Asian Games 2026: ਭਾਰਤੀ ਹਾਕੀ ਟੀਮਾਂ ਦੀ ਜੇਤੂ ਸ਼ੁਰੂਆਤ, ਪੁਰਸ਼ ਟੀਮ ਨੇ Indonesia ਨੂੰ 13-1 ਅਤੇ ਮਹਿਲਾ ਟੀਮ ਨੇ Uzbekistan ਨੂੰ 19-0 ਨਾਲ ਹਰਾਇਆ

Asian Games 2026: ਭਾਰਤੀ ਹਾਕੀ ਟੀਮਾਂ ਦੀ ਜੇਤੂ ਸ਼ੁਰੂਆਤ, ਪੁਰਸ਼ ਟੀਮ ਨੇ Indonesia ਨੂੰ 13-1 ਅਤੇ ਮਹਿਲਾ ਟੀਮ ਨੇ Uzbekistan ਨੂੰ 19-0 ਨਾਲ ਹਰਾਇਆ

ਕਾਕਾਮਿਗਾਹਾਰਾ : ਮੌਜੂਦਾ ਚੈਂਪੀਅਨ ਭਾਰਤ ਨੇ ਏਸ਼ਿਆਈ ਖੇਡਾਂ ਦੇ ਹਾਕੀ ਮੁਕਾਬਲੇ ਵਿੱਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਅੱਜ ਪੂਲ ਏ ਦੇ ਆਪਣੇ ਪਹਿਲੇ ਮੈਚ ਵਿੱਚ ਇੰਡੋਨੇਸ਼ੀਆ ਨੂੰ 13-1 ਨਾਲ ਹਰਾ ਦਿੱਤਾ। ਭਾਰਤ ਵੱਲੋਂ ਸਟਰਾਈਕਰ ਦਿਲਪ੍ਰੀਤ ਸਿੰਘ ਨੇ ਸਭ ਤੋਂ ਵੱਧ ਚਾਰ ਗੋਲ (18ਵੇਂ, 19ਵੇਂ, 37ਵੇਂ ਅਤੇ 49ਵੇਂ ਮਿੰਟ) ਕੀਤੇ। ਇਸੇ ਤਰ੍ਹਾਂ ਸ਼ਿਲਾਨੰਦ ਲਾਕੜਾ ਅਤੇ ਸੁਖਜੀਤ ਸਿੰਘ ਨੇ ਦੋ-ਦੋ, ਜਦਕਿ ਅਭਿਸ਼ੇਕ, ਰਾਜਿੰਦਰ ਸਿੰਘ, ਮਨਦੀਪ ਸਿੰਘ, ਕਪਤਾਨ ਹਰਮਨਪ੍ਰੀਤ ਸਿੰਘ ਅਤੇ ਜੁਗਰਾਜ ਸਿੰਘ ਨੇ ਇੱਕ-ਇੱਕ ਗੋਲ ਕਰ ਕੇ ਟੀਮ ਦੀ ਵੱਡੀ ਜਿੱਤ ਪੱਕੀ ਕੀਤੀ। ਇੰਡੋਨੇਸ਼ੀਆ ਵੱਲੋਂ ਇਕਲੌਤਾ ਗੋਲ ਆਉਲੀਆ ਅਲ ਅਰਧ ਨੇ 33ਵੇਂ ਮਿੰਟ ਵਿੱਚ ਕੀਤਾ। ਭਾਰਤ ਦਾ ਅਗਲਾ ਮੁਕਾਬਲਾ ਮੰਗਲਵਾਰ ਨੂੰ ਸ੍ਰੀਲੰਕਾ ਨਾਲ ਹੋਵੇਗਾ। ਭਾਰਤ ਨੇ ਛੇਵੇਂ ਮਿੰਟ ਵਿੱਚ ਹੀ ਸ਼ਿਲਾਨੰਦ ਦੇ ਗੋਲ ਨਾਲ ਖਾਤਾ ਖੋਲ੍ਹ ਲਿਆ ਅਤੇ 12ਵੇਂ ਮਿੰਟ ਵਿੱਚ ਅਭਿਸ਼ੇਕ ਨੇ ਲੀਡ ਦੁੱਗਣੀ ਕਰ ਦਿੱਤੀ। ਅੱਧੇ ਸਮੇਂ ਤੱਕ ਭਾਰਤੀ ਟੀਮ 7-0 ਨਾਲ ਅੱਗੇ ਸੀ। ਦੂਜੇ ਅੱਧ ਵਿੱਚ ਇੰਡੋਨੇਸ਼ੀਆ ਨੇ ਪੈਨਲਟੀ ਕਾਰਨਰ ਰਾਹੀਂ ਇੱਕ ਗੋਲ ਕੀਤਾ, ਪਰ ਭਾਰਤ ਨੇ ਆਪਣਾ ਦਬਦਬਾ ਕਾਇਮ ਰੱਖਦਿਆਂ ਵਿਰੋਧੀ ਟੀਮ ਨੂੰ ਸੰਭਲਣ ਦਾ ਕੋਈ ਮੌਕਾ ਨਹੀਂ ਦਿੱਤਾ।

ਆਪਣੇ ਸ਼ਾਨਦਾਰ ਪ੍ਰਦਰਸ਼ਨ ਬਾਰੇ ਗੱਲ ਕਰਦਿਆਂ ਦਿਲਪ੍ਰੀਤ ਸਿੰਘ ਨੇ ਕਿਹਾ ਕਿ ਇਸ ਜਿੱਤ ਦਾ ਸਿਹਰਾ ਪੂਰੀ ਟੀਮ ਦੇ ਤਾਲਮੇਲ ਨੂੰ ਜਾਂਦਾ ਹੈ। ਟੀਮ ਦਾ ਧਿਆਨ ਸੋਨ ਤਗ਼ਮਾ ਜਿੱਤ ਕੇ 2028 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਲਈ ਸਿੱਧੀ ਟਿਕਟ ਹਾਸਲ ਕਰਨ ’ਤੇ ਹੈ। ਉਸ ਨੇ ਸਪੱਸ਼ਟ ਕੀਤਾ ਕਿ ਇਸ ਟੂਰਨਾਮੈਂਟ ਵਿੱਚ ਕਿਸੇ ਵੀ ਟੀਮ ਨੂੰ ਕਮਜ਼ੋਰ ਨਹੀਂ ਸਮਝਿਆ ਜਾ ਸਕਦਾ ਅਤੇ ਭਾਰਤ ਹਰ ਮੈਚ ਵਿੱਚ ਰਣਨੀਤੀ ਅਨੁਸਾਰ ਅੱਗੇ ਵਧੇਗਾ।

ਮਹਿਲਾ ਟੀਮ ਨੇ ਉਜ਼ਬੇਕਿਸਤਾਨ ਨੂੰ 19-0 ਨਾਲ ਹਰਾਇਆ

ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਏਸ਼ਿਆਈ ਖੇਡਾਂ ਦੇ ਪੂਲ ਬੀ ਦੇ ਆਪਣੇ ਪਹਿਲੇ ਮੈਚ ਵਿੱਚ ਉਜ਼ਬੇਕਿਸਤਾਨ ਨੂੰ 19-0 ਨਾਲ ਹਰਾ ਦਿੱਤਾ। ਇਸ ਇੱਕਪਾਸੜ ਮੁਕਾਬਲੇ ਵਿੱਚ ਸਟਰਾਈਕਰ ਦੀਪਿਕਾ ਸਹਿਰਾਵਤ (22) ਨੇ 8 ਗੋਲ ਦਾਗ਼ ਕੇ ਨਵਾਂ ਰਿਕਾਰਡ ਬਣਾਇਆ। ਇਹ ਏਸ਼ਿਆਈ ਖੇਡਾਂ ਦੇ ਕਿਸੇ ਮੈਚ ਵਿੱਚ ਕਿਸੇ ਭਾਰਤੀ ਖਿਡਾਰਨ ਦਾ ਸਰਵੋਤਮ ਪ੍ਰਦਰਸ਼ਨ ਹੈ। ਭਾਰਤ ਵੱਲੋਂ ਦੀਪਿਕਾ ਤੋਂ ਇਲਾਵਾ ਇਸ਼ਿਕਾ ਚੌਧਰੀ ਨੇ ਤਿੰਨ, ਨਵਨੀਤ ਕੌਰ ਅਤੇ ਲਾਲਥਾਂਤਲੁਆਂਗੀ ਨੇ ਦੋ-ਦੋ, ਜਦਕਿ ਲਾਲਰੇਮਸਿਆਮੀ, ਬਲਜੀਤ ਕੌਰ, ਨੇਹਾ ਅਤੇ ਸਾਕਸ਼ੀ ਰਾਣਾ ਨੇ ਇੱਕ-ਇੱਕ ਗੋਲ ਕੀਤਾ। ਦੀਪਿਕਾ ਨੇ ਇਸ ਪ੍ਰਾਪਤੀ ਦਾ ਸਿਹਰਾ ਪੂਰੀ ਟੀਮ ਨੂੰ ਦਿੰਦਿਆਂ ਕਿਹਾ ਕਿ ਉਸ ਦਾ ਮੁੱਖ ਟੀਚਾ ਸੋਨ ਤਗ਼ਮਾ ਜਿੱਤ ਕੇ ਲਾਸ ਏਂਜਲਸ ਓਲੰਪਿਕ ਲਈ ਸਿੱਧਾ ਕੁਆਲੀਫਾਈ ਕਰਨਾ ਹੈ।

Share: