ ਨਹੀਂ ਬਣਾ ਸਕਦਾ।

