ਪੰਜਾਬ ਦਾ ਬੋਧੀ ਇਤਿਹਾਸ
(ਇਤਿਹਾਸ)
ਹਰਮੇਸ਼ ਜੱਸਲ
ਮੁੱਲ : 600, ਸਫ਼ੇ : 368
ਪ੍ਰਕਾਸ਼ਕ : ਮਲਿਂਦ ਪ੍ਰਕਾਸ਼ਨ, ਸਿਧਾਰਥ ਨਗਰ, ਜਲੰਧਰ
ਸਕੂਲਾਂ ਤੇ ਕਾਲਜਾਂ ਵਿੱਚ ਹੁਣ ਤੱਕ ਪੰਜਾਬ ਦਾ ਇਤਿਹਾਸ, ਸਿੱਖ ਇਤਿਹਾਸ ਦੇ ਨਾਂ ਉੱਤੇ ਹੀ ਪੜ੍ਹਾਇਆ ਜੇ ਸਮਝਾਇਆ ਜਾਂਦਾ ਰਿਹਾ ਹੈ| ਪਰ ਇਹ ਪੂਰਾ ਸੱਚ ਨਹੀਂ ਹੈ| ਪੰਜਾਬ ਦੇ ਸਿੱਖ ਇਤਿਹਾਸ ਦੇ ਸਮਾਨਾਂਤਰ ਸਾਨੂੰ ਪੰਜਾਬ ਦੇ ਬੁੱਧ ਧਰਮ ਦੇ ਇਤਿਹਾਸ ਨੂੰ ਵੀ ਰੱਖਣਾ ਪਵੇਗਾ ਤਾਂ ਹੀ ਸਮੁੱਚੇ ਪੰਜਾਬ ਦੇ ਇਤਿਹਾਸ ਨੂੰ ਸਮਝ ਸਕਦੇ ਹਾਂ|
ਇਤਿਹਾਸ, ਸਰੋਤਾਂ ਦੇ ਅਧਾਰ ’ਤੇ ਲਿਖਿਆ ਜਾਂਦਾ ਹੈ| ਸਰੋਤ ਇਕੱਠੇ ਕਰਨ ਉਪਰੰਤ ਖੋਜੀ ਉਸ ਦੀ ਪ੍ਰਮਾਣਿਕਤਾ ਦੀ ਪਰਖ ਕਰਦਾ ਹੈ ਉਪਰੰਤ ਲਿਖੇ ਜਾ üੱਕੇ ਇਤਿਹਾਸ ਨੂੰ ਵਾਚਦਾ ਹੈ ਅਤੇ ਇਕੱਤਰ ਕੀਤੇ ਸਰੋਤਾਂ ਦੇ ਅਧਾਰ ਉੱਤੇ ਕੁਝ ਪ੍ਰਚੱਲਤ ਧਾਰਨਾਵਾਂ ਦਾ ਪ੍ਰਗਟਾਵਾ ਕਰਦਾ ਹੈ ਕੁਝ ਆਪਣੀਆਂ ਧਾਰਨਾਵਾਂ ਦੀ ਸਿਰਜਣਾ ਕਰਦਾ ਹੈ| ਕੁਝ ਸਰੋਤ ਅਜਿਹੇ ਹੁੰਦੇ ਹਨ ਜਿਸ ਦੇ ਅਧਾਰ ਉੱਤੇ ਇਤਿਹਾਸਕਾਰ ਅੰਦਾਜ਼ੇ ਲਗਾਉਂਦਾ ਹੈ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ ਜਾਂ ਹੋਇਆ ਹੈ| ਉਸ ਤੋਂ ਉਪਰੰਤ ਹਰ ਇਤਿਹਾਸਕਾਰ ਦੀ ਆਪਣੀ ਇਕ ਦ੍ਰਿਸ਼ਟੀ ਹੁੰਦੀ ਹੈ ਉਸ ਨੇ ਇਤਿਹਾਸ ਕਿਸ ਦ੍ਰਿਸ਼ਟੀਕੋਣ ਤੋਂ ਲਿਖਣਾ ਹੈ| ਸੋ ਇਨ੍ਹਾਂ ਉਪਰੋਕਤ ਸੂਰਤਾਂ ਦੇ ਹਵਾਲਿਆਂ ਦੇ ਨਾਲ ਮੈਂ ‘ਪੰਜਾਬ ਦਾ ਬੋਧੀ ਇਤਿਹਾਸ’ (ਰਾਜਸੀ ਅਤੇ ਪੁਰਾਤੱਤਵ ਬੱੁਧ ਤੋਂ ਹਰਸ਼ਵਰਧਨ ਤੱਕ) ਕਿਤਾਬ ਬਾਰੇ ਗੱਲ ਕਰਾਗਾਂ| ਇਸ ਕਿਤਾਬ ਦੇ ਲੇਖਕ ਹਰਮੇਸ਼ ਜੱਸਲ ਹਨ|
ਹਰਮੇਸ਼ ਜੱਸਲ ਪੰਜਾਬ ਦੇ ਬੁੱਧੀ ਇਤਿਹਾਸ ਉੱਤੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ| ਉਨ੍ਹਾਂ ਨੇ ਇਤਿਹਾਸ ਲਿਖਣ ਲਈ ਬਹੁਤ ਸਾਰੇ ਸਰੋਤਾਂ ਨੂੰ ਇਕੱਠਾ ਕੀਤਾ| ਪੰਜਾਬ ਵਿੱਚ ਜਿੱਥੇ ਜਿੱਥੇ ਬੁੱਧ ਨਾਲ ਸਬੰਧਤ ਸਰੋਤ ਮਿਲੇ ਉਨ੍ਹਾਂ ਨੂੰ ਦੇਖਿਆ ਤੇ ਸਮਝਿਆ| ਬਹੁਤ ਸਾਰੇ ਥੇਹਾਂ ਦੀ ਪਰਖ ਕੀਤੀ| ਖੁਦਾਈ ਦੌਰਾਨ ਜੋ ਤੱਥ ਤੇ ਖੰਡਰ, ਮੂਰਤੀਆਂ, ਸਿੱਕੇ ਮਿਲੇ ਅਤੇ ਇਤਿਹਾਸਕਾਰਾਂ ਨੇ ਇਨ੍ਹਾਂ ਬਾਰੇ ਜੋ ਵਿਆਖਿਆਵਾਂ ਕੀਤੀਆਂ ਉਨ੍ਹਾਂ ਨੂੰ ਵਾਚਿਆ| ਉਸ ਦੇ ਨਾਲ ਨਾਲ ਉਨ੍ਹਾਂ ਉੱਤਰੀ ਭਾਰਤ ਦੇ ਪੰਜਾਬ ਨਾਲ ਲੱਗਦੇ ਇਲਾਕਿਆਂ ਵਿੱਚ ਬੁੱਧ ਦੇ ਫੈਲਾਓ ਤੇ ਸਰੋਤਾਂ ਤੇ ਰਾਜਿਆਂ ਦੀ ਰਾਜਸੀ, ਸਮਾਜਿਕ ਅਤੇ ਭੂਗੋਲਿਕ ਸਥਿਤੀ ਨੂੰ ਸਮਝਿਆ| ਕਿਉਂਕਿ ਹਰਮੇਸ਼ ਜੱਸਲ ਹੁਰੀਂ ਅੰਬੇਡਕਰੀ ਵਿਚਾਰਧਾਰਾ ਪ੍ਰਤੀ ਪ੍ਰਤੀਬੱਧ ਹਨ ਤੇ ਉਨ੍ਹਾਂ ਨੇ ‘ਪੰਜਾਬ ਦਾ ਬੋਧੀ ਇਤਿਹਾਸ’ ਦੀ ਪਰਖ ਉਸੇ ਦ੍ਰਿਸ਼ਟੀ ਨਾਲ ਕੀਤੀ ਹੈ| ਉਨ੍ਹਾਂ ਨੇ ਇਸ ਲਈ ਅੰਬੇਡਕਰ ਦੀ ਬੁੱਧ ਧਰਮ ਦੀ ਕਿਤਾਬ ‘ਭਗਵਾਨ ਬੁੱਧ ਤੇ ਉਨ੍ਹਾਂ ਦਾ ਧਰਮ’ ਦੇ ਹਵਾਲੇ ਤੇ ਟੂਕਾਂ ਆਪਣੀਆਂ ਧਾਰਨਾਵਾਂ ਦੀ ਪ੍ਰੋੜਤਾ ਕਰਨ ਲਈ ਅਨੇਕਾਂ ਵਾਰ ਵਰਤੀਆਂ ਹਨ| ਲੇਖਕ ਨੇ ਬੁੱਧ ਧਰਮ ਦਾ ਇਤਿਹਾਸ ਲਿਖਣ ਲਈ ਪੁਰਾਣੇ ਪੰਜਾਬ ਨੂੰ ਲਿਆ ਹੈ| ਉਹ ਪੰਜਾਬ ਜਿਸ ਵਿੱਚੋਂ ਹਿਮਾਚਲ, ਹਰਿਆਣਾ ਅਤੇ ਪਾਕਿਸਤਾਨ ਵਿੱਚ ਚਲੇ ਗਏ ਪੰਜਾਬ ਦਾ ਕੁਝ ਹਿੱਸਾ ਵੀ ਹੈ| ਇਹਦੇ ਨਾਲ ਨਾਲ ਲੇਖਕ ਨੇ ਪੰਜਾਬ ਦੇ ਨਾਲ ਲੱਗਦੇ ਸਾਸ਼ਕਾਂ ਤੇ ਰਾਜਾਂ ਵਿੱਚ ਫੈਲੇ ਬੁੱਧ ਧਰਮ ਦੇ ਇਤਿਹਾਸ ਦਾ ਜ਼ਿਕਰ ਕੀਤਾ ਹੈ| ਪੰਜਾਬ ਦੇ ਪ੍ਰਚੀਨ ਬੁੱਧ ਕੇਂਦਰਾਂ ਦੀ ਨਿਸ਼ਾਨਦੇਹੀ ਕਰਨ ਲਈ ਲੇਖਕ ਹਿੳੂਨਸਾਂਗ ਦੇ ਹਵਾਲੇ ਨਾਲ ਅਤੇ ਉਨ੍ਹਾਂ ਵੱਲੋਂ ਲਿਖੇ ਆਪਣੇ ਯਾਤਰਾਂ ਬਿਰਤਾਂਤ ਵਿੱਚੋਂ ਹਵਾਲੇ ਲੈ ਕੇ ਪੰਜਾਬ ਦੇ ਤਕਰੀਬਨ 50 ਬੁੱਧ ਵਿਹਾਰਾਂ ਦੀ ਨਿਸ਼ਾਨਦੇਹੀ ਕਰਦਾ ਹੈ| ਲੇਖਕ ਆਪਣੇ ਠੋਸ ਹਵਾਲਿਆਂ ਦੇ ਨਾਲ ਇਹ ਸਿੱਧ ਕਰਦਾ ਹੈ ਕਿ ਪੰਜਾਬ ਦੀ ਧਰਤੀ ਬੁੱਧ ਧਰਮ ਦੇ ਪ੍ਰਚੀਨ ਕੇਂਦਰ ਵੱਜੋਂ ਪ੍ਰਸਿੱਧ ਸੀ| ਇਸ ਧਾਰਨਾ ਨੂੰ ਪ੍ਰਪੱਖ ਕਰਨ ਲਈ ਉਹ 1985 ਵਿੱਚ ਉੱਚਾ ਪਿੰਡ ਸੰਘੋਲ ਵਿੱਚ ਹੋਈ ਖੁਦਾਈ ਦਾ ਜ਼ਿਕਰ ਕਰਦਾ ਹੈ ਜਿਸ ਨਾਲ ਪ੍ਰਚੀਨ ਇਤਿਹਾਸ ਦੇ ਅਨੇਕਾਂ ਸਫ਼ੇ ਨਵੇਂ ਲਿਖੇ ਗਏ ਅਤੇ ਅਨੇਕਾਂ ਧਾਰਨਾਵਾਂ ਪ੍ਰਪੱਕ ਹੋਈਆਂ| ਖੁਦਾਈ ਚੋਂ ਐਨੇ ਅਵਸ਼ੇਸ਼ ਮਿਲੇ ਜਿਸ ਨਾਲ ਟਰੱਕ ਭਰਿਆ ਜਾ ਸਕਦਾ ਹੈ|
ਕਿਤਾਬ ਵਿੱਚ ਲੇਖਕ ਇਹ ਵੀ ਸਬੂਤ ਦਿੰਦਾ ਹੈ ਕਿ ਮਹਾਤਮਾ ਬੁੱਧ ਪ੍ਰਚੀਨ ਪੰਜਾਬ ਦੇ ਵੱਖ ਵੱਖ ਸਥਾਨਾਂ ਉੱਤੇ ਆਇਆ ਅਤੇ ਪੰਜਾਬ ਵਿੱਚੋਂ ਅੱਗੇ ਜਾਣ ਲਈ ਲੰਘਿਆ ਵੀ| ਪੰਜਾਬ ਰਾਹੀ ਉਹ ਟੈਕਸਿਲਾ ਪੁੱਜਦਾ ਹੈ| ਇਤਿਹਾਸਕਾਰ ਇਸ ਗੱਲ ਦਾ ਹਵਾਲਾ ਵੀ ਦਿੰਦੇ ਹਨ ਕਿ ਮਹਾਤਮਾ ਬੁੱਧ ਨੇ ਪੰਜਾਬ ਦੇ ਕੁਰੂ ਨਾਂ ਦੇ ਪਿੰਡ ’ਚ ਉਪਦੇਸ਼ ਦਿੱਤਾ ਸੀ| ਪੰਜਾਬ ਦੇ ਅਨੇਕਾਂ ਸਥਾਨਾਂ ਉੱਤੇ ਖੁਦਾਈ ਦੌਰਾਨ ਬੋਧੀ ਸਤੂਪ ਦੇ ਨਿਸ਼ਾਨ ਤੇ ਚਿੰਨ ਪ੍ਰਾਪਤ ਹੁੰਦੇ ਹਨ|
ਲੇਖਕ ਹਿੳਨਸਾਂਗ ਦੇ ਹਵਾਲੇ ਨਾਲ ਇਹ ਵੀ ਕਹਿੰਦਾ ਹੈ ਕਿ ਉਸ ਨੇ ਇਕੱਲੇ ਜਲੰਧਰ ਵਿੱਚ 50 ਦੇ ਕਰੀਬ ਬੁੱਧ ਵਿਹਾਰ ਦੇਖੇ ਸਨ| ਇਨ੍ਹਾਂ ਵਿੱਚ 2000 ਭਿੱਖੂ ਸਨ| ਨਗਰਧਨ ਬੁੱਧ ਵਿਹਾਰ ਵਿੱਚ ਹਿੳਨਸਾਂਗ ਚਾਰ ਮਹੀਨੇ ਰਹਿੰਦਾ ਵੀ ਹੈ| ਲੇਖਕ ਸਤਦਰੂ ਦੀ ਨਿਸ਼ਾਨਦੇਹੀ ‘ਸੰਘੋਲ’ ਨਾਲ ਕਰਦਾ ਹੈ| ਇਹ ਯਾਤਰੀ ਪੰਜਾਬ ਦੇ ਵੱਖ ਵੱਖ ਥਾਵਾਂ ਉੱਤੇ ਬੁੱਧ ਸਤੰਭਾਂ ਦਾ ਜ਼ਿਕਰ ਕਰਦਾ ਹੈ| ਇਹ ਸਤੰਭ ਅਸ਼ੋਕ ਵੱਲੋਂ ਨਿਰਮਾਣ ਕੀਤੇ ਤੇ ਲਗਾਏ ਜਾਂਦੇ ਹਨ| ਇਕ ਸਤੰਭ ਜਿਹੜਾ ਕਿ ਅੰਬਾਲੇ ਦੇ ਪਿੰਡ ਟੋਪਰਾ ਵਿਖੇ ਸਥਿਤ ਹੈ| ਇਸੇ ਤਰ੍ਹਾਂ ਇਤਿਹਾਸ ਵਿੱਚ ਪੱਟੀ ਸ਼ਹਿਰ ਦਾ ਜ਼ਿਕਰ ਆਉਂਦਾ ਹੈ, ਜਿਸ ਦਾ ਪ੍ਰਚੀਨ ਨਾਂ ਚਿਨਾਪੱਟੀ ਸੀ|
ਡਾ. ਸੁਰਿੰਦਰ ਅਜਨਾਤ ਵੱਲੋਂ ਲਿਖੀ ਭੂਮਿਕਾ ਵਿੱਚ ਉਹ ਸਮਕਾਲ ਦੇ ਸਮੇਂ ਬੁੱਧ ਧਰਮ ਬਾਰੇ ਲਿਖਦਾ ਹੈ ਕਿ ਹੁਣ ਪੰਜਾਬ ਵਿੱਚ 22 ਬੁੱਧ ਵਿਹਾਰ ਹਨ| ਜਿੱਥੇ ਭਿੱਖੂ ਸਮੇਂ ਸਮੇਂ ਸਮਾਗਮ ਕਰਵਾਉਂਦੇ ਹਨ| ਡਾ. ਅਜਨਾਤ ਆਪਣੀ ਭੂਮਿਕਾ ਵਿੱਚ ਇਕ ਸਵਾਲ ਵੀ ਉਠਾਉਂਦਾ ਹੈ ਜਿਹੜਾ ਕਾਫੀ ਗੰਭੀਰ ਹੈ| ਉਹ ਕਹਿੰਦਾ ਹੈ ਕਿ ਤਕਸ਼ਿਲਾ, ਨਾਲੰਦਾ, ਵਿਕਰਮਾਸ਼ਿਲਾ ਵਿਖੇ ਜਿਹੜੇ ਬੋਧੀ ਸਾਹਿਤ ਦੇ ਅਧਿਐਨ ਕੇਂਦਰ ਸਨ ਕੀ ਉੱਥੇ ਦਲਿਤ ਵੀ ਪੜ੍ਹਦੇ ਲਿਖਦੇ ਅਤੇ ਬੋਧੀ ਗ੍ਰੰਥਾਂ ਦਾ ਅਧਿਐਨ ਕਰਦੇ ਸਨ? ਜੇ ਹਾਂ ਤਾਂ ਇਹ ਦਾਅਵਾ ਗ਼ਲਤ ਹੋ ਜਾਂਦਾ ਹੈ ਕਿ ਪ੍ਰਚੀਨ ਕਾਲ ਵਿੱਚ ਦਲਿਤਾਂ ਨੂੰ ਪੜ੍ਹਨ ਨਹੀਂ ਸੀ ਦਿੱਤਾ ਜਾਂਦਾ| ਜੇ ਨਹੀਂ ਪੜ੍ਹਦਾ ਸਨ ਜਾਂ ਉਨ੍ਹਾਂ ਦਾ ਪ੍ਰਵੇਸ਼ ਵਰਜਿਤ ਸੀ ਤਾਂ ਕਿਉਂ| ਕੀ ਉਨ੍ਹਾਂ ਦੇ ਪ੍ਰਵੇਸ਼ ਤੇ ਪਾਬੰਦੀ ਸੀ| ਤਾਂ ਉਹ ਅੱਗੇ ਸਵਾਲ ਕਰਦੇ ਹਨ ਕਿ ਫਿਰ ਬ੍ਰਾਹਮਣਵਾਦ ਤੇ ਬੁੱਧ ਧਰਮ ਵਿੱਚ ਫਰਕ ਹੀ ਕੀ ਸੀ? ਉਹ ਸਵਾਲ ਕਰਦਾ ਹੈ ਕਿ ਦਲਿਤਾਂ ਦੀ ਅਨਪੜ੍ਹਤਾ ਦੇ ਕਾਰਨ ਸਾਹਮਣੇ ਆਉਣੇ ਚਾਹੀਦੇ ਹਨ| ਇਕ ਹੋਰ ਸਵਾਲ ਵੀ ਉੱਠਦਾ ਹੈ ਕਿ ਪ੍ਰਚੀਨ ਸਮੇਂ ਜਦੋਂ ਬੁੱਧ ਧਰਮ ਦਾ ਪੂਰੇ ਭਾਰਤ ਵਿੱਚ ਬਹੁਤ ਫੈਲਾ ਸੀ ਤਾਂ ਸਾਰੇ ਦਲਿਤ ਬੋਧੀ ਸਨ? ਫਿਰ ਉਹ ਦਲਿਤ ਕਿਵੇਂ ਬਣੇ? ਇਕ ਧਾਰਨਾ ਇਹ ਵੀ ਹੈ ਕਿ ਦਲਿਤਾਂ ਦਾ ਮੁੱਢਲਾ ਪ੍ਰਚੀਨ ਧਰਮ ਬੁੱਧ ਧਰਮ ਸੀ? ਅਜਿਹੇ ਸਵਾਲ ਡਾ. ਅਜਨਾਤ ਨੇ ਭੂਮਿਕਾ ਵਿੱਚ ਉਠਾਏ ਹਨ|
ਪੰਜਾਬ ਦਾ ਬੋਧੀ ਇਤਿਹਾਸ ਲਿਖਦਿਆ ਲੇਖਕ ਵਿਸ਼ੇ ਨੂੰ ਜੜ੍ਹਾਂ ਤੋਂ ਫੜਦਾ ਹੈ| ਉਸ ਦੀ ਧਾਰਨਾ ਹੈ ਕਿ ਪੰਜਾਬ ਦੇ ਬੁੱਧ ਧਰਮ ਦੇ ਬਾਰੇ ਜਾਨਣ ਲਈ ਪੰਜਾਬ ਦੀ ਰਾਜਨੀਤਿਕ ਸਮਾਜਿਕ ਤੇ ਪ੍ਰਕ੍ਰਿਤਿਕ ਭੂਗੋਲ ਨੂੰ ਸਮਝਣਾ ਜ਼ਰੂਰੀ ਹੈ| ਅੰਬੇਡਕਰ ਦੇ ਹਵਾਲੇ ਨਾਲ ਲੇਖਕ 16 ਜਨਪਦ ਰਾਜਾ ਦਾ ਜਿਕਰ ਕਰਦਾ ਹੈ ਜਿਨ੍ਹਾਂ ਰਾਜਾ ਦੀ ਜ਼ਮੀਨ ਉੱਤੇ ਬੁੱਧ ਧਰਮ ਫੈਲਦਾ ਹੈ| ਫਿਰ ਉਹ ਗਣਰਾਜ ਦਾ ਜ਼ਿਕਰ ਕਰਦਾ ਹੋਇਆ ਅਵੰਤੀ (ਮਾਲਵਾ), ਗੰਧਾਰ (ਪੇਸ਼ਾਵਰ) ਅਤੇ ਰਾਵਲਪਿੰਡੀ (ਪਾਕਿਸਤਾਨ) ਸਿਬੀ ਅਤੇ ਵਸਾਰਨਾ (ਪੰਜਾਬ ਜਾ ਰਾਜਪੂਤਾਨਾ) ਅਤੇ ਸ਼ੇਰ ਕੋਟ ਦਾ ਜ਼ਿਕਰ ਕਰਦਾ ਹੈ ਜੋ ਜੇਲ੍ਹਮ ਤੇ ਚਿਨਾਬ ਨਦੀਆਂ ਦੇ ਸੰਗਮ ਦੇ ਨਾਲ-ਨਾਲ ਵੱਸਿਆ ਸੀ| ਇਸੇ ਤਰ੍ਹਾਂ ਮਦਰ ਰਾਸ਼ਟਰ (ਮਦਰੱਠ) ਗਭਲੇ ਪੰਜਾਬ ’ਚ, ਰਾਵੀ ਅਤੇ ਚਿਨਾਬ ਦੇ ਵਿਚਕਾਰਲਾ ਇਲਾਕਾ, ਸਿਆਲਕੋਟ ਦੇ ਪਜਸਕ ਨਗਰਾਂ ਦਾ ਹਵਾਲਾ ਦਿੰਦਾ ਹੈ ਜਿੱਥੇ ਬੁੱਧ ਧਰਮ ਦਾ ਪਸਾਰ ਹੁੰਦਾ ਹੈ| ਇਨ੍ਹਾਂ ਸਥਾਨਾਂ ਤੋਂ ਖੁਦਾਈ ਦੌਰਾਨ ਜੋ ਅਵਸ਼ੇਸ ਮਿਲੇ ਉਨ੍ਹਾਂ ਦੇ ਅਧਾਰ ਉੱਤੇ ਇਹ ਧਾਰਨਾਵਾਂ ਬਣਦੀਆਂ ਹਨ ਕਿ ਇੱਥੇ ਬੁੱਧ ਧਰਮ ਦਾ ਪਸਾਰ ਵੱਡੀ ਮਾਤਰਾ ਵਿੱਚ ਸੀ|
ਲੇਖਕ ਵੱਖ ਵੱਖ ਸਥਾਨਾਂ ਉੱਤੇ ਮਿਲੇ ਸਿੱਖਿਆ ਦੇ ਅਧਾਰ ਉੱਤੇ ਕੁਝ ਧਾਰਨਾਵਾਂ ਬਣਾਉਂਦਾ ਹੈ ਕਿ ਪੰਜਾਬ ’ਚ ਕਈ ਕਬੀਲੇ ਗਣਰਾਜ ਸਨ| ਇਸੇ ਤਰ੍ਹਾਂ ਰਾਵੀ ਤੇ ਸਤਲੁਜ ਖੇਤਰ ਦੇ ਹਵਾਲੇ ਨਾਲ ਲੇਖਕ ਗੱਲ ਕਰਦਾ ਹੈ ਜਿਸ ਸਥਾਨ ਉੱਤੇ ਜਲੰਧਰ ਦਾ ਇਲਾਕਾ ਹੈ| ਇਨ੍ਹਾਂ ਖੇਤਰਾਂ ਵਿੱਚ ਅਦੁੰਬਗਰਾਂ, ਕੁਨਿੰਦ ਦਾ ਰਾਜ ਸੀ ਯੋਧਏ ਦੇ ਕਬਜ਼ੇ ਹੇਠ ਲੁਧਿਆਣਾ, ਸੰਬਾਲਾ, ਕਰਨਾਲ, ਰੋਹਤਕ, ਹਿਸਾਰ ਜਿਲ੍ਹੇ ਸਨ| ਇਨ੍ਹਾਂ ਇਲਾਕਿਆ ਦੀ ਪਿੱਠ ਭੂਮੀ ਤੇ ਬਾਅਦ ਵਿੱਚ ਬੁੱਧ ਧਰਮ ਦਾ ਫੈਲਦਾ ਹੈ|
ਪੰਜਾਬ ਤੇ ਉਸ ਦੇ ਆਸ ਪਾਸ ਦੇ ਰਾਜਾਂ ਵਿੱਚ ਬੁੱਧ ਧਰਮ ਦੇ ਆਗਮਨ ਦੀ ਪੜਤਾਲ ਕਰਨ ਲਈ ਕੁਝ ਸੂਤਰ ਲੱਭਣ ਲਈ ਲੇਖਕ ਅੰਬੇਡਕਰ ਦੀਆਂ ਲਿਖਤਾਂ ਦਾ ਹਵਾਲਾ ਦਿੰਦਾ ਹੈ| ਬੁੱਧ ਧਰਮ 45 ਸਾਲ ‘ਧੱਮ’ ਦੇ ਪ੍ਰਚਾਰ ਲਈ ਘਰ, ਦੇਸ ਛੱਡ ਕੇ ਬੁੱਧ ਘਰੋਂ ਬਾਹਰ ਰਹਿੰਦਾ ਹੈ| ਇਨ੍ਹਾਂ ਸਾਲਾਂ ਵਿੱਚ ਬੁੱਧ ਕਿੱਥੇ ਕਿੱਥੇ ਜਾਂਦਾ ਹੈ| ਇਹਦੇ ਤੱਥ ਵੀ ਲੇਖਕ ਲੱਭਦਾ ਤੇ ਉਨ੍ਹਾਂ ਦਾ ਅਧਿਐਨ ਕਰਦਾ ਹੈ| ਇਸ ਦੌਰਾਨ ‘ਕੁਰੂ’ ਦਾ ਜ਼ਿਕਰ ਕਰਦਾ ਹੈ| ਕੁਰੂ ਦੇਸ਼ ਕੁਰੂਕਸ਼ੇਤਰ ਜਾਂ ਥਾਨੇਸਵਰ ਨੂੰ ਮੰਨਿਆ ਗਿਆ ਹੈ| ਲੇਖਕ ਲਿਖਦਾ ਹੈ ਕਿ ‘ਤਥਾਗਤ ਬੁੱਧ ਕੁਰੂ ਦੇਸ ਦੀ ਯਾਤਰਾ ਦੌਰਾਨ ਅਕਸਰ ਕੁਰੂ ਲੋਕਾਂ ਦੇ ਵਾਪਰਕ ਕਸਬੇ ਕਮਸਧੰਮ ਠਹਿਰਦੇ ਸਨ| ਇੱਥੇ ਠਹਿਰਣ ਵੇਲੇ ਬੁੱਧ ਦੇ ‘ਸੁੱਤ’ ਉਚਾਰਨ ਕੀਤੇ|’’ ਪੰਨਾ-47)
ਇਸੇ ਤਰ੍ਹਾਂ ‘ਕੱਮਸਧੱਮ’ ਦਾ ਜ਼ਿਕਰ ਹੈ| ਜਿਸ ਨੂੰ ਲੇਖਕ ਅੱਜ ਦਾ ‘ਕੈਥਲ’ ਲਿਖਦਾ ਹੈ ਜੋ ਕਰਨਾਲ ਦੇ ਪੱਛਮ ਵੱਲ 38 ਮੀਲ ਦੂਰ ਕਸਬਾ ਹੈ| ਇਸੇ ਤਰ੍ਹਾਂ ਸਰੂਘਨ (ਸੰਗ) ਕਲੂਤ (ਕੁੱਲੂ), ਤੱਕੀ (ਗੁਜਰਾਵਾਲਾ, ਪਾਕਿ. ਅਮਰੂਰ) ਅੰਮੁੱਤਰਪ (ਅਗਣੋਹ)| ਲੇਖਕ ਅੱਗੇ ਲਿਖਦਾ ਹੈ, ‘‘ਪੁਰਾਤਨ ਸਮਿਆਂ ਵਿੱਚ ਇੱਥੋਂ ਦੀ ਇਕ ਪ੍ਰਸਿੱਧ ਵਾਪਰਕ ਰਸਤਾ ਸੀ ਜੋ ਸਿਆਲਕੋਟ, ਅਗਰੋਹ ਅਤੇ ਰੋਹਤਕ, ਸੰਘੋਲ, ਸੁਨੇਤਰਾ, ਫ਼ਲਕਪੁਰ (ਫਿਲੌਰ) ਅਤੇ ਜਲੰਧਰ) ਥਾਣੀ ਲੰਘਦਾ ਹੋਇਆ ਤਕਸ਼ਿਲਾ ਨੂੰ ਗੰਗਾ ਦੀ ਵਾਦੀ ਨਾਲ ਜੋੜਦਾ ਸੀ| ਅਨੁਮਾਨ ਲਾਇਆ ਜਾਂਦਾ ਹੈ ਕਿ ਗੌਤਮ ਬੁੱਧ ਇਸੇ ਰਾਹ ਲੰਘੇ ਸਨ| (ਪੰਨਾ-49)ਇਸ ਤਰ੍ਹਾਂ ਕੁਝ ਹੋਰ ਹਵਾਲਿਆਂ ਦੇ ਅਧਾਰ ਉੱਤੇ ਬੁੱਧ ਦੇ ਪੰਜਾਬ ਵਿੱਚੋਂ ਲੰਘਣ ਦਾ ਜ਼ਿਕਰ ਕਰਦਾ ਲੇਖਕ ਪੰਜਾਬ ਵਿੱਚ ਬੁੱਧ ਧਰਮ ਦੇ ਪ੍ਰਚਾਰ ਪਸਾਰ ਦਾ ਹਵਾਲਾ ਦਿੰਦਾ ਹੈ| ਇਨ੍ਹਾਂ ਸਥਾਨਾਂ ਉੱਤੇ ਸਥਿਤ ਥੇਹਾਂ ਦੀ ਖੁਦਾਈ ਦੌਰਾਨ ਇਨ੍ਹਾਂ ਸਥਾਨਾਂ ਉੱਤੇ ਬੁੱਧ ਧਰਮ ਦੇ ਅਨੇਕਾਂ ਤਰ੍ਹਾਂ ਦੇ ਸਿੱਕੇ, ਮੂਰਤੀਆਂ, ਭਾਂਢੇ ਤੇ ਹੋਰ ਚਿੰਨ ਪ੍ਰਾਪਤ ਹੋਏ ਸਨ|
ਬੁੱਧ ਦੇ ਸਮਕਾਲੀ ਰਾਜਿਆਂ ਬਾਰੇ ਲੇਖਕ ਵਿਸਥਾਰ ਨਾਲ ਲਿਖਦਾ ਹੈ| ਇਹ ਰਾਜੇ ਬੁੱਧ ਧਰਮ ਦੀ ਸ਼ਰਣ ਵਿੱਚ ਆ ਕੇ ਬੁੱਧ ਧਰਮ ਦੇ ਪ੍ਰਚਾਰ ਲਈ ਸਤੂਪ, ਥੰਮ ਅਤੇ ਹੋਰ ਇਤਿਹਾਸਕ ਭਵਨਾਂ ਦਾ ਨਿਰਮਾਣ ਕਰਦੇ ਹਨ| ਇਸ ਦੇ ਨਾਲ ਉਹ ਸਿੱਕੇ ਤੇ ਮੂਰਤੀਆਂ ਦਾ ਨਿਰਮਾਣ ਵੀ ਕਰਦੇ ਸਨ| ਬਾਅਦ ਵਿੱਚ ਕਈ ਸਾਲਾਂ ਵਿੱਚ ਇਨ੍ਹਾਂ ਸਥਾਨਾਂ ਉੱਤੇ ਖੁਦਾਈ ਦੌਰਾਨ ਖੋਜੀਆਂ ਨੂੰ ਇਨ੍ਹਾਂ ਖੰਡਰ ਦੇ ਚਿੰਨ ਪ੍ਰਾਪਤ ਹੋਏ|
ਰਾਜਾ ਬਿੰਬਸਾਰ, ਰਾਜਾ ਅਜਾਤਸ਼ਤਰੂ, ਰਾਜਾ ਪ੍ਰਸੇਨਜਿਤ ਆਦਿ ਰਾਜੇ ਬੁੱਧ ਧਰਮ ਦਾ ਪ੍ਰਚਾਰ ਪਸਾਰ ਕਰਦੇ ਸਨ| ਇਸੇ ਤਰ੍ਹਾਂ ਰਾਜਾ ਨੰਦ, ਚੰਦਰ ਗੁਪਤ, ਬਿੰਦੂਸਾਰ, ਅਸ਼ੋਕ ਮਹਾਨ ਆਦਿ ਨੇ ਆਪਣੇ ਰਾਜ ਕਾਲ ਸਮੇਂ ਸ਼ਿਲਾਲੇਖ, ਬੋਧ ਵਿਹਾਰ, ਬੋਧੀ ਸਤੂਪ, ਸਿੱਕੇ ਤੇ ਹੋਰ ਇਮਾਰਤਾ ਆਪਣੇ ਕਾਲ ’ਚ ਨਿਰਮਾਣ ਕਰਵਾਈਆ| ਅਸ਼ੋਕ ਦੇ ਸਮੇਂ ਦੇ 34 ਸ਼ਿਲਾਲੇਖ ਅਤੇ 84000 ਸਤੂਪਾ ਦਾ ਨਿਰਮਾਣ ਹੋਇਆ| ਯਾਤਰੀ ਫਾਹਿਯਾਨ, ਹਿੳੂਨਸਾਂਗ, ਇਤ ਸਿੰਘ ਨੇ ਇਨ੍ਹਾਂ ਵੱਖ ਵੱਖ ਯਾਦਗਾਰਾਂ ਦਾ ਜ਼ਿਕਰ ਆਪਣੇ ਸਫ਼ਰਨਾਮਿਆਂ ਵਿੱਚ ਕੀਤਾ ਹੈ|
ਪੰਜਾਬ ਦਾ ਇਤਿਹਾਸ ਲਿਖਦਿਆਂ ਲੇਖਕ ਰਾਜਾ ਮਲੰਿਦ ਤੇ ਭਿਖਸ਼ੂ ਨਾਗਸੇਨ ਦਾ ਜ਼ਿਕਰ ਵੀ ਕਰਦਾ ਹੈ ਜਿਨ੍ਹਾਂ ਦੇ ਰਾਜ ਕਾਲ ਸਮੇਂ ਬੁੱਧ ਧਰਮ ਫੈਲਦਾ ਹੈ| ਕੁਸ਼ਾਨ ਰਾਜਾ ਕਨਿਸ਼ਕ, ਨਾਗ ਸੰਸਕ੍ਰਿਤੀ ਅਤੇ ਨਾਗ ਰਾਜੇ ਸਮੇਂ ਫੈਲੇ ਬੁੱਧ ਧਰਮ ਦੇ ਹਵਾਲੇ ਵੀ ਦਿੰਦਾ ਹੈ| ਨਾਗ ਰਾਜਿਆ ਦਾ ਬੁੱਧ ਧਰਮ ਵੱਲ ਝੁਕਾਅ, ਫਿਰ ਬੁੱਧ ਧਰਮ ਦਾ ਪ੍ਰਚਾਰ ਜਿਨ੍ਹਾਂ ਨੇ ਪੁਰੇ ਭਾਰਤ ’ਚ ਬੁੱਧ ਧਰਮ ਦੀਆਂ ਨੀਤੀਆਂ ਤੇ ਸਿੱਖਿਆਵਾਂ ਪੁੱਜਦੀਆਂ ਕੀਤੀਆਂ| ਜ਼ੁਲਮ, ਅਤਿਆਚਾਰ ਕਾਰਨ ਨਾਗ ਲੋਕ ਖ਼ਤਮ ਹੁੰਦੇ ਗਏ ਜੋ ਬਚੇ ਉਹ ਜੰਗਲ ’ਚ ਚਲੇ ਗਏ| ‘ਗੁਪਤ ਕਾਲ ਸਮੇਂ ਬੁੱਧ ਧਰਮ ਦੀ ਕਿਸ ਤਰ੍ਹਾਂ ਦੀ ਸਥਿਤੀ ਸੀ? ਗੁਪਤ ਰਾਜਿਆਂ ਨੇ ਸਮੇਂ ਸਮੇਂ ਜਿੱਥੇ ਬੋਧ ਵਿਹਾਰਾਂ ਦਾ ਨਿਰਮਾਣ ਕੀਤਾ ਉੱਥੇ ਅਜੰਤਾ, ਅਲੋਰਾ, ਅੋਰੰਗਾਬਾਦ ਤੇ ਬਾਘ ਦੀਆਂ ਗੁਫਾਵਾਂ ਵਿਖੇ ਕੀਤੀ ਬੁੱਧ ਸਬੰਧੀ ਚਿੱਤਰਕਾਰੀ ਤੇ ਮੂਰਤੀਆਂ ਦੇ ਹਵਾਲੇ ਨਾਲ ਗੱਲ ਕੀਤੀ ਹੈ| ਇਹ ਸਾਰਾ ਕਾਰਜ ਗੁਪਤ ਕਾਲ ਸਮੇਂ ਹੋਇਆ| ਮਹਾਰਾਜਾ ਹਰਸ਼ ਵਰਧਨ ਦੇ ਰਾਜ ਸਮੇਂ ਬੁੱਧ ਧਰਮ ਦੇ ਫੈਲਾਓ ਦਾ ਵੀ ਲੇਖਕ ਜ਼ਿਕਰ ਕਰਦਾ ਹੈ| ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਬੁੱਧ ਧਰਮ ਇਸੇ ਕਰਕੇ ਪੂਰੇ ਭਾਰਤ ਵਿੱਚ ਤੇਜੀ ਨਾਲ ਫੈਲ ਗਿਆ ਕਿਉਂਕਿ ਇਹ ਧਰਮ ਰਾਜਿਆਂ ਮਹਾਰਾਜਿਆਂ ਨੇ ਆਪਣਾ ਲਿਆ ਤੇ ਬੁੱਧ ਨੂੰ ਸਰਪ੍ਰਸਤੀ ਰਾਜਿਆਂ ਵੱਲੋਂ ਮਿਲ ਗਈ|
ਪੁਸਤਕ ਦੇ ਅਗਲੇ ਭਾਗ ਵਿੱਚ ਲੇਖਕ ਨੇ ਪੁਰਾਤਤੱਵ ਸਰੋਤਾਂ ਦੇ ਅਧਾਰ ਉੱਤੇ ਪੰਜਾਬ ਦੇ ਬੁੱਧ ਧਰਮ ਦੇ ਇਤਿਹਾਸ ਦੀ ਪੜਤਾਲ ਕੀਤੀ ਹੈ| ਇਸ ਅਧਿਐਨ ਵਿੱਚ ਸਿੰਧੂ ਘਾਟੀ ਸੱਭਿਅਤਾ ਦੇ ਪੁਰਾਤਤਵੀ ਅਵਸ਼ੇਸ ਅਹਿਮ ਚੈਪਟਰ ਹੈ| ਅਗਲੇ ਭਾਗ ਦੇ ਸਫ਼ਿਆਂ ਉੱਤੇ ਲੇਖਕ ਪੰਜਾਬ ਦੇ ਉਨ੍ਹਾਂ ਥੇਹਾਂ ਦਾ ਜ਼ਿਕਰ ਕਰਦਾ ਹੈ ਜਿਨ੍ਹਾਂ ਦੀਆਂ ਪੁਰਾਤੱਤਵ ਵਿਭਾਗ ਵੱਲੋਂ ਖੁਦਾਈਆਂ ਕੀਤੀਆਂ ਗਈਆਂ ਅਤੇ ਉਥੇ ਜੋ ਪੱਥਰ, ਮੂਰਤੀਆਂ, ਸਿੱਕੇ, ਬਰਤਨ ਤੇ ਹੋਰ ਸਮੱਗਰੀ ਪ੍ਰਾਪਤ ਹੋਈ| ਉਸ ਦੀ ਪੜਤਾਲ ਉਪਰੰਤ ਇਹ ਧਾਰਨਾਵਾਂ ਬਣੀਆਂ ਕਿ ਪੰਜਾਬ ਦੀ ਧਰਤੀ ਉੱਤੇ ਬੁੱਧ ਧਰਮ ਦਾ ਬਹੁਤ ਗਹਿਰਾ ਪ੍ਰਭਾਵ ਸੀ| ਵੱਡੀ ਗਿਣਤੀ ਵਿੱਚ ਲੋਕਾਂ ਨੇ ਬੁੱਧ ਧਰਮ ਅਪਣਾ ਲਿਆ ਸੀ| ਇਨ੍ਹਾਂ ਥੇਹਾਂ ਵਿੱਚ ਸੰਘੋਲ, ਹਠੂਰ, ਪ੍ਰਾਚੀਨ ਜਲੰਧਰ, ਨਗਰ ਦਾ ਥੇਹ, ਨੂਰ ਮਹਿਲ ਦੀ ਸਰਾਂ, ਸੁਲਤਾਨਪੁਰ ਲੋਧੀ ਦੀ ਸਰਾਂ, ਸਪਰੋੜ ਦਾ ਥੇਹ, ਡੁਮੇਲੀ ਢੋਲਬਾਹਾ, ਜਹੂਰਾ ਥੇਹ, ਹਰਸ਼ ਛੀਨਾ ਥੇਹ, ਕੋਟਲੀ ਬਸਾਵਾ ਸਿੰਘ ਦਾ ਥੇਹ, ਘੋਲੀਆਂ ਧਲੇਵਾਂ ਦਾ ਥੇਹ, ਧੱਮੋ ਮਾਜਰਾ ਛੱਤ ਬੀੜ ਆਦਿ ਥੇਹਾਂ ਦੀ ਨਿਸ਼ਾਨਦੇਹੀ ਕੀਤੀ ਹੈ| ਇਨ੍ਹਾਂ ਦੀ ਖੁਦਾਈ ਤੋਂ ਮਿਲੀਆਂ ਮੂਰਤੀਆਂ ਸਿੱਕੇ ਦੇ ਅਧਾਰ ਉੱਤੇ ਕਿਹਾ ਜਾ ਸਕਦਾ ਹੈ ਕਿ ਪੰਜਾਬ ’ਚ ਬੁੱਧ ਧਰਮ ਵੱਡੀ ਗਿਣਤੀ ’ਚ ਫੈਲਿਆ ਹੋਇਆ ਸੀ| ਸਦੀਆਂ ਪਲਟੀਆਂ, ਯੁੱਗ ਬਦਲੇ ਤੇ ਦਰਿਆਵਾਂ ਦੇ ਵਹਿਣ ਬਦਲੇ ਅਤੇ ਬੁੱਧ ਧਰਮ ਪੰਜਾਬ ਦੀ ਧਰਤੀ ਤੋਂ ਆਲੋਪ ਹੁੰਦਾ ਗਿਆ|
ਲੇਖਕ ਨੇ ਕਿਤਾਬ ਦੇ ਅੰਤ ਵਿੱਚ ‘ਪ੍ਰਚੀਨ ਸਿੱਕੇ ਅਤੇ ਮੋਹਰਾਂ’ ਬਾਰੇ ਵਿਸਥਾਰ ਨਾਲ ਲਿਖਿਆ ਹੈ| ਇਨ੍ਹਾਂ ਸਿੱਕਿਆਂ ਤੇ ਉਕਰੀਆਂ ਮੂਰਤੀਆਂ ਤੇ ਹੋਰ ਚਿੰਨਾਂ ਦੇ ਅਧਾਰ ਉੱਤੇ ਬੁੱਧ ਧਰਮ ਵੇਲੇ ਬੁੱਧ ਧਰਮ ਦੇ ਪ੍ਰਸਾਰ ਦਾ ਸਬੂਤ ਮਿਲਦੇ ਹਨ| ਇਨ੍ਹਾਂ ਥੇਹਾਂ ਵਿੱਚੋਂ ਕੁਝ ਵਸਤੂਆਂ ਬੁੱਧ ਕਾਲ ਦੇ ਸਮੇਂ ਦੀਆਂ ਵੀ ਮਿਲਦੀਆਂ ਰਹੀਆਂ ਹਨ| ਜਿਨ੍ਹਾਂ ਦੇ ਅਧਾਰ ਉੱਤੇ ਕਿਹਾ ਜਾ ਸਸਦਾ ਹੈ ਕਿ ਇਨ੍ਹਾਂ ਸਥਾਨਾਂ ਉੱਤੇ ਬੁੱਧ ਧਰਮ ਦਾ ਫੈਲਾ ਵੱਡੀ ਗਿਣਤੀ ਵਿੱਚ ਹੁੰਦਾ ਹੋਵੇਗਾ|
ਪੰਜਾਬ ਦੇ ਬੁੱਧ ਧਰਮ ਦਾ ਇਤਿਹਾਸ ਲਿਖਦਿਆਂ ਲੇਖਕ ਨੇ ਵਿਸ਼ੇ ਤੋਂ ਪਾਰ ਜਾ ਕੇ ਬਹੁਤ ਸਾਰਾ ਬਿਰਤਾਂਤ ਲਿਖਿਆ ਹੈ| ਆਲੇ ਦੁਆਲੇ ਦਾ ਇਤਿਹਾਸ ਲਿਖਦਿਆਂ ਸਾਨੂੰ ਪੰਜਾਬ ਦੇ ਬੁੱਧ ਧਰਮ ਦੇ ਇਤਿਹਾਸ ਦੀ ਸਮਝ ਆਉਂਦੀ ਹੈ| ਬੁੱਧ ਧਰਮ ਦੇ ਪਸਾਰ ਤੇ ਪ੍ਰਸਾਰ ਵਿੱਚ ਪੰਜਾਬ ਦੀ ਧਰਤੀ ਵੀ ਪਿੱਛੇ ਨਹੀਂ ਰਹੀ| ਸਭ ਤੋਂ ਪਹਿਲਾਂ ਰਾਜਿਆਂ ਨੇ ਬੁੱਧ ਧਰਮ ਨੂੰ ਆਪਣੀ ਸਰਪ੍ਰਸਤੀ ਵਿੱਚ ਲਿਆ ਫਿਰ ਉਨ੍ਹਾਂ ਬੁੱਧ ਧਰਮ ਦੇ ਪ੍ਰਚਾਰ ਲਈ ਬੋਧ ਵਿਹਾਰ ਤੇ ਸਤੂਪਾਂ ਦਾ ਨਿਰਮਾਣ ਕਰਵਾਇਆ ਅਤੇ ਬੁੱਧ ਦੇ ਅਨੇਕਾਂ ਸਿੱਕੇ ਜਾਰੀ ਕੀਤੇ| ਸੱਤਾ ਜਿਸ ਧਰਮ ਨੂੰ ਅਪਣਾ ਲਵੇ ਤਾਂ ਪਰਜ਼ਾ ਨੂੰ ਉਹ ਧਰਮ ਅਪਣਾਉਣਾ ਹੀ ਪੈਂਦਾ ਹੈ| ਪੰਜਾਬ ਸਮੇਤ ਭਾਰਤ ਵਿੱਚ ਐਨੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਬੁੱਧ ਧਰਮ ਅਪਣਾ ਲਿਆ ਫਿਰ ਇਸ ਦਾ ਪੱਤਣ ਕਿਵੇਂ ਹੋਇਆ? ਇਸ ਬਾਰੇ ਕਿਤਾਬ ਖਾਮੋਸ਼ ਰਹਿੰਦੀ ਹੈ| ਫਿਰ ਵੀ ਕਿਤਾਬ ਦੇ ਲੇਖਕ ਹਰਮੇਸ਼ ਜੱਸਲ ਨੇ ਇਕ ਅਨੁਸ਼ਾਸ਼ਨ ਵਿੱਚ ਰਹਿ ਕੇ ਪੰਜਾਬ ਦੇ ਪ੍ਰਸੰਗ ਵਿੱਚ ਬੁੱਧ ਧਰਮ ਦੇ ਫੈਲਣ ਦੇ ਕਾਰਨਾਂ ਨੂੰ ਅਧਾਰ ਬਣਾਇਆ ਹੈ| ਉਸ ਨੇ ਠੋਸ ਸਬੂਤਾ ਤੇ ਸਰੋਤਾਂ ਨਾਲ ਆਪਣੀ ਗੱਲ ਕੀਤੀ ਹੈ| ਇਸ ਨੂੰ ਇਤਿਹਾਸ ਦੀ ਇਕ ਚੰਗੀ ਪੁਸਤਕ ਕਿਹਾ ਜਾ ਸਕਦਾ ਹੈ| ਇਹ ਪੰਜਾਬ ਦੇ ਇਤਿਹਾਸ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਮਿੱਥਾਂ ਨੂੰ ਤੋੜਦੀ ਵੀ ਹੈ| ਮੈਂ ਸਮਝਦਾ ਹੈ ਪੰਜਾਬ ਦੇ ਇਤਿਹਾਸ ਨੂੰ ਦੁਬਾਰਾ ਲਿਖਣ ਦੀ ਜ਼ਰੂਰਤ ਹੈ|

